ਤਾਜਾ ਖਬਰਾਂ
ਦੇਸ਼ ਭਰ ਵਿੱਚ ਦੱਖਣ-ਪੱਛਮੀ ਮੌਨਸੂਨ ਦਾ ਪ੍ਰਭਾਵ ਤੇਜ਼ੀ ਨਾਲ ਵਧ ਰਿਹਾ ਹੈ, ਜਿਸ ਕਾਰਨ ਆਉਣ ਵਾਲੇ ਦਿਨਾਂ ਵਿੱਚ ਕਈ ਰਾਜਾਂ ਵਿੱਚ ਜਲ-ਥਲ ਹੋਣ ਦੀ ਸੰਭਾਵਨਾ ਹੈ। ਭਾਰਤੀ ਮੌਸਮ ਵਿਭਾਗ (IMD) ਦੇ ਅਨੁਸਾਰ, ਮੌਨਸੂਨ 3 ਜੁਲਾਈ ਨੂੰ ਹੋਰ ਅੱਗੇ ਵਧਦਿਆਂ ਗੁਜਰਾਤ, ਮੱਧ ਪ੍ਰਦੇਸ਼ ਦੇ ਬਾਕੀ ਹਿੱਸਿਆਂ ਅਤੇ ਰਾਜਸਥਾਨ ਤੇ ਹਰਿਆਣਾ ਦੇ ਕਈ ਨਵੇਂ ਖੇਤਰਾਂ ਨੂੰ ਆਪਣੇ ਘੇਰੇ ਵਿੱਚ ਲੈ ਚੁੱਕਾ ਹੈ। ਮੌਸਮ ਮਾਹਰਾਂ ਮੁਤਾਬਕ ਉੱਤਰ-ਪੱਛਮੀ ਬੰਗਾਲ ਦੀ ਖਾੜੀ ਉੱਤੇ ਇੱਕ ਨਵਾਂ ਘੱਟ ਦਬਾਅ ਵਾਲਾ ਖੇਤਰ (Low Pressure Area) ਬਣ ਰਿਹਾ ਹੈ, ਜਿਸ ਦੇ ਪ੍ਰਭਾਵ ਕਾਰਨ ਅਗਲੇ 4 ਤੋਂ 5 ਦਿਨਾਂ ਦਰਮਿਆਨ ਮੱਧ ਅਤੇ ਪੱਛਮੀ ਭਾਰਤ ਸਮੇਤ ਦੇਸ਼ ਦੇ ਵੱਡੇ ਹਿੱਸੇ ਵਿੱਚ ਭਾਰੀ ਤੋਂ ਬਹੁਤ ਭਾਰੀ ਬਾਰਿਸ਼ ਹੋ ਸਕਦੀ ਹੈ।
ਮੌਸਮ ਵਿਭਾਗ ਨੇ ਉੱਤਰੀ ਭਾਰਤ ਵਿੱਚ ਬਦਲ ਰਹੇ ਮੌਸਮ ਦੇ ਹਾਲਾਤ ਨੂੰ ਦੇਖਦਿਆਂ ਦੇਸ਼ ਦੇ 18 ਰਾਜਾਂ ਵਿੱਚ ਹਲਕੇ ਤੋਂ ਭਾਰੀ ਮੀਂਹ ਅਤੇ ਗਰਜ-ਤੂਫ਼ਾਨ ਦੀ ਚੇਤਾਵਨੀ ਜਾਰੀ ਕੀਤੀ ਹੈ। ਇਸ ਦੌਰਾਨ ਪ੍ਰਸ਼ਾਸਨ ਨੇ ਅਲਰਟ ਕਰਦਿਆਂ ਕਿਹਾ ਹੈ ਕਿ ਮੀਂਹ ਦੇ ਨਾਲ-ਨਾਲ 40 ਤੋਂ 70 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਝੱਖੜ/ਹਵਾਵਾਂ ਚੱਲ ਸਕਦੀਆਂ ਹਨ। ਇਸ ਦੇ ਨਾਲ ਹੀ ਰਾਜਸਥਾਨ, ਉੱਤਰ ਪ੍ਰਦੇਸ਼, ਬਿਹਾਰ, ਝਾਰਖੰਡ, ਪੱਛਮੀ ਬੰਗਾਲ, ਛੱਤੀਸਗੜ੍ਹ ਅਤੇ ਵਿਦਰਭ ਵਰਗੇ ਖੇਤਰਾਂ ਵਿੱਚ ਅਗਲੇ ਕੁਝ ਦਿਨਾਂ ਤੱਕ ਅਸਮਾਨੀ ਬਿਜਲੀ ਡਿੱਗਣ ਦਾ ਖ਼ਤਰਾ ਵੀ ਬਣਿਆ ਹੋਇਆ ਹੈ, ਜਿਸ ਕਾਰਨ ਲੋਕਾਂ ਨੂੰ ਖ਼ਰਾਬ ਮੌਸਮ ਦੌਰਾਨ ਘਰਾਂ ਅੰਦਰ ਰਹਿਣ ਦੀ ਸਲਾਹ ਦਿੱਤੀ ਗਈ ਹੈ।
ਆਈ.ਐਮ.ਡੀ. (IMD) ਦੀ ਰਿਪੋਰਟ ਮੁਤਾਬਕ 4 ਤੋਂ 6 ਜੁਲਾਈ ਦੇ ਵਿਚਕਾਰ ਕੋਂਕਣ, ਮੱਧ ਮਹਾਰਾਸ਼ਟਰ ਅਤੇ ਦੱਖਣੀ ਗੁਜਰਾਤ ਦੇ ਦੂਰ-ਦੁਰਾਡੇ ਇਲਾਕਿਆਂ ਵਿੱਚ ਬੱਦਲ ਵੜ੍ਹ ਸਕਦੇ ਹਨ। ਇਸ ਤੋਂ ਇਲਾਵਾ ਅੱਜ (4 ਜੁਲਾਈ) ਪੱਛਮੀ ਮੱਧ ਪ੍ਰਦੇਸ਼ ਅਤੇ ਓਡੀਸ਼ਾ ਵਿੱਚ ਵੀ ਮੋਹਲੇਧਾਰ ਮੀਂਹ ਪੈਣ ਦੀ ਪੂਰੀ ਸੰਭਾਵਨਾ ਜਤਾਈ ਗਈ ਹੈ। ਉੱਤਰ-ਪੂਰਬੀ ਰਾਜਾਂ ਵਿੱਚ ਵੀ ਮੌਨਸੂਨ ਪੂਰੀ ਤਰ੍ਹਾਂ ਸਰਗਰਮ ਰਹੇਗਾ।
ਮੌਸਮ ਵਿਭਾਗ ਵੱਲੋਂ ਜਿਨ੍ਹਾਂ 18 ਰਾਜਾਂ ਲਈ ਮੀਂਹ ਅਤੇ ਤੂਫ਼ਾਨ ਦਾ ਹਾਈ ਅਲਰਟ ਜਾਰੀ ਕੀਤਾ ਗਿਆ ਹੈ, ਉਨ੍ਹਾਂ ਵਿੱਚ ਸ਼ਾਮਲ ਹਨ:
ਉੱਤਰੀ ਅਤੇ ਪੱਛਮੀ ਭਾਰਤ: ਪੰਜਾਬ, ਹਰਿਆਣਾ, ਦਿੱਲੀ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਜੰਮੂ-ਕਸ਼ਮੀਰ, ਰਾਜਸਥਾਨ ਅਤੇ ਉੱਤਰ ਪ੍ਰਦੇਸ਼।
ਮੱਧ ਅਤੇ ਪੂਰਬੀ ਭਾਰਤ: ਮੱਧ ਪ੍ਰਦੇਸ਼, ਬਿਹਾਰ, ਓਡੀਸ਼ਾ, ਝਾਰਖੰਡ ਅਤੇ ਪੱਛਮੀ ਬੰਗਾਲ।
ਪੱਛਮੀ ਅਤੇ ਦੱਖਣੀ ਭਾਰਤ: ਗੁਜਰਾਤ, ਮਹਾਰਾਸ਼ਟਰ ਅਤੇ ਕੇਰਲ।
ਉੱਤਰ-ਪੂਰਬੀ ਖੇਤਰ: ਸਿੱਕਮ ਅਤੇ ਨਾਗਾਲੈਂਡ।
ਪ੍ਰਸ਼ਾਸਨ ਨੇ ਇਨ੍ਹਾਂ ਸਾਰੇ ਰਾਜਾਂ ਦੇ ਸਥਾਨਕ ਨਿਕਾਏ ਅਤੇ ਆਫ਼ਤ ਪ੍ਰਬੰਧਨ ਟੀਮਾਂ (Emergency Services) ਨੂੰ ਹਾਈ ਅਲਰਟ 'ਤੇ ਰਹਿਣ ਦੇ ਨਿਰਦੇਸ਼ ਦਿੱਤੇ ਹਨ ਤਾਂ ਜੋ ਜਲ-ਥਲ ਦੀ ਸਥਿਤੀ ਵਿੱਚ ਨਿਪਟਿਆ ਜਾ ਸਕੇ।
Get all latest content delivered to your email a few times a month.