IMG-LOGO
ਹੋਮ ਪੰਜਾਬ: ਆਬਜ਼ਰਵਰਾਂ ਦੇ ਫੀਡਬੈਕ 'ਤੇ ਫਿਰਿਆ ਪਾਣੀ? ਬਾਗੀ ਆਗੂਆਂ ਦੀ ਹੰਗਾਮੀ...

ਆਬਜ਼ਰਵਰਾਂ ਦੇ ਫੀਡਬੈਕ 'ਤੇ ਫਿਰਿਆ ਪਾਣੀ? ਬਾਗੀ ਆਗੂਆਂ ਦੀ ਹੰਗਾਮੀ ਬੈਠਕ ਤੋਂ ਬਾਅਦ ਦਿੱਲੀ ਦਰਬਾਰ ਦੇ ਫੈਸਲੇ 'ਤੇ ਉੱਠੇ ਸਵਾਲ

Admin User - Jul 04, 2026 10:05 AM
IMG

ਵਿਧਾਨ ਸਭਾ ਚੋਣਾਂ 2027 ਦੇ ਨੇੜੇ ਆਉਂਦਿਆਂ ਹੀ ਪੰਜਾਬ ਕਾਂਗਰਸ ਅੰਦਰਲਾ ਅੰਦਰੂਨੀ ਕਲੇਸ਼ ਪੂਰੀ ਤਰ੍ਹਾਂ ਸੜਕਾਂ 'ਤੇ ਆ ਗਿਆ ਹੈ। ਕਾਂਗਰਸ ਹਾਈਕਮਾਨ ਵੱਲੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਸੂਬਾ ਪ੍ਰਧਾਨ ਦੇ ਅਹੁਦੇ 'ਤੇ ਬਰਕਰਾਰ ਰੱਖਣ ਦਾ ਫੈਸਲਾ ਪਾਰਟੀ ਲਈ ਵੱਡੀ ਮੁਸੀਬਤ ਬਣਦਾ ਨਜ਼ਰ ਆ ਰਿਹਾ ਹੈ। ਹਾਈਕਮਾਨ ਦੇ ਇਸ ਫੈਸਲੇ ਖ਼ਿਲਾਫ਼ ਸਾਬਕਾ ਮੁੱਖ ਮੰਤਰੀ ਅਤੇ ਮੌਜੂਦਾ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਦੇ ਧੜੇ ਨੇ ਬਗਾਵਤ ਦਾ ਝੰਡਾ ਬੁਲੰਦ ਕਰ ਦਿੱਤਾ ਹੈ। ਬੀਤੇ ਦਿਨ ਚੰਨੀ ਦੀ ਮੋਰਿੰਡਾ ਰਿਹਾਇਸ਼ ਵਿਖੇ ਕਾਂਗਰਸ ਦੇ ਕਈ ਸੀਨੀਅਰ ਵਿਧਾਇਕਾਂ ਅਤੇ ਸਾਬਕਾ ਮੰਤਰੀਆਂ ਸਣੇ 50 ਤੋਂ ਵੱਧ ਪ੍ਰਮੁੱਖ ਆਗੂਆਂ ਨੇ ਇੱਕ ਹੰਗਾਮੀ ਬੈਠਕ ਕੀਤੀ, ਜਿਸ ਵਿੱਚ ਦਿੱਲੀ ਦਰਬਾਰ ਦੇ ਇਸ ਫੈਸਲੇ 'ਤੇ ਤਿੱਖਾ ਰੋਸ ਪ੍ਰਗਟਾਇਆ ਗਿਆ।


ਜ਼ਿਕਰਯੋਗ ਹੈ ਕਿ ਚੋਣਾਂ ਦੀ ਰਣਨੀਤੀ ਤਹਿਤ ਕਾਂਗਰਸ ਹਾਈਕਮਾਨ ਨੇ ਪੰਜਾਬ ਲਈ ਨਵੀਂ ਸੂਚੀ ਜਾਰੀ ਕੀਤੀ ਸੀ। ਇਸ ਤਹਿਤ ਚਰਨਜੀਤ ਸਿੰਘ ਚੰਨੀ ਨੂੰ ਚੋਣ ਪ੍ਰਚਾਰ ਕਮੇਟੀ (Campaign Committee) ਦਾ ਮੁਖੀ, ਸੁਖਜਿੰਦਰ ਸਿੰਘ ਰੰਧਾਵਾ ਨੂੰ ਕੋਰ ਕਮੇਟੀ ਦਾ ਚੇਅਰਮੈਨ, ਵਿਜੇ ਇੰਦਰ ਸਿੰਗਲਾ ਨੂੰ ਚੋਣ ਪ੍ਰਬੰਧਨ ਅਤੇ ਅਮਰ ਸਿੰਘ ਨੂੰ ਮੈਨੀਫੈਸਟੋ ਕਮੇਟੀ ਦੀ ਕਮਾਨ ਸੌਂਪੀ ਗਈ ਸੀ। ਹਾਲਾਂਕਿ, ਅਸਲ ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ ਰਾਜਾ ਵੜਿੰਗ ਨੂੰ ਪ੍ਰਧਾਨਗੀ ਅਤੇ ਪ੍ਰਤਾਪ ਸਿੰਘ ਬਾਜਵਾ ਨੂੰ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਦੇ ਅਹੁਦੇ 'ਤੇ ਬਰਕਰਾਰ ਰੱਖਿਆ ਗਿਆ। ਪਾਰਟੀ ਦੇ ਵੱਡੇ ਧੜੇ ਦਾ ਮੰਨਣਾ ਹੈ ਕਿ ਇਹ ਫੈਸਲਾ ਪੰਜਾਬ ਕਾਂਗਰਸ ਦੇ ਹਿੱਤ ਵਿੱਚ ਨਹੀਂ ਹੈ।


ਸੂਤਰਾਂ ਮੁਤਾਬਕ ਪੰਜਾਬ ਕਾਂਗਰਸ ਦੀ ਜ਼ਮੀਨੀ ਹਕੀਕਤ ਜਾਣਨ ਲਈ ਹਾਈਕਮਾਨ ਨੇ ਤਿੰਨ ਵਿਸ਼ੇਸ਼ ਆਬਜ਼ਰਵਰ—ਮੀਨਾਕਸ਼ੀ ਨਟਰਾਜਨ, ਅਜੇ ਮਾਕਨ ਅਤੇ ਭਜਨ ਲਾਲ ਜਾਟਵ ਨਿਯੁਕਤ ਕੀਤੇ ਸਨ। ਇਨ੍ਹਾਂ ਆਬਜ਼ਰਵਰਾਂ ਨੇ ਪੰਜਾਬ ਦੇ ਮੌਜੂਦਾ ਤੇ ਸਾਬਕਾ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਨਾਲ ਕਈ ਦੌਰ ਦੀਆਂ ਬੈਠਕਾਂ ਕਰਕੇ ਇੱਕ ਗੁਪਤ ਫੀਡਬੈਕ ਰਿਪੋਰਟ ਦਿੱਲੀ ਸੌਂਪੀ ਸੀ। ਹੁਣ ਨਾਰਾਜ਼ ਆਗੂਆਂ ਵੱਲੋਂ ਇਹ ਸਵਾਲ ਚੁੱਕੇ ਜਾ ਰਹੇ ਹਨ ਕਿ ਜੇਕਰ ਬਹੁਗਿਣਤੀ ਲੀਡਰਸ਼ਿਪ ਬਦਲਾਅ ਚਾਹੁੰਦੀ ਸੀ, ਤਾਂ ਕੀ ਹਾਈਕਮਾਨ ਨੇ ਆਬਜ਼ਰਵਰਾਂ ਦੀ ਰਿਪੋਰਟ ਨੂੰ ਦਰਕਿਨਾਰ ਕਰਕੇ ਆਪਣਾ ਮਨਮਰਜ਼ੀ ਦਾ ਫੈਸਲਾ ਥੋਪਿਆ ਹੈ?


ਨਵੀਂ ਟੀਮ ਦੇ ਐਲਾਨ ਤੋਂ ਬਾਅਦ ਧਾਰੀ ਚੁੱਪ ਨੂੰ ਤੋੜਦਿਆਂ ਚਰਨਜੀਤ ਸਿੰਘ ਚੰਨੀ ਨੇ ਸ਼ੁੱਕਰਵਾਰ ਨੂੰ ਆਪਣੇ ਸਮਰਥਕਾਂ ਦੀ ਤਾਕਤ ਦਾ ਵੱਡਾ ਪ੍ਰਦਰਸ਼ਨ ਕੀਤਾ। ਇਸ ਹਾਈ-ਪ੍ਰੋਫਾਈਲ ਬੈਠਕ ਵਿੱਚ ਸਾਬਕਾ ਉਪ-ਮੁੱਖ ਮੰਤਰੀ ਓ.ਪੀ. ਸੋਨੀ, ਸਾਬਕਾ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਰਾਣਾ ਗੁਰਜੀਤ ਸਿੰਘ, ਭਾਰਤ ਭੂਸ਼ਣ ਆਸ਼ੂ, ਗੁਰਕੀਰਤ ਸਿੰਘ ਕੋਟਲੀ, ਸਾਬਕਾ ਵਿਧਾਇਕ ਗੁਰਪ੍ਰੀਤ ਸਿੰਘ ਕਾਂਗੜ ਅਤੇ ਕਾਲਾ ਢਿੱਲੋਂ ਸਣੇ 3 ਮੌਜੂਦਾ ਵਿਧਾਇਕ, 25 ਸਾਬਕਾ ਵਿਧਾਇਕ ਅਤੇ ਕਈ ਸੰਗਠਨ ਮੈਂਬਰ ਸ਼ਾਮਲ ਹੋਏ।


ਬੈਠਕ ਤੋਂ ਬਾਅਦ ਬਾਗੀ ਸੁਰ ਅਖ਼ਤਿਆਰ ਕਰਦਿਆਂ ਇਨ੍ਹਾਂ ਆਗੂਆਂ ਨੇ ਸਪੱਸ਼ਟ ਕੀਤਾ ਕਿ ਉਹ ਹਾਈਕਮਾਨ ਦੇ ਮੌਜੂਦਾ ਫੈਸਲੇ ਤੋਂ ਰੇਸ਼ ਭਰ ਵੀ ਸੰਤੁਸ਼ਟ ਨਹੀਂ ਹਨ। ਇੱਕਜੁੱਟ ਹੋਏ ਆਗੂਆਂ ਨੇ ਐਲਾਨ ਕੀਤਾ ਕਿ ਉਹ ਜਲਦ ਹੀ ਦਿੱਲੀ ਜਾ ਕੇ ਹਾਈਕਮਾਨ ਤੱਕ ਪਹੁੰਚ ਕਰਨਗੇ ਅਤੇ ਸੂਬਾ ਪ੍ਰਧਾਨ ਦੇ ਅਹੁਦੇ 'ਤੇ ਪੁਨਰ-ਵਿਚਾਰ (Review) ਕਰਨ ਲਈ ਦਬਾਅ ਪਾਉਣਗੇ। ਸਿਆਸੀ ਮਾਹਰਾਂ ਮੁਤਾਬਕ ਜੇਕਰ ਹਾਈਕਮਾਨ ਨੇ ਇਸ ਨਾਰਾਜ਼ਗੀ ਨੂੰ ਜਲਦੀ ਨਾ ਸੰਭਾਲਿਆ, ਤਾਂ 2027 ਦੀਆਂ ਚੋਣਾਂ ਤੋਂ ਪਹਿਲਾਂ ਪੰਜਾਬ ਕਾਂਗਰਸ ਦੋਫਾੜ ਹੋ ਸਕਦੀ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.