IMG-LOGO
ਹੋਮ ਰਾਸ਼ਟਰੀ: 20% ਇਥੇਨੌਲ ਮਿਸ਼ਰਿਤ ਪੈਟਰੋਲ ਨੂੰ ਲੈ ਕੇ ਕੇਜਰੀਵਾਲ ਦਾ ਮੋਦੀ...

20% ਇਥੇਨੌਲ ਮਿਸ਼ਰਿਤ ਪੈਟਰੋਲ ਨੂੰ ਲੈ ਕੇ ਕੇਜਰੀਵਾਲ ਦਾ ਮੋਦੀ ਸਰਕਾਰ 'ਤੇ ਹਮਲਾ, ਕਿਹਾ- ਦੇਸ਼ ਨੂੰ ਬਣਾਇਆ ਜਾ ਰਿਹਾ ਹੈ ਪ੍ਰਯੋਗਸ਼ਾਲਾ

Admin User - Jul 03, 2026 05:09 PM
IMG

ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕੇਂਦਰ ਸਰਕਾਰ ਵੱਲੋਂ ਈ-20 (20 ਫੀਸਦੀ ਇਥੇਨੌਲ ਮਿਸ਼ਰਿਤ) ਪੈਟਰੋਲ ਨੂੰ ਲਾਗੂ ਕਰਨ ਦੇ ਫੈਸਲੇ ਦੀ ਤਿੱਖੀ ਆਲੋਚਨਾ ਕੀਤੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਮੋਦੀ ਸਰਕਾਰ ਪੂਰੇ ਦੇਸ਼ ਨੂੰ ਇੱਕ "ਪ੍ਰਯੋਗਸ਼ਾਲਾ" ਵਾਂਗ ਵਰਤ ਰਹੀ ਹੈ ਅਤੇ ਬਿਨਾਂ ਵਿਆਪਕ ਜਾਂਚ-ਪੜਤਾਲ ਦੇ ਲੋਕਾਂ 'ਤੇ ਈ-20 ਪੈਟਰੋਲ ਥੋਪਿਆ ਜਾ ਰਿਹਾ ਹੈ। ਕੇਜਰੀਵਾਲ ਨੇ ਕਿਹਾ ਕਿ ਜੇਕਰ ਇਹ ਸਿਰਫ਼ ਇੱਕ ਪ੍ਰਯੋਗ ਸੀ ਤਾਂ ਪਹਿਲਾਂ ਇਸ ਨੂੰ ਸੀਮਿਤ ਗਿਣਤੀ ਦੀਆਂ ਗੱਡੀਆਂ 'ਤੇ ਅਜ਼ਮਾਇਆ ਜਾਣਾ ਚਾਹੀਦਾ ਸੀ, ਨਾ ਕਿ ਪੂਰੇ ਦੇਸ਼ ਵਿੱਚ ਲਾਗੂ ਕੀਤਾ ਜਾਣਾ ਚਾਹੀਦਾ ਸੀ।

ਉਨ੍ਹਾਂ ਸੁਪਰੀਮ ਕੋਰਟ ਵਿੱਚ ਅਟਾਰਨੀ ਜਨਰਲ ਵੱਲੋਂ ਦਿੱਤੀ ਗਈ ਦਲੀਲ ਦਾ ਹਵਾਲਾ ਦਿੰਦਿਆਂ ਦਾਅਵਾ ਕੀਤਾ ਕਿ ਕੇਂਦਰ ਨੇ ਪਹਿਲਾਂ ਇਸ ਨੂੰ "ਐਕਸਪੈਰੀਮੈਂਟ" ਦੱਸਿਆ, ਪਰ ਬਾਅਦ ਵਿੱਚ ਆਪਣੇ ਹੀ ਬਿਆਨ ਤੋਂ ਪਿੱਛੇ ਹਟ ਗਈ। ਕੇਜਰੀਵਾਲ ਨੇ ਕਿਹਾ ਕਿ ਲੋਕਾਂ ਵੱਲੋਂ ਈ-20 ਪੈਟਰੋਲ ਕਾਰਨ ਗੱਡੀਆਂ ਦੀ ਮਾਈਲੇਜ ਘਟਣ, ਇੰਜਣ ਅਤੇ ਪਾਰਟਸ ਨੂੰ ਨੁਕਸਾਨ ਪਹੁੰਚਣ ਵਰਗੀਆਂ ਸ਼ਿਕਾਇਤਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਦਾਅਵਾ ਕੀਤਾ ਕਿ ਜੇ ਮਾਈਲੇਜ ਵਿੱਚ ਕਰੀਬ 30 ਫੀਸਦੀ ਦੀ ਕਮੀ ਆ ਰਹੀ ਹੈ ਤਾਂ ਇਥੇਨੌਲ ਮਿਸ਼ਰਿਤ ਪੈਟਰੋਲ ਦੀ ਕੀਮਤ ਵੀ ਉਸੇ ਅਨੁਪਾਤ ਵਿੱਚ ਘੱਟ ਹੋਣੀ ਚਾਹੀਦੀ ਹੈ।

ਕੇਜਰੀਵਾਲ ਨੇ ਕਿਹਾ ਕਿ ਜੇ ਲੋਕਾਂ ਦੀਆਂ ਗੱਡੀਆਂ ਨੂੰ ਨੁਕਸਾਨ ਹੋ ਰਿਹਾ ਹੈ ਤਾਂ ਸਰਕਾਰ ਨੂੰ ਇਸ ਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ ਅਤੇ ਪ੍ਰਭਾਵਿਤ ਲੋਕਾਂ ਨੂੰ ਮੁਆਵਜ਼ਾ ਦੇਣਾ ਚਾਹੀਦਾ ਹੈ। ਉਨ੍ਹਾਂ ਐਲਾਨ ਕੀਤਾ ਕਿ ਉਹ ਜਲਦ ਹੀ ਇਸ ਮਾਮਲੇ 'ਤੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖਣਗੇ ਅਤੇ ਲੋਕਾਂ ਤੋਂ ਵੀ ਸੁਝਾਅ ਮੰਗੇ ਹਨ ਕਿ ਇਸ ਚਿੱਠੀ ਵਿੱਚ ਕਿਹੜੇ ਮੁੱਦੇ ਸ਼ਾਮਲ ਕੀਤੇ ਜਾਣ। ਉਨ੍ਹਾਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਲੋਕਾਂ ਦੀਆਂ ਚਿੰਤਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਈ-20 ਪੈਟਰੋਲ ਸਬੰਧੀ ਫੈਸਲੇ 'ਤੇ ਮੁੜ ਵਿਚਾਰ ਕੀਤਾ ਜਾਵੇ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.