ਤਾਜਾ ਖਬਰਾਂ
ਪੰਜਾਬ ਕਾਂਗਰਸ ਅੰਦਰ ਚੱਲ ਰਹੇ ਅੰਦਰੂਨੀ ਕਲੇਸ਼ ਅਤੇ ਉਥਲ-ਪੁਥਲ ਦੇ ਵਿਚਕਾਰ, ਸੀਨੀਅਰ ਕਾਂਗਰਸੀ ਆਗੂ ਅਤੇ ਰਾਜਸਥਾਨ ਕਾਂਗਰਸ ਦੇ ਇੰਚਾਰਜ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਸ਼ੁੱਕਰਵਾਰ ਨੂੰ ਨਵੀਂ ਦਿੱਲੀ ਵਿਖੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਗਈ। ਇਸ ਹਾਈ-ਪ੍ਰੋਫਾਈਲ ਮੁਲਾਕਾਤ ਤੋਂ ਬਾਅਦ ਪੰਜਾਬ ਦੀ ਸਿਆਸਤ ਵਿੱਚ ਦਲ-ਬਦਲੀ ਦੀਆਂ ਅਫ਼ਵਾਹਾਂ ਦਾ ਬਾਜ਼ਾਰ ਗਰਮ ਹੋ ਗਿਆ ਸੀ। ਹਾਲਾਂਕਿ, ਕੇਂਦਰੀ ਮੰਤਰੀ ਨਾਲ ਬੈਠਕ ਖ਼ਤਮ ਹੋਣ ਤੋਂ ਤੁਰੰਤ ਬਾਅਦ ਰੰਧਾਵਾ ਨੇ ਮੀਡੀਆ ਸਾਹਮਣੇ ਆ ਕੇ ਇਨ੍ਹਾਂ ਸਾਰੀਆਂ ਕਿਆਸਅਰਾਈਆਂ 'ਤੇ ਪੂਰੀ ਤਰ੍ਹਾਂ ਵਿਰਾਮ ਲਗਾ ਦਿੱਤਾ ਹੈ।
ਮੀਡੀਆ ਨਾਲ ਗੱਲਬਾਤ ਕਰਦਿਆਂ ਸੁਖਜਿੰਦਰ ਸਿੰਘ ਰੰਧਾਵਾ ਨੇ ਸਾਫ਼ ਕੀਤਾ ਕਿ ਉਨ੍ਹਾਂ ਦੀ ਕੇਂਦਰੀ ਗ੍ਰਹਿ ਮੰਤਰੀ ਨਾਲ ਇਹ ਮੁਲਾਕਾਤ ਪਹਿਲਾਂ ਤੋਂ ਹੀ ਤੈਅ ਸੀ। ਉਨ੍ਹਾਂ ਕਿਹਾ, "ਮੇਰੀ ਮੁਲਾਕਾਤ ਸਿਰਫ਼ ਮੇਰੇ ਸਰਹੱਦੀ ਹਲਕੇ (ਗੁਰਦਾਸਪੁਰ) ਅਤੇ ਪੰਜਾਬ ਦੀ ਅਮਨ-ਕਾਨੂੰਨ ਤੇ ਸੁਰੱਖਿਆ ਦੀ ਸਥਿਤੀ ਨੂੰ ਲੈ ਕੇ ਸੀ।" ਭਾਜਪਾ ਵਿੱਚ ਸ਼ਾਮਲ ਹੋਣ ਦੀਆਂ ਚਰਚਾਵਾਂ ਨੂੰ ਨਕਾਰਦਿਆਂ ਰੰਧਾਵਾ ਨੇ ਕਿਹਾ ਕਿ ਉਹ ਇਸ ਵੇਲੇ ਕਾਂਗਰਸ ਵਿੱਚ ਜਿਸ ਜ਼ਿੰਮੇਵਾਰ ਅਹੁਦੇ 'ਤੇ ਬੈਠੇ ਹਨ, ਉੱਥੇ ਰਹਿੰਦਿਆਂ ਉਹ ਕਿਸੇ ਹੋਰ ਪਾਰਟੀ ਬਾਰੇ ਸੋਚ ਵੀ ਨਹੀਂ ਸਕਦੇ। ਉਨ੍ਹਾਂ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਹਾਲੇ ਕਾਂਗਰਸ ਅੰਦਰ ਇੰਨੇ ਵੀ ਮਾੜੇ ਹਾਲਾਤ ਨਹੀਂ ਆਏ ਹਨ ਕਿ ਦੂਜੀ ਪਾਰਟੀ ਵਿੱਚ ਜਾਣ ਬਾਰੇ ਵਿਚਾਰ ਕੀਤਾ ਜਾਵੇ।
ਕਾਂਗਰਸ ਹਾਈਕਮਾਨ ਵੱਲੋਂ ਪੰਜਾਬ ਵਿੱਚ ਨਵੇਂ ਅਹੁਦਿਆਂ ਦੀ ਵੰਡ ਨੂੰ ਲੈ ਕੇ ਪੈਦਾ ਹੋਈ ਨਾਰਾਜ਼ਗੀ 'ਤੇ ਬੋਲਦਿਆਂ ਰੰਧਾਵਾ ਨੇ ਮੰਨਿਆ ਕਿ ਪਾਰਟੀ ਵਿੱਚ ਏਨੀਆਂ ਅਹਿਮ ਮੀਟਿੰਗਾਂ ਹੋਣ ਤੋਂ ਬਾਅਦ ਅਜਿਹੀ ਨੌਬਤ (ਕਲੇਸ਼ ਦੀ) ਨਹੀਂ ਆਉਣੀ ਚਾਹੀਦੀ ਸੀ। ਜ਼ਿਕਰਯੋਗ ਹੈ ਕਿ ਰੰਧਾਵਾ ਨੂੰ ਸੂਬਾ ਪ੍ਰਧਾਨ ਬਣਾਉਣ ਦੀ ਬਜਾਏ ਕੋਰ ਕਮੇਟੀ ਦਾ ਚੇਅਰਮੈਨ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਚੋਣ ਪ੍ਰਚਾਰ ਕਮੇਟੀ (Campaign Committee) ਦਾ ਚੇਅਰਮੈਨ ਲਗਾਇਆ ਗਿਆ ਹੈ, ਜਿਸ ਕਾਰਨ ਦੋਵੇਂ ਆਗੂ ਅਸੰਤੁਸ਼ਟ ਦੱਸੇ ਜਾ ਰਹੇ ਹਨ।
ਜਦੋਂ ਰੰਧਾਵਾ ਕੋਲੋਂ ਚਰਨਜੀਤ ਸਿੰਘ ਚੰਨੀ ਵੱਲੋਂ ਮੋਰਿੰਡਾ ਵਿਖੇ ਸਮਰਥਕਾਂ ਦੀ ਬੁਲਾਈ ਹੰਗਾਮੀ ਬੈਠਕ ਅਤੇ ਬਗਾਵਤੀ ਸੁਰਾਂ ਬਾਰੇ ਸਵਾਲ ਪੁੱਛਿਆ ਗਿਆ, ਤਾਂ ਉਨ੍ਹਾਂ ਨੇ ਬੜੀ ਚਲਾਕੀ ਨਾਲ ਪਾਸਾ ਵੱਟਦਿਆਂ ਕਿਹਾ, "ਇਸ ਨਾਰਾਜ਼ਗੀ ਅਤੇ ਮੀਟਿੰਗ ਦੇ ਮਕਸਦ ਬਾਰੇ ਤਾਂ ਚੰਨੀ ਹੀ ਸਹੀ ਜਵਾਬ ਦੇ ਸਕਦੇ ਹਨ।" ਫਿਲਹਾਲ ਰੰਧਾਵਾ ਦੇ ਇਸ ਬਿਆਨ ਨੇ ਕਾਂਗਰਸ ਹਾਈਕਮਾਨ ਨੂੰ ਵੱਡੀ ਰਾਹਤ ਦਿੱਤੀ ਹੈ, ਪਰ ਸੂਬਾਈ ਲੀਡਰਸ਼ਿਪ ਵਿਚਾਲੇ ਤਕਰਾਰ ਅਜੇ ਵੀ ਬਰਕਰਾਰ ਹੈ।
Get all latest content delivered to your email a few times a month.