ਤਾਜਾ ਖਬਰਾਂ
ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਆਉਂਦੀ 17 ਜੁਲਾਈ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪ੍ਰਸਤਾਵਿਤ ਚੰਡੀਗੜ੍ਹ ਦੌਰੇ ਨੂੰ ਲੈ ਕੇ ਤਿਆਰੀਆਂ ਵੱਡੇ ਪੱਧਰ 'ਤੇ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਹਾਲਾਂਕਿ ਇਸ ਸਬੰਧੀ ਅਜੇ ਤੱਕ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ, ਪਰ ਸੂਤਰਾਂ ਮੁਤਾਬਕ ਪ੍ਰਧਾਨ ਮੰਤਰੀ ਆਪਣੇ ਇਸ ਦੌਰੇ ਦੌਰਾਨ ਸਿਹਤ, ਸਿੱਖਿਆ, ਰੇਲਵੇ ਅਤੇ ਹਵਾਨਬਾਜ਼ੀ ਖੇਤਰ ਨਾਲ ਜੁੜੇ ਕਈ ਅਹਿਮ ਪ੍ਰੋਜੈਕਟਾਂ ਦਾ ਉਦਘਾਟਨ ਕਰਕੇ ਉਨ੍ਹਾਂ ਨੂੰ ਜਨਤਾ ਸਮਰਪਿਤ ਕਰਨਗੇ। ਚੰਡੀਗੜ੍ਹ ਤੋਂ ਬਾਅਦ ਉਨ੍ਹਾਂ ਦਾ ਹਰਿਆਣਾ ਜਾਣ ਦਾ ਵੀ ਪ੍ਰੋਗਰਾਮ ਹੋ ਸਕਦਾ ਹੈ।
ਪ੍ਰਧਾਨ ਮੰਤਰੀ ਦੇ ਇਸ ਦੌਰੇ ਦੌਰਾਨ ਸਿਹਤ ਖੇਤਰ ਨੂੰ ਵੱਡਾ ਹੁਲਾਰਾ ਮਿਲਣ ਦੀ ਉਮੀਦ ਹੈ। ਪੀਜੀਆਈ (PGI) ਵਿਖੇ ਲਗਭਗ ₹495 ਕਰੋੜ ਦੀ ਲਾਗਤ ਨਾਲ ਤਿਆਰ ਹੋਇਆ 300 ਬਿਸਤਰਿਆਂ ਵਾਲਾ ਅਡਵਾਂਸਡ ਆਈ ਐਂਡ ਟਰਾਮਾ ਸੈਂਟਰ ਉਦਘਾਟਨ ਲਈ ਬਿਲਕੁਲ ਤਿਆਰ ਹੈ। ਇਸ ਹਸਪਤਾਲ ਵਿੱਚ ਅਤਿ-ਆਧੁਨਿਕ ਕਲੀਨਿਕਲ ਲੈਬ, ਈਐਨਟੀ (ENT) ਵਿਭਾਗ, ਮਿੰਨੀ ਡੈਂਟਲ ਸੈਂਟਰ ਅਤੇ ਫੈਕਲਟੀ ਰੂਮ ਵਰਗੀਆਂ ਆਧੁਨਿਕ ਸਹੂਲਤਾਂ ਸ਼ਾਮਲ ਹਨ। ਇਸ ਤੋਂ ਇਲਾਵਾ, ₹485 ਕਰੋੜ ਦੀ ਲਾਗਤ ਵਾਲੇ 300 ਬਿਸਤਰਿਆਂ ਦੇ 'ਮਦਰ ਐਂਡ ਚਾਈਲਡ ਬਲਾਕ ਸੈਂਟਰ' ਦਾ ਪ੍ਰੋਜੈਕਟ ਵੀ ਇਸ ਯੋਜਨਾ ਦਾ ਹਿੱਸਾ ਹੈ।
ਸਿਹਤ ਸਹੂਲਤਾਂ ਦੇ ਨਾਲ-ਨਾਲ ਚੰਡੀਗੜ੍ਹ ਦੇ ਬੁਨਿਆਦੀ ਢਾਂਚੇ ਦਾ ਵੀ ਕਾਇਆਕਲਪ ਹੋਣ ਜਾ ਰਿਹਾ ਹੈ। ਪ੍ਰਧਾਨ ਮੰਤਰੀ ਵੱਲੋਂ ₹117 ਕਰੋੜ ਦੀ ਲਾਗਤ ਨਾਲ ਅਪਗ੍ਰੇਡ ਕੀਤੇ ਗਏ ਚੰਡੀਗੜ੍ਹ ਰੇਲਵੇ ਸਟੇਸ਼ਨ ਦਾ ਉਦਘਾਟਨ ਵੀ ਸੰਭਾਵਿਤ ਹੈ, ਜਿਸ ਵਿੱਚ ਸਿਟੀ ਸੈਂਟਰ ਕੈਪਸੂਲ ਸਮੇਤ ਕਈ ਵਿਸ਼ਵ-ਪੱਧਰੀ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ। ਉੱਥੇ ਹੀ ਪੰਜਾਬ ਯੂਨੀਵਰਸਿਟੀ ਵਿਖੇ ਅਕਾਦਮਿਕ ਕਾਨਫਰੰਸਾਂ, ਕਨਵੋਕੇਸ਼ਨ ਅਤੇ ਸੱਭਿਆਚਾਰਕ ਸਮਾਗਮਾਂ ਲਈ 2,400 ਸੀਟਾਂ ਦੀ ਸਮਰੱਥਾ ਵਾਲਾ ਇੱਕ ਅਤਿ-ਆਧੁਨਿਕ ਆਡੀਟੋਰੀਅਮ ਵੀ ਤਿਆਰ ਕੀਤਾ ਗਿਆ ਹੈ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਮੁੱਖ ਸਮਾਗਮ ਸੈਕਟਰ-12 ਸਥਿਤ ਪੰਜਾਬ ਇੰਜੀਨੀਅਰਿੰਗ ਕਾਲਜ (PEC) ਦੇ ਕੈਂਪਸ ਵਿੱਚ ਕਰਵਾਇਆ ਜਾ ਸਕਦਾ ਹੈ। ਪ੍ਰਸ਼ਾਸਨ ਅਤੇ ਸੁਰੱਖਿਆ ਏਜੰਸੀਆਂ ਨੇ ਮਿਲ ਕੇ ਸੁਰੱਖਿਆ ਅਤੇ ਹੋਰ ਇੰਤਜ਼ਾਮਾਂ ਦੀ ਸਮੀਖਿਆ ਸ਼ੁਰੂ ਕਰ ਦਿੱਤੀ ਹੈ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ 3 ਦਸੰਬਰ 2024 ਨੂੰ ਚੰਡੀਗੜ੍ਹ ਆਏ ਸਨ, ਜਦੋਂ ਉਨ੍ਹਾਂ ਨੇ ਪੈਕ (PEC) ਕੈਂਪਸ ਤੋਂ ਹੀ ਤਿੰਨ ਨਵੇਂ ਅਪਰਾਧਿਕ ਕਾਨੂੰਨਾਂ ਨੂੰ ਦੇਸ਼ ਨੂੰ ਸਮਰਪਿਤ ਕੀਤਾ ਸੀ। ਜੇਕਰ ਇਸ ਪ੍ਰਸਤਾਵਿਤ ਦੌਰੇ ਨੂੰ ਅੰਤਿਮ ਹਰੀ ਝੰਡੀ ਮਿਲਦੀ ਹੈ, ਤਾਂ ਇਹ ਦੌਰਾ ਚੰਡੀਗੜ੍ਹ ਦੇ ਸਰਵਪੱਖੀ ਵਿਕਾਸ ਲਈ ਇੱਕ ਨਵਾਂ ਮੀਲ ਪੱਥਰ ਸਾਬਤ ਹੋਵੇਗਾ।
Get all latest content delivered to your email a few times a month.