ਤਾਜਾ ਖਬਰਾਂ
ਮਾਨਸਾ ਸ਼ਹਿਰ ਤੋਂ ਇੱਕ ਬੇਹੱਦ ਮੰਦਭਾਗੀ ਅਤੇ ਦਿਲ ਕੰਬਾਊ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇੱਕ ਮਾਂ ਵੱਲੋਂ ਆਪਣੇ ਹੀ ਤਿੰਨ ਨਾਬਾਲਗ ਬੱਚਿਆਂ ਦਾ ਬੇਰਹਿਮੀ ਨਾਲ ਕਤਲ ਕਰਨ ਤੋਂ ਬਾਅਦ ਖ਼ੁਦ ਵੀ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਗਈ। ਇਸ ਖ਼ੌਫ਼ਨਾਕ ਘਟਨਾ ਤੋਂ ਬਾਅਦ ਪੂਰੇ ਇਲਾਕੇ ਵਿੱਚ ਮਾਤਮ ਪਸਰ ਗਿਆ ਹੈ।
ਮਿਲੀ ਜਾਣਕਾਰੀ ਅਨੁਸਾਰ, ਮ੍ਰਿਤਕ ਮਹਿਲਾ ਦੀ ਪਛਾਣ ਸੰਦੀਪ ਕੌਰ ਵਜੋਂ ਹੋਈ ਹੈ, ਜੋ ਆਪਣੇ ਪਤੀ ਦੀ ਮੌਤ ਤੋਂ ਬਾਅਦ ਪਿਛਲੇ ਚਾਰ ਸਾਲਾਂ ਤੋਂ ਆਪਣੀ ਸੱਸ ਅਤੇ ਤਿੰਨ ਬੱਚਿਆਂ ਸਮੇਤ ਇੱਕ ਕਿਰਾਏ ਦੇ ਮਕਾਨ ਵਿੱਚ ਰਹਿ ਰਹੀ ਸੀ। ਪੁਲਿਸ ਦੀ ਮੁਢਲੀ ਜਾਂਚ ਮੁਤਾਬਕ, ਸੰਦੀਪ ਕੌਰ ਨੇ ਪਹਿਲਾਂ ਆਪਣੇ ਬੱਚਿਆਂ ਨੂੰ ਕੋਈ ਜ਼ਹਿਰੀਲੀ ਚੀਜ਼ ਖੁਆਈ ਅਤੇ ਬਾਅਦ ਵਿੱਚ ਉਨ੍ਹਾਂ ਦਾ ਗਲਾ ਦਬਾ ਕੇ ਮੌਤ ਦੇ ਘਾਟ ਉਤਾਰ ਦਿੱਤਾ। ਬੱਚਿਆਂ ਨੂੰ ਮਾਰਨ ਤੋਂ ਬਾਅਦ ਉਸ ਨੇ ਖ਼ੁਦ ਵੀ ਪੱਖੇ ਨਾਲ ਲਟਕ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।
ਮ੍ਰਿਤਕ ਬੱਚਿਆਂ ਦੀ ਪਛਾਣ 13 ਸਾਲਾ ਮੋਟੋ ਕੌਰ, 8 ਸਾਲਾ ਕਾਲੂ ਕੌਰ ਅਤੇ ਮਹਿਜ਼ ਡੇਢ ਸਾਲ ਦੇ ਮਾਸੂਮ ਬੱਚੇ ਵਿਸ਼ਵਾਸ ਵਜੋਂ ਹੋਈ ਹੈ। ਘਟਨਾ ਦਾ ਪਤਾ ਉਸ ਸਮੇਂ ਲੱਗਿਆ ਜਦੋਂ ਮ੍ਰਿਤਕਾ ਦਾ ਇੱਕ ਰਿਸ਼ਤੇਦਾਰ (ਬੇਟਾ) ਘਰ ਦੇ ਬਾਹਰ ਬੈਠਾ ਰੋ ਰਿਹਾ ਸੀ। ਰਿਸ਼ਤੇਦਾਰ ਰੋਸ਼ਨ ਸਿੰਘ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਅੰਦਰ ਜਾ ਕੇ ਦੇਖਿਆ ਤਾਂ ਸਭ ਦੇ ਹੋਸ਼ ਉੱਡ ਗਏ। ਉਨ੍ਹਾਂ ਤੁਰੰਤ ਸੰਦੀਪ ਕੌਰ ਦੀ ਲਾਸ਼ ਨੂੰ ਹੇਠਾਂ ਉਤਾਰਿਆ ਅਤੇ ਸਥਾਨਕ ਪੁਲਿਸ ਨੂੰ ਸੂਚਿਤ ਕੀਤਾ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਸਿਟੀ-2 ਦੀ ਪੁਲਿਸ ਟੀਮ ਮੌਕੇ 'ਤੇ ਪਹੁੰਚੀ ਅਤੇ ਚਾਰੋਂ ਲਾਸ਼ਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਜਾਂਚ ਅਧਿਕਾਰੀ ਕੁਲਵੰਤ ਸਿੰਘ ਨੇ ਦੱਸਿਆ ਕਿ ਘਟਨਾ ਦੇ ਅਸਲ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ। ਪੁਲਿਸ ਵੱਲੋਂ ਹਰ ਪਹਿਲੂ ਤੋਂ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਕਿ ਆਖ਼ਰ ਔਰਤ ਨੇ ਇੰਨਾ ਖ਼ੌਫ਼ਨਾਕ ਕਦਮ ਕਿਉਂ ਚੁੱਕਿਆ।
ਖ਼ੁਦਕੁਸ਼ੀ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ ਹੈ। ਜੇਕਰ ਤੁਸੀਂ ਜਾਂ ਤੁਹਾਡਾ ਕੋਈ ਨਜ਼ਦੀਕੀ ਮਾਨਸਿਕ ਤਣਾਅ, ਪ੍ਰੇਸ਼ਾਨੀ ਜਾਂ ਕਿਸੇ ਔਖੀ ਘੜੀ ਵਿੱਚੋਂ ਗੁਜ਼ਰ ਰਿਹਾ ਹੈ, ਤਾਂ ਕਿਰਪਾ ਕਰਕੇ ਭਾਰਤ ਸਰਕਾਰ ਦੀ ਅਧਿਕਾਰਤ "ਜੀਵਨ ਆਸਥਾ" ਹੈਲਪਲਾਈਨ ਦੇ ਟੋਲ-ਫ੍ਰੀ ਨੰਬਰ 1800-233-3330 'ਤੇ ਸੰਪਰਕ ਕਰਕੇ ਮਦਦ ਹਾਸਲ ਕਰੋ। ਆਪਣੇ ਦੋਸਤਾਂ, ਪਰਿਵਾਰ ਜਾਂ ਮਾਹਿਰਾਂ ਨਾਲ ਗੱਲ ਸਾਂਝੀ ਕਰਨਾ ਜ਼ਿੰਦਗੀ ਬਚਾ ਸਕਦਾ ਹੈ।
Get all latest content delivered to your email a few times a month.