ਤਾਜਾ ਖਬਰਾਂ
ਪੰਜਾਬ ਵਿਧਾਨ ਸਭਾ ਚੋਣਾਂ 2027 ਤੋਂ ਪਹਿਲਾਂ ਸੂਬਾ ਕਾਂਗਰਸ ਅੰਦਰੂਨੀ ਬਗਾਵਤ ਦੇ ਮੁਹਾਨੇ 'ਤੇ ਆ ਖੜ੍ਹੀ ਹੋਈ ਹੈ। ਸੂਬਾ ਪ੍ਰਧਾਨ ਦੀ ਕੁਰਸੀ ਨਾ ਮਿਲਣ ਕਾਰਨ ਸਾਬਕਾ ਮੁੱਖ ਮੰਤਰੀ ਅਤੇ ਮੌਜੂਦਾ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਹਾਈਕਮਾਨ ਦੇ ਫੈਸਲੇ ਤੋਂ ਬੇਹੱਦ ਨਾਰਾਜ਼ ਹਨ। ਹਾਲਾਂਕਿ ਹਾਈਕਮਾਨ ਨੇ ਉਨ੍ਹਾਂ ਨੂੰ ਚੋਣ ਪ੍ਰਚਾਰ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਹੈ, ਪਰ ਚੰਨੀ ਨੇ ਹਾਲੇ ਤੱਕ ਪਾਰਟੀ ਲੀਡਰਸ਼ਿਪ ਦਾ ਰਸਮੀ ਧੰਨਵਾਦ ਵੀ ਨਹੀਂ ਕੀਤਾ। ਇਸੇ ਨਾਰਾਜ਼ਗੀ ਦੇ ਚਲਦਿਆਂ ਚੰਨੀ ਨੇ ਅੱਜ ਸ਼ੁੱਕਰਵਾਰ ਨੂੰ ਮੋਰਿੰਡਾ ਸਥਿਤ ਆਪਣੇ ਗ੍ਰਹਿ ਵਿਖੇ ਕਾਂਗਰਸੀ ਦਿੱਗਜਾਂ ਦੀ ਹੰਗਾਮੀ ਬੈਠਕ ਸੱਦ ਕੇ ਹਾਈਕਮਾਨ ਨੂੰ ਆਪਣੀ ਸਿਆਸੀ ਤਾਕਤ ਦਾ ਅਹਿਸਾਸ ਕਰਵਾਇਆ ਹੈ।
ਚੰਨੀ ਦੇ ਸੱਦੇ 'ਤੇ ਲੁਧਿਆਣਾ ਤੋਂ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਅਤੇ ਬਾਘਾਪੁਰਾਣਾ ਤੋਂ ਸਾਬਕਾ ਵਿਧਾਇਕ ਦਰਸ਼ਨ ਸਿੰਘ ਬਰਾੜ ਸਮੇਤ ਕਈ ਆਗੂ ਮੋਰਿੰਡਾ ਪਹੁੰਚ ਚੁੱਕੇ ਹਨ। ਬੈਠਕ 'ਚ ਸ਼ਾਮਲ ਹੋਣ ਆਏ ਸਾਬਕਾ ਵਿਧਾਇਕ ਦਰਸ਼ਨ ਸਿੰਘ ਬਰਾੜ ਨੇ ਮੀਡੀਆ ਸਾਹਮਣੇ ਵੱਡਾ ਬਿਆਨ ਦਿੰਦਿਆਂ ਕਿਹਾ ਕਿ ਜੇਕਰ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਨਾ ਬਣਾਇਆ ਗਿਆ, ਤਾਂ ਸੂਬੇ ਵਿੱਚ ਕਾਂਗਰਸ ਦੀ ਸਰਕਾਰ ਬਣਨਾ ਅਸੰਭਵ ਹੋ ਜਾਵੇਗਾ। ਸੂਤਰਾਂ ਅਨੁਸਾਰ ਚੰਨੀ ਹੁਣ ਆਰ-ਪਾਰ ਦੀ ਲੜਾਈ ਦੇ ਮੂਡ ਵਿੱਚ ਹਨ ਅਤੇ ਉਨ੍ਹਾਂ ਦੀ ਇਸ ਜੁੱਟਬੰਦੀ ਨਾਲ ਪੰਜਾਬ ਦੀ ਸਿਆਸਤ ਵਿੱਚ ਵੱਡਾ ਫੇਰਬਦਲ ਹੋ ਸਕਦਾ ਹੈ।
1. ਕੈਪਟਨ ਅਮਰਿੰਦਰ ਸਿੰਘ ਦੀ ਤਰਜ਼ 'ਤੇ ਪ੍ਰਧਾਨਗੀ ਦੀ ਮੰਗ:
ਸਿਆਸੀ ਮਾਹਿਰਾਂ ਮੁਤਾਬਕ ਕਾਂਗਰਸ ਵਿੱਚ ਰਵਾਇਤ ਰਹੀ ਹੈ ਕਿ ਚੋਣਾਂ ਸਮੇਂ ਜੋ ਸੂਬਾ ਪ੍ਰਧਾਨ ਹੁੰਦਾ ਹੈ, ਮੁੱਖ ਮੰਤਰੀ ਦੀ ਕੁਰਸੀ ਵੀ ਉਸੇ ਨੂੰ ਮਿਲਦੀ ਹੈ। ਸਾਲ 2017 ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਵੀ ਪ੍ਰਤਾਪ ਸਿੰਘ ਬਾਜਵਾ ਨੂੰ ਹਟਵਾ ਕੇ ਚੋਣਾਂ ਤੋਂ ਐਨ ਪਹਿਲਾਂ ਪ੍ਰਧਾਨਗੀ ਲਈ ਸੀ ਤਾਂ ਜੋ ਟਿਕਟਾਂ ਦੀ ਵੰਡ ਵਿੱਚ ਉਨ੍ਹਾਂ ਦੇ ਵਫ਼ਾਦਾਰਾਂ ਦਾ ਦਬਦਬਾ ਰਹੇ। ਚੰਨੀ ਵੀ ਉਸੇ ਰਾਹ 'ਤੇ ਚੱਲ ਰਹੇ ਹਨ। ਉਹ ਲੰਬੇ ਸਮੇਂ ਤੋਂ ਮੌਜੂਦਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਲੀਡਰਸ਼ਿਪ 'ਤੇ ਸਵਾਲ ਚੁੱਕਦੇ ਆ ਰਹੇ ਹਨ ਤਾਂ ਜੋ 2027 ਦੀ ਜਿੱਤ ਦਾ ਸਿਹਰਾ ਰਾਜਾ ਵੜਿੰਗ ਦੇ ਸਿਰ ਨਾ ਸਜੇ।
2. ਪ੍ਰਧਾਨਗੀ ਨਹੀਂ ਤਾਂ 'CM ਚਿਹਰਾ' ਐਲਾਨਣ ਦਾ ਦਬਾਅ:
ਜੇਕਰ ਹਾਈਕਮਾਨ ਜੱਟ-ਸਿੱਖ ਵੋਟ ਬੈਂਕ ਦੇ ਸਮੀਕਰਨਾਂ ਕਾਰਨ ਰਾਜਾ ਵੜਿੰਗ ਨੂੰ ਪ੍ਰਧਾਨਗੀ ਤੋਂ ਨਹੀਂ ਹਟਾਉਂਦੀ, ਤਾਂ ਚੰਨੀ ਦਾ ਦੂਜਾ ਪੈਂਤੜਾ ਸਾਲ 2022 ਵਾਂਗ ਖ਼ੁਦ ਨੂੰ ਅਧਿਕਾਰਤ 'ਮੁੱਖ ਮੰਤਰੀ ਦਾ ਚਿਹਰਾ' ਐਲਾਨਵਾਉਣ ਦਾ ਹੈ। ਪੰਜਾਬ ਦੇ ਕਰੀਬ 31 ਫੀਸਦੀ ਦਲਿਤ ਵੋਟ ਬੈਂਕ ਦੇ ਦਮ 'ਤੇ ਚੰਨੀ ਹਾਈਕਮਾਨ ਨੂੰ ਇਹ ਫੈਸਲਾ ਲੈਣ ਲਈ ਮਜਬੂਰ ਕਰਨਾ ਚਾਹੁੰਦੇ ਹਨ।
ਰਾਜਨੀਤਿਕ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਜੇਕਰ ਕਾਂਗਰਸ ਹਾਈਕਮਾਨ ਨੇ ਚੰਨੀ ਦੀਆਂ ਦੋਵੇਂ ਮੰਗਾਂ (ਪ੍ਰਧਾਨਗੀ ਜਾਂ ਸੀਐਮ ਫੇਸ) ਰੱਦ ਕਰ ਦਿੱਤੀਆਂ, ਤਾਂ ਚੰਨੀ ਆਪਣੇ 'ਪਲਾਨ ਬੀ' ਤਹਿਤ ਕਾਂਗਰਸ ਤੋਂ ਵੱਖ ਹੋ ਕੇ ਨਵੇਂ ਸਿਆਸੀ ਦਲ ਦਾ ਗਠਨ ਕਰ ਸਕਦੇ ਹਨ। ਜੇਕਰ ਅਜਿਹਾ ਹੁੰਦਾ ਹੈ ਤਾਂ ਇਹ ਕਾਂਗਰਸ ਲਈ ਘਾਤਕ ਸਾਬਤ ਹੋਵੇਗਾ। ਚੰਨੀ ਦੇ 111 ਦਿਨਾਂ ਦੇ ਮੁੱਖ ਮੰਤਰੀ ਦੇ ਕਾਰਜਕਾਲ ਦੀ ਲੋਕ-ਪੱਖੀ ਤਸਵੀਰ ਕਾਰਨ ਦਲਿਤ ਅਤੇ ਗਰੀਬ ਤਬਕਾ ਕਾਂਗਰਸ ਤੋਂ ਖਿਸਕ ਕੇ ਚੰਨੀ ਦੇ ਨਾਲ ਜਾ ਸਕਦਾ ਹੈ, ਜਿਸ ਦਾ ਸਿੱਧਾ ਫਾਇਦਾ ਵਿਰੋਧੀ ਧਿਰਾਂ ਨੂੰ ਮਿਲੇਗਾ।
ਚੰਨੀ ਦੇ ਹੱਕ ਵਿੱਚ ਖੜ੍ਹੇ ਆਗੂਆਂ ਜਿਵੇਂ ਰਾਣਾ ਗੁਰਜੀਤ ਸਿੰਘ, ਪਰਗਟ ਸਿੰਘ, ਓ.ਪੀ. ਸੋਨੀ ਅਤੇ ਭਾਰਤ ਭੂਸ਼ਣ ਆਸ਼ੂ ਵਿੱਚੋਂ ਕਿਸੇ ਨੇ ਵੀ ਨਵੀਆਂ ਨਿਯੁਕਤੀਆਂ 'ਤੇ ਹਾਈਕਮਾਨ ਦਾ ਧੰਨਵਾਦ ਨਹੀਂ ਕੀਤਾ ਹੈ। ਇਸੇ ਦੌਰਾਨ ਕਪੂਰਥਲਾ ਦੇ ਦਿੱਗਜ ਵਿਧਾਇਕ ਰਾਣਾ ਗੁਰਜੀਤ ਸਿੰਘ ਦੀ ਇੱਕ ਸੋਸ਼ਲ ਮੀਡੀਆ ਰੀਲ ਵਾਇਰਲ ਹੋ ਰਹੀ ਹੈ, ਜਿਸ ਦੇ ਪਿਛੋਕੜ ਵਿੱਚ 'ਬਦਲਾ ਲੈਣ' ਅਤੇ 'ਖੰਡਿਆਂ ਦੀ ਧਾਰ ਤੇ ਨੱਚਣ' ਦਾ ਗੀਤ ਚੱਲ ਰਿਹਾ ਹੈ। ਸਿਆਸੀ ਹਲਕਿਆਂ ਵਿੱਚ ਇਸ ਦੇ ਕਈ ਮਾਇਨੇ ਕੱਢੇ ਜਾ ਰਹੇ ਹਨ। ਰਾਣਾ ਗੁਰਜੀਤ ਸਿੰਘ, ਜਿਨ੍ਹਾਂ ਨੇ 2022 ਦੀ 'ਆਪ' ਲਹਿਰ ਵਿੱਚ ਵੀ ਆਪਣੀ ਅਤੇ ਆਪਣੇ ਪੁੱਤਰ ਦੀ ਸੀਟ ਆਜ਼ਾਦ ਜਿਤਾ ਕੇ ਤਾਕਤ ਦਿਖਾਈ ਸੀ, ਦਾ ਚੰਨੀ ਦੇ ਪੱਖ ਵਿੱਚ ਖੜ੍ਹਨਾ ਕਾਂਗਰਸ ਹਾਈਕਮਾਨ ਲਈ ਵੱਡੀ ਚੁਣੌਤੀ ਬਣ ਗਿਆ ਹੈ।
Get all latest content delivered to your email a few times a month.