ਤਾਜਾ ਖਬਰਾਂ
ਆਪਣੀ ਦਰਿਆਦਿਲੀ ਅਤੇ ਸਮਾਜ ਸੇਵਾ ਲਈ ਦੁਨੀਆ ਭਰ ਵਿੱਚ ਜਾਣੇ ਜਾਂਦੇ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਇੱਕ ਵਾਰ ਫਿਰ ਪੰਜਾਬ ਦੇ ਲੋੜਵੰਦਾਂ ਦੀ ਮਦਦ ਲਈ ਅੱਗੇ ਆਏ ਹਨ। ਸੂਬੇ ਵਿੱਚ ਹੜ੍ਹਾਂ ਕਾਰਨ ਹੋਏ ਨੁਕਸਾਨ ਦੇ ਮੱਦੇਨਜ਼ਰ, ਸੋਨੂੰ ਸੂਦ ਅਤੇ ਉਨ੍ਹਾਂ ਦੀ ਭੈਣ ਮਾਲਵਿਕਾ ਸੂਦ (ਕਾਂਗਰਸ ਪਾਰਟੀ ਦੇ ਮੋਗਾ ਵਿਧਾਨ ਸਭਾ ਹਲਕਾ ਇੰਚਾਰਜ) ਨੇ ਇੱਕ ਵਿਸ਼ੇਸ਼ ਸਮਾਜਿਕ ਮੁਹਿੰਮ 'ਛੱਤ ਤੁਹਾਡੀ, ਜ਼ਿੰਮੇਦਾਰੀ ਹਮਾਰੀ' ਦੀ ਸ਼ੁਰੂਆਤ ਕੀਤੀ ਹੈ। ਇਸ ਨੇਕ ਪਹਿਲਕਦਮੀ ਤਹਿਤ ਉਨ੍ਹਾਂ ਗਰੀਬ ਪਰਿਵਾਰਾਂ ਨੂੰ ਪੱਕੀਆਂ ਛੱਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ, ਜਿਨ੍ਹਾਂ ਦੇ ਕੱਚੇ ਮਕਾਨ ਅਤੇ ਟਾਈਲਾਂ ਵਾਲੀਆਂ ਛੱਤਾਂ ਕੁਦਰਤੀ ਆਫ਼ਤ ਕਾਰਨ ਤਬਾਹ ਹੋ ਗਈਆਂ ਸਨ।
ਇਸ ਪ੍ਰੋਜੈਕਟ ਤਹਿਤ ਕੁੱਲ 257 ਪਰਿਵਾਰਾਂ ਨੂੰ ਪੱਕੇ ਮਕਾਨ ਦੇਣ ਦਾ ਟੀਚਾ ਮਿੱਥਿਆ ਗਿਆ ਹੈ, ਜਿਸ ਵਿੱਚੋਂ 180 ਘਰਾਂ ਦੀ ਉਸਾਰੀ ਮੁਕੰਮਲ ਕਰਕੇ ਉਨ੍ਹਾਂ ਦੀਆਂ ਚਾਬੀਆਂ ਲਾਭਪਾਤਰੀਆਂ ਨੂੰ ਸੌਂਪ ਦਿੱਤੀਆਂ ਗਈਆਂ ਹਨ। ਬਾਕੀ ਰਹਿੰਦੇ 77 ਮਕਾਨਾਂ ਦਾ ਨਿਰਮਾਣ ਕਾਰਜ ਵੀ ਜੰਗੀ ਪੱਧਰ 'ਤੇ ਚੱਲ ਰਿਹਾ ਹੈ।
ਘਰਾਂ ਦੀ ਵੰਡ ਤੋਂ ਬਾਅਦ ਜਦੋਂ ਸੋਨੂੰ ਸੂਦ ਅਤੇ ਮਾਲਵਿਕਾ ਸੂਦ ਖੁਦ ਇਨ੍ਹਾਂ ਪਰਿਵਾਰਾਂ ਨੂੰ ਮਿਲਣ ਪਹੁੰਚੇ, ਤਾਂ ਉੱਥੇ ਮਾਹੌਲ ਬੇਹੱਦ ਭਾਵੁਕ ਹੋ ਗਿਆ। ਨਵੇਂ ਘਰਾਂ ਦੇ ਮਾਲਕਾਂ ਨੇ ਹੰਝੂਆਂ ਨਾਲ ਭਰੀਆਂ ਅੱਖਾਂ ਨਾਲ ਅਦਾਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਸਾਲਾਂ ਤੋਂ ਫ਼ਟੀਆਂ ਤਰਪਾਲਾਂ ਅਤੇ ਕਮਜ਼ੋਰ ਛੱਤਾਂ ਹੇਠ ਜੀਵਨ ਕੱਟਣ ਲਈ ਮਜਬੂਤ ਸਨ। ਉਨ੍ਹਾਂ ਕਿਹਾ ਕਿ ਸੂਦ ਪਰਿਵਾਰ ਨੇ ਨਾ ਸਿਰਫ਼ ਉਨ੍ਹਾਂ ਦਾ ਦਰਦ ਵੰਡਾਇਆ ਹੈ, ਸਗੋਂ ਉਨ੍ਹਾਂ ਨੂੰ ਸਥਾਈ ਸਿਰ ਢਕਣ ਦੀ ਜਗ੍ਹਾ ਦੇ ਕੇ ਇੱਕ ਨਵੀਂ ਜ਼ਿੰਦਗੀ ਦਿੱਤੀ ਹੈ।
ਜੇਕਰ ਗੱਲ ਫ਼ਿਲਮੀ ਸਫ਼ਰ ਦੀ ਕੀਤੀ ਜਾਵੇ, ਤਾਂ ਸੋਨੂੰ ਸੂਦ ਪਿਛਲੇ ਸਾਲ 2025 ਵਿੱਚ ਆਪਣੀ ਬਹੁ-ਚਰਚਿਤ ਫ਼ਿਲਮ 'ਫਤਿਹ' ਵਿੱਚ ਮੁੱਖ ਭੂਮਿਕਾ ਨਿਭਾਉਂਦੇ ਹੋਏ ਨਜ਼ਰ ਆਏ ਸਨ। ਇਸ ਤੋਂ ਬਾਅਦ ਉਨ੍ਹਾਂ ਨੇ ਤਾਮਿਲ ਸਿਨੇਮਾ ਵੱਲ ਰੁਖ਼ ਕਰਦਿਆਂ ਫ਼ਿਲਮ 'ਮਧਾ ਗਜਾ ਰਾਜਾ' ਵਿੱਚ 'ਕਰੂਕੁਵੇਲ ਵਿਸ਼ਵਨਾਥ' ਦੇ ਕਿਰਦਾਰ ਰਾਹੀਂ ਦਰਸ਼ਕਾਂ ਦੀ ਵਾਹ-ਵਾਹ ਖੱਟੀ। ਫਿਲਹਾਲ ਅਦਾਕਾਰ ਆਪਣਾ ਪੂਰਾ ਧਿਆਨ ਸਮਾਜ ਭਲਾਈ ਦੇ ਕਾਰਜਾਂ 'ਤੇ ਲਗਾ ਰਹੇ ਹਨ ਅਤੇ ਉਨ੍ਹਾਂ ਦੇ ਆਉਣ ਵਾਲੇ ਨਵੇਂ ਫ਼ਿਲਮੀ ਪ੍ਰੋਜੈਕਟਾਂ ਬਾਰੇ ਅਜੇ ਕੋਈ ਅਧਿਕਾਰਤ ਐਲਾਨ ਨਹੀਂ ਹੋਇਆ ਹੈ।
Get all latest content delivered to your email a few times a month.