ਤਾਜਾ ਖਬਰਾਂ
ਪੰਜਾਬ ਕਾਂਗਰਸ ਦੇ ਜਥੇਬੰਦਕ ਢਾਂਚੇ ਵਿੱਚ ਹਾਈਕਮਾਂਡ ਵੱਲੋਂ ਕੀਤੇ ਗਏ ਵੱਡੇ ਬਦਲਾਵਾਂ ਤੋਂ ਬਾਅਦ ਪਾਰਟੀ ਅੰਦਰਲੀ ਅੰਦਰੂਨੀ ਕਲsetup ਫਿਰ ਸੜਕਾਂ 'ਤੇ ਆ ਗਈ ਹੈ। ਅਹੁਦਿਆਂ ਦੀ ਨਵੀਂ ਵੰਡ ਤੋਂ ਬਾਅਦ ਸੀਨੀਅਰ ਆਗੂਆਂ ਦੀ ਨਾਰਾਜ਼ਗੀ ਲਗਾਤਾਰ ਵਧਦੀ ਜਾ ਰਹੀ ਹੈ। ਇਸ ਸਿਆਸੀ ਘਮਸਾਣ ਦੇ ਵਿਚਕਾਰ, ਚੰਡੀਗੜ੍ਹ ਤੋਂ ਕਾਂਗਰਸ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਖੁਦ ਨੂੰ ਲਾਂਭੇ ਕੀਤੇ ਜਾਣ 'ਤੇ ਗਹਿਰੀ ਨਿਰਾਸ਼ਾ ਜ਼ਾਹਰ ਕਰਦਿਆਂ ਸੋਸ਼ਲ ਮੀਡੀਆ 'ਤੇ ਲਿਖਿਆ, "ਕਾਸ਼ ਮੇਰੇ ਕੋਲ ਵਿਅਕਤੀਆਂ ਅਤੇ ਸੰਸਥਾਵਾਂ ਦੀ ਹੀਣਭਾਵਨਾ (ਅਸੁਰੱਖਿਆ) ਦਾ ਕੋਈ ਐਂਟੀਡੋਟ ਹੁੰਦਾ।" ਉਨ੍ਹਾਂ ਅੱਗੇ ਲਿਖਿਆ ਕਿ ਇੰਡੀਅਨ ਨੈਸ਼ਨਲ ਕਾਂਗਰਸ ਨੇ ਪਿਛਲੇ 45 ਸਾਲਾਂ ਵਿੱਚ ਉਨ੍ਹਾਂ ਨੂੰ ਬਹੁਤ ਕੁਝ ਦਿੱਤਾ ਹੈ ਅਤੇ ਉਨ੍ਹਾਂ ਨੇ ਆਪਣੀ ਜਵਾਨੀ ਦੇ ਕਈ ਦਹਾਕੇ ਪਾਰਟੀ ਲੇਖੇ ਲਾਏ ਹਨ, ਪਰ ਹੁਣ "ਜੋ ਹੋਵੇਗਾ, ਸੋ ਹੋਵੇਗਾ।"
ਸੂਤਰਾਂ ਮੁਤਾਬਕ ਸਿਰਫ਼ ਮਨੀਸ਼ ਤਿਵਾੜੀ ਹੀ ਨਹੀਂ, ਬਲਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਗੁਰਦਾਸਪੁਰ ਦੇ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਵੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਮੁੜ ਪ੍ਰਧਾਨ ਬਣਾਏ ਰੱਖਣ ਦੇ ਫੈਸਲੇ ਤੋਂ ਬੇਹੱਦ ਅਸੰਤੁਸ਼ਟ ਹਨ। ਨਾਰਾਜ਼ਗੀ ਦਾ ਆਲਮ ਇਹ ਹੈ ਕਿ ਨਵੀਆਂ ਨਿਯੁਕਤੀਆਂ ਦੇ ਕਈ ਘੰਟੇ ਬੀਤ ਜਾਣ ਦੇ ਬਾਵਜੂਦ, ਦੋਵਾਂ ਦਿੱਗਜ ਆਗੂਆਂ ਨੇ ਅਜੇ ਤੱਕ ਹਾਈਕਮਾਂਡ ਦਾ ਕੋਈ ਧੰਨਵਾਦ ਨਹੀਂ ਕੀਤਾ ਅਤੇ ਨਾ ਹੀ ਸੋਸ਼ਲ ਮੀਡੀਆ 'ਤੇ ਕੋਈ ਵਧਾਈ ਸੰਦੇਸ਼ ਪੋਸਟ ਕੀਤਾ ਹੈ।
ਪਾਰਟੀ ਦੇ ਅੰਦਰੂਨੀ ਸੂਤਰਾਂ ਦੀ ਮੰਨੀਏ ਤਾਂ ਚਰਨਜੀਤ ਸਿੰਘ ਚੰਨੀ ਖੁਦ ਸੂਬਾ ਪ੍ਰਧਾਨ ਬਣਨ ਦੀ ਦੌੜ ਵਿੱਚ ਸਭ ਤੋਂ ਅੱਗੇ ਸਨ ਅਤੇ ਲਗਭਗ ਉਨ੍ਹਾਂ ਦੇ ਨਾਂ 'ਤੇ ਸਹਿਮਤੀ ਬਣ ਚੁੱਕੀ ਸੀ। ਪਰ ਐਨ ਆਖਰੀ ਮੌਕੇ, ਪੰਜਾਬ ਦੀ ਸਿਆਸਤ ਵਿੱਚ ਜੱਟ ਸਿੱਖ ਵੋਟ ਬੈਂਕ ਦੀ ਨਾਰਾਜ਼ਗੀ ਦੇ ਡਰੋਂ ਹਾਈਕਮਾਂਡ ਨੇ ਪਾਸਾ ਪਲਟਦਿਆਂ ਰਾਜਾ ਵੜਿੰਗ ਨੂੰ ਹੀ ਕੁਰਸੀ 'ਤੇ ਬਰਕਰਾਰ ਰੱਖਿਆ।
ਦੂਜੇ ਪਾਸੇ, ਸੁਖਜਿੰਦਰ ਸਿੰਘ ਰੰਧਾਵਾ ਦੀ ਨਾਰਾਜ਼ਗੀ ਇਸ ਗੱਲ ਨੂੰ ਲੈ ਕੇ ਹੈ ਕਿ ਜੇਕਰ ਹਾਈਕਮਾਂਡ ਨੇ ਕਿਸੇ ਜੱਟ ਸਿੱਖ ਚਿਹਰੇ ਨੂੰ ਹੀ ਕਮਾਨ ਸੌਂਪਣੀ ਸੀ, ਤਾਂ ਉਨ੍ਹਾਂ ਦੇ ਦਾਅਵੇ ਨੂੰ ਅੱਖੋਂ-ਪਰੋਖੇ ਕਿਉਂ ਕੀਤਾ ਗਿਆ? ਰੰਧਾਵਾ ਦੇ ਨਜ਼ਦੀਕੀਆਂ ਦਾ ਕਹਿਣਾ ਹੈ ਕਿ ਇਹ ਉਹਨਾਂ ਨਾਲ ਦੂਜੀ ਵਾਰ ਹੋਇਆ ਹੈ। ਇਸ ਤੋਂ ਪਹਿਲਾਂ 2021 ਵਿੱਚ ਕੈਪਟਨ ਅਮਰਿੰਦਰ ਸਿੰਘ ਨੂੰ ਹਟਾਉਣ ਵੇਲੇ ਹਾਈਕਮਾਂਡ ਦੀ ਹਰੀ ਝੰਡੀ ਦੇ ਬਾਵਜੂਦ ਉਨ੍ਹਾਂ ਨੂੰ ਮੁੱਖ ਮੰਤਰੀ ਨਹੀਂ ਸੀ ਬਣਾਇਆ ਗਿਆ ਅਤੇ ਉਹ ਅਹੁਦਾ ਚਰਨਜੀਤ ਚੰਨੀ ਨੂੰ ਦੇ ਦਿੱਤਾ ਗਿਆ ਸੀ।
ਹਾਈਕਮਾਂਡ ਨੇ ਸੀਨੀਅਰ ਨੇਤਾਵਾਂ ਦੇ ਗੁੱਸੇ ਨੂੰ ਠੰਢਾ ਕਰਨ ਲਈ ਵੱਡੇ ਅਹੁਦਿਆਂ ਦੀ ਪੇਸ਼ਕਸ਼ ਜ਼ਰੂਰ ਕੀਤੀ ਹੈ। ਨਵੇਂ ਫੈਸਲੇ ਮੁਤਾਬਕ ਚਰਨਜੀਤ ਸਿੰਘ ਚੰਨੀ ਨੂੰ ਚੋਣ ਪ੍ਰਚਾਰ ਕਮੇਟੀ (Campaign Committee) ਦਾ ਚੇਅਰਮੈਨ ਥਾਪਿਆ ਗਿਆ ਹੈ। ਜਦਕਿ ਸੁਖਜਿੰਦਰ ਸਿੰਘ ਰੰਧਾਵਾ ਨੂੰ ਟਿਕਟਾਂ ਦੀ ਵੰਡ ਕਰਨ ਵਾਲੀ ਬੇਹੱਦ ਅਹਿਮ ਕੋਰ ਕਮੇਟੀ (Core Committee) ਦਾ ਚੇਅਰਮੈਨ ਬਣਾ ਕੇ ਮਨਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਹਾਲਾਂਕਿ, ਆਗੂਆਂ ਦੀ ਚੁੱਪ ਦੱਸ ਰਹੀ ਹੈ ਕਿ ਪੰਜਾਬ ਕਾਂਗਰਸ ਅੰਦਰਲੀ ਇਹ ਚੰਗਿਆੜੀ ਆਉਣ ਵਾਲੇ ਦਿਨਾਂ ਵਿੱਚ ਵੱਡਾ ਰੂਪ ਧਾਰਨ ਕਰ ਸਕਦੀ ਹੈ।
Get all latest content delivered to your email a few times a month.