ਤਾਜਾ ਖਬਰਾਂ
ਗਰਮੀਆਂ ਦੀਆਂ ਛੁੱਟੀਆਂ ਬਿਤਾਉਣ ਤੋਂ ਬਾਅਦ ਅੱਜ ਜਿਵੇਂ ਹੀ ਬੱਚੇ ਉਤਸ਼ਾਹ ਨਾਲ ਸਕੂਲ ਪਰਤ ਰਹੇ ਸਨ, ਤਾਂ ਪਹਿਲੇ ਹੀ ਦਿਨ ਸ਼ਹਿਰ ਵਿੱਚ ਬੰਬ ਹੋਣ ਦੀ ਅਫ਼ਵਾਹ ਨੇ ਭਾਰੀ ਦਹਿਸ਼ਤ ਫੈਲਾ ਦਿੱਤੀ। ਸਵੇਰ ਦੇ ਸਮੇਂ ਜਦੋਂ ਵਿਦਿਆਰਥੀ ਕੰਪਲੈਕਸ ਵਿੱਚ ਦਾਖ਼ਲ ਹੋ ਰਹੇ ਸਨ, ਠੀਕ ਉਸੇ ਵੇਲੇ ਸ਼ਹਿਰ ਦੇ ਪ੍ਰਮੁੱਖ 'ਕੇਂਦਰੀ ਵਿਦਿਆਲਿਆ' ਸਣੇ ਕਈ ਨਾਮੀ ਸਕੂਲਾਂ ਦੇ ਪ੍ਰਬੰਧਕਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀ ਭਰੀਆਂ ਈਮੇਲਾਂ (Bomb Threat Emails) ਪ੍ਰਾਪਤ ਹੋਈਆਂ। ਇਸ ਖ਼ਬਰ ਦੇ ਸਾਹਮਣੇ ਆਉਂਦਿਆਂ ਹੀ ਸਕੂਲ ਪ੍ਰਸ਼ਾਸਨ ਅਤੇ ਮਾਪਿਆਂ ਦੇ ਹੋਸ਼ ਉੱਡ ਗਏ, ਜਿਸ ਤੋਂ ਬਾਅਦ ਤੁਰੰਤ ਸਥਾਨਕ ਪੁਲਿਸ ਨੂੰ ਮਾਮਲੇ ਦੀ ਇਤਲਾਹ ਦਿੱਤੀ ਗਈ।
ਸੂਚਨਾ ਮਿਲਦੇ ਸਾਰ ਹੀ ਚੰਡੀਗੜ੍ਹ ਪੁਲਿਸ ਦੇ ਸੀਨੀਅਰ ਅਧਿਕਾਰੀ, ਬੰਬ ਨਿਰੋਧਕ ਦਸਤਾ (Bomb Disposal Squad) ਅਤੇ ਖੋਜੀ ਕੁੱਤਿਆਂ ਦੀਆਂ ਟੀਮਾਂ (Dog Squad) ਤੁਰੰਤ ਹਰਕਤ ਵਿੱਚ ਆਈਆਂ ਅਤੇ ਪ੍ਰਭਾਵਿਤ ਸਕੂਲਾਂ ਨੂੰ ਆਪਣੇ ਘੇਰੇ ਵਿੱਚ ਲੈ ਲਿਆ। ਸੁਰੱਖਿਆ ਦੇ ਪੁਖ਼ਤਾ ਨਿਯਮਾਂ ਤਹਿਤ ਸਾਰੇ ਸਕੂਲ ਕੰਪਲੈਕਸਾਂ ਦੀ ਬਾਰੀਕੀ ਨਾਲ ਤਲਾਸ਼ੀ ਲਈ ਗਈ।
ਕੋਈ ਸ਼ੱਕੀ ਚੀਜ਼ ਨਹੀਂ ਮਿਲੀ: ਕਈ ਘੰਟਿਆਂ ਦੀ ਸਖ਼ਤ ਮੁਸ਼ੱਕਤ ਅਤੇ ਸਕੂਲ ਦੇ ਕੋਨੇ-ਕੋਨੇ ਨੂੰ ਖੰਗਾਲਣ ਤੋਂ ਬਾਅਦ ਵੱਡੀ ਰਾਹਤ ਦੀ ਖ਼ਬਰ ਇਹ ਰਹੀ ਕਿ ਕਿਸੇ ਵੀ ਸਕੂਲ ਵਿੱਚੋਂ ਕੋਈ ਵੀ ਵਿਸਫੋਟਕ ਜਾਂ ਸ਼ੱਕੀ ਵਸਤੂ ਬਰਾਮਦ ਨਹੀਂ ਹੋਈ। ਪੁਲਿਸ ਨੇ ਅਧਿਕਾਰਤ ਤੌਰ 'ਤੇ ਪੁਸ਼ਟੀ ਕੀਤੀ ਹੈ ਕਿ ਸਾਰੇ ਸਕੂਲ ਪੂਰੀ ਤਰ੍ਹਾਂ ਸੁਰੱਖਿਅਤ ਹਨ।
ਇਹ ਕੋਈ ਪਹਿਲਾ ਮੌਕਾ ਨਹੀਂ ਹੈ ਜਦੋਂ ਟ੍ਰਾਈਸਿਟੀ (ਚੰਡੀਗੜ੍ਹ-ਮੋਹਾਲੀ-ਪੰਚਕੂਲਾ) ਦੇ ਸਕੂਲਾਂ ਜਾਂ ਹੋਰ ਮਹੱਤਵਪੂਰਨ ਸੰਸਥਾਵਾਂ ਨੂੰ ਇਸ ਤਰ੍ਹਾਂ ਨਿਸ਼ਾਨਾ ਬਣਾਇਆ ਗਿਆ ਹੋਵੇ। ਪਿਛਲੇ ਸਮੇਂ ਦੌਰਾਨ ਵੀ ਕਈ ਵਾਰ ਸ਼ਰਾਰਤੀ ਅਨਸਰਾਂ ਵੱਲੋਂ ਅਜਿਹੀਆਂ ਈਮੇਲਾਂ ਭੇਜੀਆਂ ਜਾ ਚੁੱਕੀਆਂ ਹਨ, ਜੋ ਜਾਂਚ ਤੋਂ ਬਾਅਦ ਮਹਿਜ਼ ਝੂਠੀਆਂ ਧਮਕੀਆਂ ਸਾਬਤ ਹੋਈਆਂ ਸਨ। ਹਾਲਾਂਕਿ, ਬੱਚਿਆਂ ਦੀ ਸੁਰੱਖਿਆ ਦਾ ਮਾਮਲਾ ਹੋਣ ਕਾਰਨ ਸੁਰੱਖਿਆ ਏਜੰਸੀਆਂ ਹਰ ਛੋਟੀ-ਵੱਡੀ ਸੂਚਨਾ ਨੂੰ ਬੇਹੱਦ ਗੰਭੀਰਤਾ ਨਾਲ ਲੈਂਦੀਆਂ ਹਨ।
ਸਕੂਲ ਦੇ ਪਹਿਲੇ ਹੀ ਦਿਨ ਵਾਪਰੀ ਇਸ ਘਟਨਾ ਨੇ ਮਾਪਿਆਂ ਦੇ ਮਨਾਂ ਵਿੱਚ ਚਿੰਤਾ ਅਤੇ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਬਹੁਤ ਸਾਰੇ ਮਾਪੇ ਆਪਣੇ ਬੱਚਿਆਂ ਦੀ ਸਲਾਮਤੀ ਨੂੰ ਦੇਖਦੇ ਹੋਏ ਸਕੂਲਾਂ ਦੇ ਬਾਹਰ ਇਕੱਠੇ ਹੋਣੇ ਸ਼ੁਰੂ ਹੋ ਗਏ ਸਨ।
ਪੁਲਿਸ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ ਹੈ ਅਤੇ ਲਾਪਰਵਾਹੀ ਦੀ ਕੋਈ ਗੁੰਜਾਇਸ਼ ਨਹੀਂ ਛੱਡੀ ਜਾ ਰਹੀ। ਸਾਈਬਰ ਸੈੱਲ (Cyber Cell) ਦੀ ਮਦਦ ਨਾਲ ਇਨ੍ਹਾਂ ਈਮੇਲਾਂ ਦੇ ਆਈ.ਪੀ. ਐਡਰੈੱਸ (IP Address) ਅਤੇ ਭੇਜਣ ਵਾਲੇ ਦੇ ਸਰੋਤ ਦਾ ਪਤਾ ਲਗਾਇਆ ਜਾ ਰਹੀ ਹੈ, ਤਾਂ ਜੋ ਅਫ਼ਵਾਹ ਫੈਲਾਉਣ ਵਾਲੇ ਦੋਸ਼ੀਆਂ ਨੂੰ ਜਲਦ ਬੇਨਕਾਬ ਕੀਤਾ ਜਾ ਸਕੇ।
Get all latest content delivered to your email a few times a month.