ਤਾਜਾ ਖਬਰਾਂ
ਬਠਿੰਡਾ-ਡਬਵਾਲੀ ਨੈਸ਼ਨਲ ਹਾਈਵੇਅ 'ਤੇ ਅੱਜ ਸਵੇਰੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ, ਜਿਸ ਨੇ ਅਮਰਨਾਥ ਯਾਤਰਾ 'ਤੇ ਜਾ ਰਹੇ ਸ਼ਰਧਾਲੂਆਂ ਦੇ ਪਰਿਵਾਰਾਂ 'ਤੇ ਦੁੱਖਾਂ ਦਾ ਪਹਾੜ ਡੇਗ ਦਿੱਤਾ ਹੈ। ਜੋਧਪੁਰ ਰੋਮਾਣਾ ਨੇੜੇ ਇੱਕ ਤੇਜ਼ ਰਫ਼ਤਾਰ ਟੈਂਪੂ ਟ੍ਰੈਵਲਰ ਸੜਕ ਕਿਨਾਰੇ ਖੜ੍ਹੇ ਇੱਕ ਟਰਾਲੇ ਦੇ ਪਿੱਛੇ ਜਾ ਵੱਜੀ। ਇਸ ਟੱਕਰ ਇੰਨੀ ਜ਼ਬਰਦਸਤ ਸੀ ਕਿ ਟ੍ਰੈਵਲਰ ਦੇ ਪਰਖੱਚੇ ਉੱਡ ਗਏ, ਜਿਸ ਵਿੱਚ ਸਵਾਰ 4 ਸ਼ਰਧਾਲੂਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਕਰੀਬ 8 ਯਾਤਰੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਹਨ।
ਹਾਦਸਾ ਅੱਜ ਸਵੇਰੇ ਕਰੀਬ 7 ਵਜੇ ਵਾਪਰਿਆ। ਟ੍ਰੈਵਲਰ ਵਿੱਚ ਰਾਜਸਥਾਨ ਦੇ ਰਹਿਣ ਵਾਲੇ 11-12 ਯਾਤਰੀ ਸਵਾਰ ਸਨ, ਜੋ ਸ਼ਰਧਾ ਨਾਲ ਅਮਰਨਾਥ ਯਾਤਰਾ ਲਈ ਨਿਕਲੇ ਸਨ। ਮੁੱਢਲੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਹਾਈਵੇਅ 'ਤੇ ਖੜ੍ਹੇ ਟਰਾਲੇ ਨਾਲ ਗੱਡੀ ਦੀ ਸਿੱਧੀ ਟੱਕਰ ਹੋਣ ਕਾਰਨ ਟ੍ਰੈਵਲਰ ਅੱਗੇ ਤੋਂ ਪੂਰੀ ਤਰ੍ਹਾਂ ਪਿਚਕ ਗਈ, ਜਿਸ ਕਾਰਨ ਅੰਦਰ ਸਵਾਰ ਸਵਾਰੀਆਂ ਬੁਰੀ ਤਰ੍ਹਾਂ ਫਸ ਗਈਆਂ।
ਹਾਦਸੇ ਦੀ ਸੂਚਨਾ ਮਿਲਦਿਆਂ ਹੀ 'ਸਹਾਰਾ ਜਨ ਸੇਵਾ' ਸੰਸਥਾ ਤੁਰੰਤ ਹਰਕਤ ਵਿੱਚ ਆਈ। ਸੰਸਥਾ ਦੇ ਵਰਕਰ ਸੰਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀਆਂ ਤਿੰਨ ਐਂਬੂਲੈਂਸਾਂ ਮੌਕੇ 'ਤੇ ਪਹੁੰਚੀਆਂ ਅਤੇ ਰਾਹਤ ਕਾਰਜ ਸ਼ੁਰੂ ਕੀਤੇ।
"ਅਸੀਂ ਮੌਕੇ 'ਤੇ ਪਹੁੰਚ ਕੇ ਦੇਖਿਆ ਕਿ ਚਾਰ ਵਿਅਕਤੀਆਂ ਦੀ ਜਾਨ ਜਾ ਚੁੱਕੀ ਸੀ। ਜ਼ਖ਼ਮੀਆਂ ਨੂੰ ਤੁਰੰਤ ਗੱਡੀਆਂ 'ਚੋਂ ਕੱਢ ਕੇ ਇਲਾਜ ਲਈ ਏਮਜ਼ (AIIMS), ਬਠਿੰਡਾ ਭੇਜਿਆ ਗਿਆ ਹੈ, ਜਿੱਥੇ ਡਾਕਟਰਾਂ ਦੀ ਟੀਮ ਉਨ੍ਹਾਂ ਨੂੰ ਬਚਾਉਣ ਲਈ ਜੱਦੋ-ਜਹਿਦ ਕਰ ਰਹੀ ਹੈ," ਸੰਦੀਪ ਸਿੰਘ ਨੇ ਦੱਸਿਆ।
ਘਟਨਾ ਤੋਂ ਬਾਅਦ ਇਲਾਕੇ ਵਿੱਚ ਸੋਗ ਦੀ ਲਹਿਰ ਹੈ। ਪੁਲਿਸ ਪ੍ਰਸ਼ਾਸਨ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਮ੍ਰਿਤਕਾਂ ਦੀ ਸ਼ਨਾਖਤ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਹਾਦਸੇ ਦੇ ਅਸਲ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਕੀ ਇਹ ਡਰਾਈਵਰ ਦੀ ਗ਼ਲਤੀ ਸੀ ਜਾਂ ਕੋਈ ਤਕਨੀਕੀ ਖਰਾਬੀ।
ਇਸ ਦਰਦਨਾਕ ਘਟਨਾ ਨੇ ਜਿੱਥੇ ਸ਼ਰਧਾਲੂਆਂ ਦੇ ਪਰਿਵਾਰਾਂ ਨੂੰ ਡੂੰਘੇ ਸਦਮੇ ਵਿੱਚ ਪਾ ਦਿੱਤਾ ਹੈ, ਉੱਥੇ ਹੀ ਸੜਕ ਸੁਰੱਖਿਆ ਨੂੰ ਲੈ ਕੇ ਇੱਕ ਵਾਰ ਫਿਰ ਸਵਾਲ ਖੜ੍ਹੇ ਕਰ ਦਿੱਤੇ ਹਨ। ਫਿਲਹਾਲ ਹਸਪਤਾਲ ਵਿੱਚ ਜ਼ਖ਼ਮੀਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਅਤੇ ਪੂਰਾ ਪ੍ਰਸ਼ਾਸਨ ਮਾਮਲੇ 'ਤੇ ਨਜ਼ਰ ਰੱਖ ਰਿਹਾ ਹੈ।
Get all latest content delivered to your email a few times a month.