ਤਾਜਾ ਖਬਰਾਂ
ਹਰਿਆਣਾ ਦੇ ਅੰਬਾਲਾ ਜ਼ਿਲ੍ਹੇ ਦੇ ਸ਼ਾਹਪੁਰ ਨੇੜਲੇ ਧਨਯੋਦਾ ਪਿੰਡ ਵਿੱਚ ਇੱਕ ਦਿਲ ਦਹਿਲਾ ਦੇਣ ਵਾਲਾ ਹਾਦਸਾ ਵਾਪਰਿਆ, ਜਿੱਥੇ ਚਾਰ ਸਾਲਾ ਮਾਸੂਮ ਬੱਚਾ ਕਰੀਬ 250 ਫੁੱਟ ਡੂੰਘੇ ਬੋਰਵੈੱਲ ਵਿੱਚ ਡਿੱਗ ਗਿਆ। ਘਟਨਾ ਤੋਂ ਬਾਅਦ ਪਿੰਡ ਵਿੱਚ ਹੜਕੰਪ ਮਚ ਗਿਆ ਅਤੇ ਬੱਚੇ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਪ੍ਰਸ਼ਾਸਨ, ਫੌਜ, ਐਨਡੀਆਰਐਫ ਅਤੇ ਹੋਰ ਰੈਸਕਿਊ ਟੀਮਾਂ ਵੱਲੋਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਜਾਣਕਾਰੀ ਅਨੁਸਾਰ, ਬੱਚਾ ਆਪਣੇ ਪਿਤਾ ਨਾਲ ਖੇਤ ਵਿੱਚ ਆਪਣੇ ਦਾਦਾ ਨੂੰ ਰੋਟੀ ਦੇਣ ਗਿਆ ਹੋਇਆ ਸੀ। ਇਸ ਦੌਰਾਨ ਉਹ ਖੇਡਦਾ-ਖੇਡਦਾ ਇੱਕ ਪੁਰਾਣੇ ਅਤੇ ਬਿਨਾਂ ਢੱਕੇ ਬੋਰਵੈੱਲ ਕੋਲ ਪਹੁੰਚ ਗਿਆ ਅਤੇ ਅਚਾਨਕ ਉਸ ਵਿੱਚ ਡਿੱਗ ਪਿਆ। ਦੱਸਿਆ ਜਾ ਰਿਹਾ ਹੈ ਕਿ ਬੋਰਵੈੱਲ ਕਾਫੀ ਸਮੇਂ ਤੋਂ ਖਰਾਬ ਪਿਆ ਸੀ ਅਤੇ ਉਸ ਨੂੰ ਸੁਰੱਖਿਆ ਲਈ ਢੱਕਿਆ ਨਹੀਂ ਗਿਆ ਸੀ, ਜਿਸ ਕਾਰਨ ਇਹ ਵੱਡਾ ਹਾਦਸਾ ਵਾਪਰਿਆ।
ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਮੌਕੇ 'ਤੇ ਪਹੁੰਚ ਗਏ। ਕੁਝ ਹੀ ਸਮੇਂ ਵਿੱਚ ਫੌਜ ਅਤੇ ਐਨਡੀਆਰਐਫ ਦੀਆਂ ਟੀਮਾਂ ਨੇ ਵੀ ਬਚਾਅ ਮੁਹਿੰਮ ਸ਼ੁਰੂ ਕਰ ਦਿੱਤੀ। ਰਾਤ ਸਮੇਂ ਵੀ ਰੈਸਕਿਊ ਕੰਮ ਬਿਨਾਂ ਰੁਕਾਵਟ ਜਾਰੀ ਰਹੇ, ਇਸ ਲਈ ਫੌਜ ਨੇ ਮੌਕੇ 'ਤੇ ਹਾਈ-ਇੰਟੈਂਸਿਟੀ ਫਲੱਡ ਲਾਈਟਾਂ ਅਤੇ ਜਨਰੇਟਰ ਲਗਾਏ ਹਨ। ਪ੍ਰਸ਼ਾਸਨ ਨੇ ਸਪੱਸ਼ਟ ਕੀਤਾ ਹੈ ਕਿ ਜਦ ਤੱਕ ਬੱਚੇ ਨੂੰ ਸੁਰੱਖਿਅਤ ਬਾਹਰ ਨਹੀਂ ਕੱਢ ਲਿਆ ਜਾਂਦਾ, ਉਦੋਂ ਤੱਕ ਬਚਾਅ ਕਾਰਜ ਲਗਾਤਾਰ ਜਾਰੀ ਰਹੇਗਾ। ਰੈਸਕਿਊ ਟੀਮਾਂ ਲਈ ਭੋਜਨ ਅਤੇ ਹੋਰ ਜ਼ਰੂਰੀ ਪ੍ਰਬੰਧ ਵੀ ਮੌਕੇ 'ਤੇ ਹੀ ਕੀਤੇ ਗਏ ਹਨ।
ਸਵੇਰ ਤੋਂ ਹੀ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਅਤੇ ਮੀਡੀਆ ਕਰਮਚਾਰੀ ਘਟਨਾ ਸਥਾਨ 'ਤੇ ਇਕੱਠੇ ਹੋ ਗਏ। ਭੀੜ ਨੂੰ ਕੰਟਰੋਲ ਕਰਨ ਲਈ ਐਸਡੀਐਮ ਦੇ ਨਿਰਦੇਸ਼ਾਂ 'ਤੇ ਲੋਕਾਂ ਨੂੰ ਕਰੀਬ 50 ਮੀਟਰ ਦੂਰ ਕਰ ਦਿੱਤਾ ਗਿਆ ਅਤੇ ਸੁਰੱਖਿਆ ਲਈ ਰੱਸੀ ਨਾਲ ਬੈਰੀਕੇਡਿੰਗ ਕੀਤੀ ਗਈ।
ਇਸ ਦੌਰਾਨ ਬੱਚੇ ਨੂੰ ਬਚਾਉਣ ਲਈ ਕਈ ਤਰੀਕੇ ਅਪਣਾਏ ਗਏ, ਪਰ ਅਜੇ ਤੱਕ ਸਫਲਤਾ ਨਹੀਂ ਮਿਲੀ। ਪਹਿਲਾਂ ਐਲੂਮੀਨੀਅਮ ਦੀਆਂ ਪਾਈਪਾਂ ਰਾਹੀਂ ਬੱਚੇ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਗਈ, ਪਰ ਇਹ ਯਤਨ ਅਸਫਲ ਰਿਹਾ ਅਤੇ ਬਾਅਦ ਵਿੱਚ ਪਾਈਪਾਂ ਨੂੰ ਹਟਾ ਦਿੱਤਾ ਗਿਆ। ਇਸ ਤੋਂ ਪਹਿਲਾਂ ਵੱਖ-ਵੱਖ ਕਿਸਮ ਦੇ ਹੁੱਕਾਂ ਦੀ ਮਦਦ ਨਾਲ ਵੀ ਬੱਚੇ ਨੂੰ ਉੱਪਰ ਖਿੱਚਣ ਦੀ ਕੋਸ਼ਿਸ਼ ਕੀਤੀ ਗਈ ਸੀ, ਪਰ ਉਹ ਵੀ ਕਾਮਯਾਬ ਨਹੀਂ ਹੋ ਸਕੀ।
ਇਸ ਵਿਚਕਾਰ ਬੱਚੇ ਦੇ ਪਰਿਵਾਰ ਨੇ ਪੰਜਾਬ ਦੇ ਸੰਗਰੂਰ ਤੋਂ ਅਜਿਹੇ ਵਿਅਕਤੀਆਂ ਦੀ ਇੱਕ ਟੀਮ ਨੂੰ ਵੀ ਬੁਲਾਇਆ, ਜੋ ਪਹਿਲਾਂ ਵੀ ਇਸ ਤਰ੍ਹਾਂ ਦੇ ਰੈਸਕਿਊ ਆਪਰੇਸ਼ਨਾਂ ਵਿੱਚ ਸ਼ਾਮਲ ਰਹਿਣ ਦਾ ਦਾਅਵਾ ਕਰਦੇ ਹਨ। ਟੀਮ ਨੇ ਪ੍ਰਸ਼ਾਸਨ ਤੋਂ 30 ਮਿੰਟ ਦਾ ਸਮਾਂ ਮੰਗਿਆ ਤਾਂ ਜੋ ਉਹ ਆਪਣੀ ਤਕਨੀਕ ਨਾਲ ਬੱਚੇ ਤੱਕ ਹੁੱਕ ਪਹੁੰਚਾ ਸਕਣ। ਹਾਲਾਂਕਿ, ਸ਼ਾਮ ਤੱਕ ਇਸ ਸਬੰਧੀ ਪ੍ਰਸ਼ਾਸਨ ਵੱਲੋਂ ਮਨਜ਼ੂਰੀ ਨਹੀਂ ਦਿੱਤੀ ਗਈ ਸੀ ਅਤੇ ਐਸਡੀਐਮ ਕਨਿਕਾ ਗੋਇਲ ਇਸ ਮਾਮਲੇ 'ਤੇ ਡਿਪਟੀ ਕਮਿਸ਼ਨਰ ਨਾਲ ਲਗਾਤਾਰ ਸਲਾਹ-ਮਸ਼ਵਰਾ ਕਰ ਰਹੇ ਸਨ।
ਸ਼ਾਮ ਵੇਲੇ ਮੌਸਮ ਨੇ ਵੀ ਰੈਸਕਿਊ ਟੀਮਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਅਤੇ ਮੀਂਹ ਸ਼ੁਰੂ ਹੋ ਗਿਆ। ਫਿਰ ਵੀ ਪ੍ਰਸ਼ਾਸਨ ਨੇ ਪਹਿਲਾਂ ਹੀ ਬੋਰਵੈੱਲ ਵਾਲੇ ਇਲਾਕੇ ਨੂੰ ਤੰਬੂਆਂ ਨਾਲ ਢੱਕ ਦਿੱਤਾ ਸੀ, ਜਿਸ ਕਾਰਨ ਮੀਂਹ ਦੇ ਬਾਵਜੂਦ ਬਚਾਅ ਕਾਰਜ ਜਾਰੀ ਰਹੇ।
ਜੇਕਰ ਮੌਜੂਦਾ ਤਰੀਕੇ ਸਫਲ ਨਹੀਂ ਹੁੰਦੇ ਤਾਂ ਪ੍ਰਸ਼ਾਸਨ ਨੇ ਬੋਰਵੈੱਲ ਦੇ ਨਾਲ ਇੱਕ ਹੋਰ ਸਮਾਂਤਰ ਖੁਦਾਈ ਕਰਨ ਦਾ ਵੀ ਫੈਸਲਾ ਕੀਤਾ ਹੈ। ਇਸ ਲਈ ਯਮੁਨਾ ਸਾਈਟ ਤੋਂ ਇੱਕ ਹਾਈ-ਸਪੀਡ ਬੋਰਿੰਗ ਮਸ਼ੀਨ ਮੰਗਵਾਈ ਜਾ ਰਹੀ ਹੈ, ਜੋ ਦੋ ਤੋਂ ਤਿੰਨ ਘੰਟਿਆਂ ਵਿੱਚ ਕਰੀਬ 200 ਫੁੱਟ ਤੱਕ ਡ੍ਰਿਲਿੰਗ ਕਰਨ ਸਮਰੱਥ ਦੱਸੀ ਜਾ ਰਹੀ ਹੈ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਹਰ ਸੰਭਵ ਤਰੀਕੇ ਨਾਲ ਬੱਚੇ ਨੂੰ ਸੁਰੱਖਿਅਤ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਪੂਰਾ ਪ੍ਰਸ਼ਾਸਨ ਇਸ ਰੈਸਕਿਊ ਆਪਰੇਸ਼ਨ 'ਤੇ ਨਿਗਰਾਨੀ ਰੱਖੇ ਹੋਏ ਹੈ।
Get all latest content delivered to your email a few times a month.