ਤਾਜਾ ਖਬਰਾਂ
ਹਰਿਆਣਾ ਦੇ ਅੰਬਾਲਾ ਜ਼ਿਲ੍ਹੇ ਤੋਂ ਇੱਕ ਬੇਹੱਦ ਚਿੰਤਾਜਨਕ ਖ਼ਬਰ ਸਾਹਮਣੇ ਆਈ ਹੈ। ਇੱਥੋਂ ਦੇ ਸ਼ਾਹਪੁਰ ਪਿੰਡ ਦੇ ਨਜ਼ਦੀਕ ਸਥਿਤ ਧਨਯੋਦਾ ਪਿੰਡ ਵਿੱਚ ਇੱਕ ਚਾਰ ਸਾਲਾਂ ਦਾ ਮਾਸੂਮ ਬੱਚਾ ਖੇਤ ਵਿੱਚ ਬਣੇ 250 ਫੁੱਟ ਡੂੰਘੇ ਖੁੱਲ੍ਹੇ ਬੋਰਵੈੱਲ ਵਿੱਚ ਜਾ ਡਿੱਗਿਆ। ਹਾਦਸੇ ਦੀ ਖ਼ਬਰ ਫੈਲਦਿਆਂ ਹੀ ਇਲਾਕੇ ਵਿੱਚ ਹੜਕੰਪ ਮਚ ਗਿਆ। ਸੂਚਨਾ ਮਿਲਣ ਤੋਂ ਤੁਰੰਤ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਦੀਆਂ ਟੀਮਾਂ ਮੌਕੇ 'ਤੇ ਪਹੁੰਚ ਗਈਆਂ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਬੱਚੇ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਭਾਰਤੀ ਫ਼ੌਜ (Indian Army) ਅਤੇ ਐਨ.ਡੀ.ਆਰ.ਐਫ਼. (NDRF) ਨੂੰ ਸੱਦਿਆ ਗਿਆ ਹੈ, ਜਿਨ੍ਹਾਂ ਨੇ ਸਾਂਝੇ ਤੌਰ 'ਤੇ ਵੱਡੇ ਪੱਧਰ 'ਤੇ ਰੈਸਕਿਊ ਆਪ੍ਰੇਸ਼ਨ ਸ਼ੁਰੂ ਕਰ ਦਿੱਤਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ 4 ਸਾਲਾਂ ਦਾ ਮਾਸੂਮ ਬੱਚਾ, ਜਿਸਦੀ ਪਛਾਣ ਨਿਰਵੈਰ ਵਜੋਂ ਹੋਈ ਹੈ, ਆਪਣੇ ਪਿਤਾ ਨਾਲ ਖੇਤਾਂ ਵਿੱਚ ਕੰਮ ਕਰਦੇ ਆਪਣੇ ਦਾਦੇ ਨੂੰ ਦੁਪਹਿਰ ਦੀ ਰੋਟੀ ਦੇਣ ਲਈ ਗਿਆ ਸੀ। ਖੇਤ ਵਿੱਚ ਖੇਡਦੇ-ਖੇਡਦੇ ਨਿਰਵੈਰ ਅਚਾਨਕ ਉਸ ਬੋਰਵੈੱਲ ਦੇ ਨਜ਼ਦੀਕ ਚਲਾ ਗਿਆ ਜੋ ਖਰਾਬ ਹੋਣ ਕਾਰਨ ਕਾਫ਼ੀ ਸਮੇਂ ਤੋਂ ਬੰਦ ਪਿਆ ਸੀ। ਲਾਪਰਵਾਹੀ ਦੀ ਹੱਦ ਇਹ ਸੀ ਕਿ ਇਸ ਖ਼ਤਰਨਾਕ ਬੋਰਵੈੱਲ ਨੂੰ ਉੱਪਰੋਂ ਢੱਕਿਆ ਨਹੀਂ ਗਿਆ ਸੀ, ਜਿਸ ਕਾਰਨ ਮਾਸੂਮ ਖੇਡਦੇ ਹੋਏ ਸਿੱਧਾ ਇਸ ਦੇ ਡੂੰਘੇ ਖੱਡ ਵਿੱਚ ਜਾ ਡਿੱਗਿਆ।
ਘਟਨਾ ਦੀ ਜਾਣਕਾਰੀ ਮਿਲਦੇ ਹੀ ਪਿੰਡ ਵਾਸੀਆਂ ਦੀ ਭਾਰੀ ਭੀੜ ਮੌਕੇ 'ਤੇ ਇਕੱਠੀ ਹੋ ਗਈ। ਪ੍ਰਸ਼ਾਸਨ ਵੱਲੋਂ ਤੁਰੰਤ ਜੇਸੀਬੀ (JCB) ਅਤੇ ਹੋਰ ਭਾਰੀ ਮਸ਼ੀਨਰੀ ਮੌਕੇ 'ਤੇ ਬੁਲਾਈ ਗਈ ਹੈ ਤਾਂ ਜੋ ਬੋਰਵੈੱਲ ਦੇ ਸਮਾਨਾਂਤਰ ਖੁਦਾਈ ਕੀਤੀ ਜਾ ਸਕੇ।
ਫ਼ੌਜ ਦੀ ਦੇਖ-ਰੇਖ ਹੇਠ ਆਪ੍ਰੇਸ਼ਨ: ਬੱਚੇ ਦੀ ਜ਼ਿੰਦਗੀ ਨੂੰ ਬਚਾਉਣ ਦੀ ਕਮਾਂਡ ਹੁਣ ਫ਼ੌਜ ਦੇ ਮਾਹਿਰ ਜਵਾਨਾਂ ਅਤੇ NDRF ਦੀ ਵਿਸ਼ੇਸ਼ ਟੀਮ ਨੇ ਆਪਣੇ ਹੱਥਾਂ ਵਿੱਚ ਲੈ ਲਈ ਹੈ। ਬੋਰਵੈੱਲ ਦੇ ਅੰਦਰ ਬੱਚੇ ਦੀ ਹਰ ਹਰਕਤ 'ਤੇ ਨਜ਼ਰ ਰੱਖਣ ਅਤੇ ਉਸ ਤੱਕ ਆਕਸੀਜਨ ਪਹੁੰਚਾਉਣ ਦੇ ਪੁਖ਼ਤਾ ਇੰਤਜ਼ਾਮ ਕੀਤੇ ਜਾ ਰਹੇ ਹਨ।
ਪੂਰਾ ਪ੍ਰਸ਼ਾਸਨ ਅਤੇ ਪਿੰਡ ਵਾਸੀ ਇਸ ਵੇਲੇ ਮਾਸੂਮ ਨਿਰਵੈਰ ਦੀ ਸਲਾਮਤੀ ਲਈ ਦੁਆਵਾਂ ਕਰ ਰਹੇ ਹਨ ਅਤੇ ਫ਼ੌਜ ਵੱਲੋਂ ਬਿਨਾਂ ਸਮਾਂ ਗਵਾਏ ਆਪ੍ਰੇਸ਼ਨ ਨੂੰ ਨੇਪਰੇ ਚਾੜ੍ਹਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
Get all latest content delivered to your email a few times a month.