ਤਾਜਾ ਖਬਰਾਂ
ਨਯਾਗਾਓਂ, ਮੁਹਾਲੀ :
ਗੁਰਦੁਆਰਾ ਬੜੵ ਸਾਹਿਬ, ਨਯਾਗਾਓਂ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜੂਨ ਮਹੀਨੇ ਦੀਆਂ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਬੱਚਿਆਂ ਲਈ ਲਗਾਇਆ ਗਿਆ ਵਿਸ਼ੇਸ਼ 'ਗੁਰਮਤਿ, ਕੀਰਤਨ ਅਤੇ ਦਸਤਾਰ ਸਿਖਲਾਈ ਕੈਂਪ' ਸ਼ਰਧਾ ਅਤੇ ਉਤਸ਼ਾਹ ਨਾਲ ਸੰਪੰਨ ਹੋ ਗਿਆ। ਸਿੱਖ ਮਿਸ਼ਨਰੀ ਕਾਲਜ ਦੇ ਸਹਿਯੋਗ ਨਾਲ ਆਯੋਜਿਤ ਇਹ ਕੈਂਪ 1 ਜੂਨ ਤੋਂ ਸ਼ੁਰੂ ਹੋ ਕੇ 27 ਜੂਨ ਤੱਕ ਨਿਰੰਤਰ ਚੱਲਿਆ, ਜਿਸ ਵਿੱਚ ਇਲਾਕੇ ਦੇ ਵੱਡੀ ਗਿਣਤੀ ਵਿੱਚ ਬੱਚਿਆਂ ਨੇ ਹਿੱਸਾ ਲਿਆ।
ਕੈਂਪ ਦੇ ਸਮਾਪਤੀ ਸਮਾਗਮ ਦੌਰਾਨ ਬੱਚਿਆਂ ਦੇ ਅੰਦਰ ਛੁਪੀ ਪ੍ਰਤਿਭਾ ਅਤੇ ਗੁਰਮਤਿ ਪ੍ਰਤੀ ਲਗਨ ਉਦੋਂ ਦੇਖਣ ਨੂੰ ਮਿਲੀ, ਜਦੋਂ ਪੂਰੇ ਸਮਾਗਮ ਦਾ ਸੰਚਾਲਨ ਅਤੇ ਸੇਵਾਵਾਂ ਬੱਚਿਆਂ ਵੱਲੋਂ ਹੀ ਨਿਭਾਈਆਂ ਗਈਆਂ। ਬੱਚਿਆਂ ਨੇ ਬੜੀ ਸੁਰੀਲੀ ਅਤੇ ਮਰਯਾਦਾ ਅਨੁਸਾਰ ਰਹਿਰਾਸ ਸਾਹਿਬ ਦਾ ਪਾਠ ਕੀਤਾ। ਇਸ ਤੋਂ ਬਾਅਦ ਬੱਚਿਆਂ ਵੱਲੋਂ ਇਲਾਹੀ ਬਾਣੀ ਦਾ ਕੀਰਤਨ, ਗੁਰਮਤਿ ਵਿਚਾਰਾਂ, ਧਾਰਮਿਕ ਕਵਿਤਾਵਾਂ ਅਤੇ ਜੋਸ਼ੀਲੀਆਂ ਕਵੀਸ਼ਰੀਆਂ ਪੇਸ਼ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਸਮਾਗਮ ਦੌਰਾਨ ਅਰਦਾਸ ਅਤੇ ਹੁਕਮਨਾਮਾ ਸਾਹਿਬ ਲੈਣ ਦੀ ਸੇਵਾ ਵੀ ਕੈਂਪ ਦੇ ਸਿਖਿਆਰਥੀ ਬੱਚਿਆਂ ਵੱਲੋਂ ਹੀ ਬਹੁਤ ਸ਼ੁੱਧ ਰੂਪ ਵਿੱਚ ਨਿਭਾਈ ਗਈ।
ਇਸ ਕੈਂਪ ਦੀ ਵਿਸ਼ੇਸ਼ਤਾ ਇਹ ਰਹੀ ਕਿ ਗੁਰਦੁਆਰਾ ਸਾਹਿਬ ਅਤੇ ਸਿੱਖ ਮਿਸ਼ਨਰੀ ਕਾਲਜ ਦੇ ਸੀਨੀਅਰ ਵਿਦਿਆਰਥੀਆਂ ਵੱਲੋਂ ਕੈਂਪ ਦੌਰਾਨ ਛੋਟੇ-ਛੋਟੇ ਬੱਚਿਆਂ ਨੂੰ ਸੁੰਦਰ ਦਸਤਾਰ ਬੰਨ੍ਹਣ ਦੀ ਵਿਸ਼ੇਸ਼ ਸਿਖਲਾਈ ਵੀ ਦਿੱਤੀ ਗਈ। ਇਸ ਦੌਰਾਨ ਬੱਚਿਆਂ ਦੇ ਦਸਤਾਰ ਮੁਕਾਬਲੇ ਵੀ ਕਰਵਾਏ ਗਏ, ਜਿਸ ਵਿੱਚ ਬੱਚਿਆਂ ਨੇ ਭਾਰੀ ਉਤਸ਼ਾਹ ਦਿਖਾਇਆ।
ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ ਸਿੱਖ ਮਿਸ਼ਨਰੀ ਕਾਲਜ ਵੱਲੋਂ ਬੱਚਿਆਂ ਨੂੰ ਗੁਰਸਿੱਖੀ ਜੀਵਨ ਅਤੇ ਅਮੀਰ ਵਿਰਸੇ ਨਾਲ ਜੋੜਨ ਲਈ ਧਾਰਮਿਕ ਕਿਤਾਬਾਂ ਅਤੇ ਸਿਲੇਬਸ ਬਿਲਕੁਲ ਮੁਫ਼ਤ ਮੁਹੱਈਆ ਕਰਵਾਇਆ ਜਾਂਦਾ ਹੈ, ਤਾਂ ਜੋ ਨਵੀਂ ਪੀੜ੍ਹੀ ਆਪਣੇ ਇਤਿਹਾਸ ਨੂੰ ਚੰਗੀ ਤਰ੍ਹਾਂ ਸਮਝ ਸਕੇ।
ਸਮਾਪਤੀ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਵੱਲੋਂ ਸਿੱਖ ਮਿਸ਼ਨਰੀ ਕਾਲਜ ਦੇ ਪ੍ਰਚਾਰਕਾਂ, ਸੇਵਾਦਾਰਾਂ ਅਤੇ ਕੈਂਪ ਵਿੱਚ ਹਿੱਸਾ ਲੈਣ ਵਾਲੇ ਸਮੂਹ ਬੱਚਿਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਦਸਤਾਰ ਅਤੇ ਹੋਰ ਮੁਕਾਬਲਿਆਂ ਵਿੱਚ ਜੇਤੂ ਰਹੇ ਬੱਚਿਆਂ ਸਮੇਤ ਕੈਂਪ ਵਿੱਚ ਭਾਗ ਲੈਣ ਵਾਲੇ ਸਾਰੇ ਬੱਚਿਆਂ ਨੂੰ ਵਿਸ਼ੇਸ਼ ਇਨਾਮ ਦੇ ਕੇ ਉਨ੍ਹਾਂ ਦੀ ਹੌਸਲਾ ਅਫ਼ਜ਼ਾਈ ਕੀਤੀ ਗਈ। ਪਤਵੰਤੇ ਸੱਜਣਾਂ ਨੇ ਕਿਹਾ ਕਿ ਅਜਿਹੇ ਕੈਂਪ ਬੱਚਿਆਂ ਨੂੰ ਨਸ਼ਿਆਂ ਅਤੇ ਪਤਿਤਪੁਣੇ ਤੋਂ ਦੂਰ ਰੱਖ ਕੇ ਬਾਣੀ ਅਤੇ ਬਾਣੇ ਦੇ ਲੜ ਲਾਉਣ ਵਿੱਚ ਬਹੁਤ ਸਾਰਥਕ ਸਿੱਧ ਹੁੰਦੇ ਹਨ।
Get all latest content delivered to your email a few times a month.