ਤਾਜਾ ਖਬਰਾਂ
ਜਲੰਧਰ ਦੇ ਬਸਤੀ ਸ਼ੇਖ ਇਲਾਕੇ ਵਿੱਚ ਸਾਹਮਣੇ ਆਏ 28 ਸਾਲਾ ਨੌਜਵਾਨ ਸੋਨੂੰ ਦੇ ਕਤਲ ਮਾਮਲੇ ਦੀ ਗੁੱਥੀ ਪੁਲਿਸ ਨੇ ਕੁਝ ਹੀ ਘੰਟਿਆਂ ਵਿੱਚ ਸੁਲਝਾ ਲਈ ਹੈ। ਪੁਲਿਸ ਜਾਂਚ ਵਿੱਚ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ ਕਿ ਸੋਨੂੰ ਦੀ ਹੱਤਿਆ ਉਸਦੇ ਹੀ ਕਰੀਬੀ ਦੋਸਤ ਮਨਦੀਪ ਸਿੰਘ ਨੇ ਕੀਤੀ। ਕਤਲ ਕਰਨ ਤੋਂ ਬਾਅਦ ਮੁਲਜ਼ਮ ਨੇ ਆਪਣੀ ਪਤਨੀ ਦੀ ਮਦਦ ਨਾਲ ਲਾਸ਼ ਨੂੰ ਰੇਹੜੀ 'ਤੇ ਰੱਖਿਆ ਅਤੇ ਚੌਹਾਨ ਕਾਲੋਨੀ ਵਿੱਚ ਸੁੱਟ ਕੇ ਫ਼ਰਾਰ ਹੋਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਨੇ ਪੂਰੀ ਸਾਜ਼ਿਸ਼ ਦਾ ਪਰਦਾਫਾਸ਼ ਕਰ ਦਿੱਤਾ।
ਏਸੀਪੀ ਆਤਿਸ਼ ਭਾਟੀਆ ਨੇ ਦੱਸਿਆ ਕਿ ਸਵੇਰੇ ਕਰੀਬ 6 ਵਜੇ ਪੁਲਿਸ ਨੂੰ ਬਸਤੀ ਸ਼ੇਖ ਵਿੱਚ ਇੱਕ ਨੌਜਵਾਨ ਦੀ ਲਾਸ਼ ਮਿਲਣ ਦੀ ਸੂਚਨਾ ਮਿਲੀ ਸੀ। ਪੁਲਿਸ ਨੇ ਤੁਰੰਤ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲਿਆ ਅਤੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮੁਰਦਾਘਰ ਭੇਜ ਦਿੱਤਾ। ਇਸ ਦੌਰਾਨ ਆਲੇ-ਦੁਆਲੇ ਦੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਗਈ, ਜਿਸ ਵਿੱਚ ਮਨਦੀਪ ਸਿੰਘ ਅਤੇ ਉਸਦੀ ਪਤਨੀ ਇੱਕ ਰੇਹੜੀ 'ਤੇ ਲਾਸ਼ ਲਿਆਉਂਦੇ ਅਤੇ ਸੁੰਨਸਾਨ ਥਾਂ 'ਤੇ ਛੱਡਦੇ ਹੋਏ ਨਜ਼ਰ ਆਏ।
ਦੂਜੇ ਪਾਸੇ, ਮ੍ਰਿਤਕ ਦੀ ਮਾਂ ਨੇ ਦੱਸਿਆ ਕਿ ਉਸਦਾ ਪੁੱਤਰ ਸੋਨੂੰ ਬੀਤੇ ਦਿਨ ਕੰਮ ਲਈ ਘਰੋਂ ਨਿਕਲਿਆ ਸੀ ਪਰ ਰਾਤ ਤੱਕ ਵਾਪਸ ਨਹੀਂ ਆਇਆ। ਸਵੇਰੇ ਪੁਲਿਸ ਵੱਲੋਂ ਫੋਨ ਆਉਣ 'ਤੇ ਉਹ ਮੌਕੇ 'ਤੇ ਪਹੁੰਚੀ, ਜਿੱਥੇ ਪੁੱਤਰ ਦੀ ਲਾਸ਼ ਦੀ ਹਾਲਤ ਇੰਨੀ ਖ਼ਰਾਬ ਸੀ ਕਿ ਉਸਨੂੰ ਪਛਾਣਨਾ ਵੀ ਔਖਾ ਹੋ ਗਿਆ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਮਨਦੀਪ ਸਿੰਘ ਪਹਿਲਾਂ ਵੀ ਕਈ ਵਾਰ ਸੋਨੂੰ ਨਾਲ ਕੁੱਟਮਾਰ ਕਰ ਚੁੱਕਾ ਸੀ ਅਤੇ ਉਸਦਾ ਮੋਬਾਈਲ ਵੀ ਖੋਹ ਚੁੱਕਾ ਸੀ। ਪਰਿਵਾਰ ਨੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਅਤੇ ਇਨਸਾਫ਼ ਦੀ ਮੰਗ ਕੀਤੀ ਹੈ।
ਪੁਲਿਸ ਨੇ ਸੀਸੀਟੀਵੀ ਸਬੂਤਾਂ ਦੇ ਆਧਾਰ 'ਤੇ ਮਨਦੀਪ ਸਿੰਘ ਅਤੇ ਉਸਦੀ ਪਤਨੀ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਕਤਲ ਦੇ ਅਸਲ ਕਾਰਨਾਂ ਦਾ ਅਜੇ ਤੱਕ ਖੁਲਾਸਾ ਨਹੀਂ ਹੋਇਆ। ਪੁਲਿਸ ਮੁਤਾਬਕ ਦੋਵੇਂ ਬਚਪਨ ਤੋਂ ਇੱਕ-ਦੂਜੇ ਨੂੰ ਜਾਣਦੇ ਸਨ ਅਤੇ ਉਨ੍ਹਾਂ ਵਿਚਕਾਰ ਕਿਸੇ ਪੁਰਾਣੀ ਦੁਸ਼ਮਣੀ ਦੀ ਵੀ ਜਾਣਕਾਰੀ ਸਾਹਮਣੇ ਨਹੀਂ ਆਈ।
ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਮੁੱਖ ਮੁਲਜ਼ਮ ਮਨਦੀਪ ਸਿੰਘ ਦਾ ਅਪਰਾਧਿਕ ਰਿਕਾਰਡ ਰਿਹਾ ਹੈ। ਉਹ ਪਹਿਲਾਂ ਭਗੌੜਾ ਰਹਿ ਚੁੱਕਾ ਹੈ, ਦੋ ਸਾਲ ਦੀ ਸਜ਼ਾ ਵੀ ਕੱਟ ਚੁੱਕਾ ਹੈ ਅਤੇ ਉਸਦੇ ਖ਼ਿਲਾਫ਼ ਪਹਿਲਾਂ ਤੋਂ ਕਈ ਅਪਰਾਧਿਕ ਮਾਮਲੇ ਦਰਜ ਹਨ। ਪੁਲਿਸ ਹੁਣ ਕਤਲ ਦੇ ਮਕਸਦ ਅਤੇ ਘਟਨਾ ਨਾਲ ਜੁੜੇ ਹਰ ਪਹਿਲੂ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ।
Get all latest content delivered to your email a few times a month.