ਤਾਜਾ ਖਬਰਾਂ
ਲੁਧਿਆਣਾ: 29 ਜੂਨ-
ਪੰਜਾਬ ਟਾਈਮਜ਼ ਸ਼ਿਕਾਗੋ(ਅਮਰੀਕਾ) ਦੇ 27ਵੇਂ ਸਾਲਾਨਾ ਸਮਾਗਮ ਸਮੇਂ ਪ੍ਰਸਿੱਧ ਪੰਜਾਬੀ ਨਾਟਕਕਾਰ ਅਤੇ ਲੇਖਕ ਡਾਕਟਰ ਆਤਮਜੀਤ ਸਿੰਘ ਤੇ ਪ੍ਰੋ. ਗੁਰਭਜਨ ਸਿੰਘ ਗਿੱਲ ਵੱਲੋਂ ਵਿਸ਼ਵ ਪੰਜਾਬੀ ਸਭਾ ਟੋਰੰਟੋ ਲਈ ਸੰਪਾਦਿਤ ਵੱਡ ਆਕਾਰੀ ਖੋਜ ਪੁਸਤਕ ਪੰਜਾਬੀ ਬੋਲੀ ਰਮਜ਼ਾਂ ਰੁਕਾਵਟਾਂ ਤੇ ਰਾਹ ਲੋਕ ਅਰਪਨ ਕੀਤੀ ਗਈ। ਲੋਕ ਅਰਪਨ ਦੀ ਰਸਮ ਵਿੱਚ ਡਾ. ਆਤਮਜੀਤ ਸਿੰਘ, ਪੰਜਾਬ ਟਾਈਮਜ਼ ਦੀ ਸੰਪਾਦਕ ਜਸਪ੍ਰੀਤ ਕੌਰ, ਰਵਿੰਦਰ ਸਹਿਰਾਅ, ਪੰਜਾਬੋਂ ਗਏ ਲੇਖਕ ਦਲਜੀਤ ਸ਼ਾਹੀ, ਗੁਰਭੇਜ ਸਿੰਘ ਗੁਰਾਇਆ ਤੇ ਇੰਦਰਜੀਤ ਦਿਉਗੁਣ ਸਮੇਤ ਕੁਝ ਹੋਰ ਦੋਸਤ ਸ਼ਾਮਲ ਹੋਏ।
ਇਸ ਮੌਕੇ ਬੋਲਦਿਆਂ ਡਾ. ਆਤਮਜੀਤ ਨੇ 'ਪੰਜਾਬ ਟਾਈਮਜ਼ ਦੇ ਬਾਨੀ ਸਰਦਾਰ ਅਮੋਲਕ ਸਿੰਘ ਜੰਮੂ ਨਾਲ ਆਪਣੀ ਸਾਂਝ ਦੀਆਂ ਗੱਲਾਂ ਕੀਤੀਆਂ ਅਤੇ ਦੱਸਿਆ ਕਿ ਕਿਵੇਂ 'ਪੰਜਾਬ ਟਾਈਮਜ਼ ਨੇ ਪੱਛਮ ਅਤੇ ਪੂਰਬ ਦੇ ਪੰਜਾਬੀਆਂ ਨੂੰ ਜੋੜਨ ਦਾ ਮਹੱਤਵਪੂਰਨ ਕਾਰਜ ਵੀ ਕੀਤਾ ਹੈ।
ਇਸ ਮੌਕੇ ਤੇ ਆਪਣੇ ਵਿਸ਼ੇਸ਼ ਭਾਸ਼ਨ ਵਿਚ ਉਹਨਾਂ ਨੇ ਕਿਹਾ ਕਿ ਰੋਜ਼ੀ-ਰੋਟੀ ਦੀ ਸਮੱਸਿਆ ਹੱਲ ਕਰ ਲੈਣ ਤੋਂ ਬਾਦ ਪੰਜਾਬੀਆਂ ਦਾ ਸਭ ਤੋਂ ਵੱਡਾ ਫ਼ਿਕਰ ਆਪਣੀ ਬੋਲੀ ਦੀ ਸੰਭਾਲ ਕਰਨਾ ਹੈ ਅਤੇ ਇਹ ਦੇਖਣਾ ਹੈ ਕਿ ਉਨਾਂ ਦੀ ਆਉਣ ਵਾਲੀ ਪੀੜ੍ਹੀ ਆਪਣੀ ਬੋਲੀ ਤੋਂ ਪੂਰੀ ਤਰ੍ਹਾਂ ਕੱਟੀ ਨਾ ਜਾਵੇ। ਉਨ੍ਹਾਂ ਨੇ ਆਪਣੀ ਨਵੀਂ ਸੰਪਾਦਿਤ ਪੁਸਤਕ 'ਪੰਜਾਬੀ ਬੋਲੀ: ਰਮਜ਼ਾਂ, ਰੁਕਾਵਟਾਂ ਅਤੇ ਰਾਹਾ' (ਸਹਿ ਸੰਪਾਦਕ: ਗੁਰਭਜਨ ਗਿੱਲ) ਦਾ ਵਿਸ਼ੇਸ਼ ਜ਼ਿਕਰ ਕੀਤਾ ਜਿਹੜੀ ਕਿ ਡਾਕਟਰ ਦਲਬੀਰ ਸਿੰਘ ਕਥੂਰੀਆ ਦੀ ਪ੍ਰੇਰਨਾ ਤੇ ਸਹਿਯੋਗ ਨਾਲ ਵਿਸ਼ਵ ਪੰਜਾਬੀ ਸਭਾ, ਬਰੈਂਪਟਨ (ਕੈਨੇਡਾ) ਵੱਲੋਂ ਛਾਪੀ ਗਈ ਹੈ। ਇਸ ਵਿਚ ਲਗਪਗ ਤਿੰਨ ਦਰਜਨ ਲੇਖ ਸ਼ਾਮਿਲ ਕੀਤੇ ਗਏ ਹਨ ਜਿਹੜੇ ਪੰਜਾਬੀ ਬੋਲੀ ਦੇ ਸਾਹਮਣੇ ਖੜੀਆਂ ਚੁਣੌਤੀਆਂ ਅਤੇ ਉਹਨਾਂ ਦੇ ਸੰਭਵ ਹੱਲ ਦਾ ਜ਼ਿਕਰ ਕਰਦੇ ਹਨ। ਇਹ ਲੇਖ ਭਾਰਤ ਪਾਕਿਸਤਾਨ, ਇੰਗਲੈਂਡ, ਅਮਰੀਕਾ, ਕੈਨੇਡਾ, ਇਟਲੀ ਆਦਿ ਵਿਚ ਵੱਸਦੇ ਪੰਜਾਬੀ ਲੇਖਕਾਂ ਨੇ ਲਿਖੇ ਹਨ। ਇਸ ਕਿਤਾਬ ਵਿਚ ਵੱਖ-ਵੱਖ ਵਿਸ਼ਿਆਂ ਉੱਤੇ ਲੇਖ ਛਾਪੇ ਗਏ ਹਨ ਜਿਵੇਂ ਪੰਜਾਬੀ ਬੋਲੀ ਦੀ ਸਥਿਤੀ, ਸੱਤਾ ਦਾ ਦਖ਼ਲ, ਪੰਜਾਬੀਆਂ ਦੀ ਬੋਲੀ ਪ੍ਰਤੀ ਲਾਪਰਵਾਹੀ, ਕੁਝ ਲੋਕਾਂ ਵੱਲੋਂ ਇਸ ਨਾਲ ਨਫ਼ਰਤ, ਕੰਪਿਊਟਰ ਦੀਆਂ ਨਵੀਂਆਂ ਤਕਨੀਕਾਂ, ਆਰਟੀਫ਼ਿਸ਼ੀਅਲ ਇੰਟੈਲੀਜੈਂਸ, ਲਿੱਪੀ ਦੀਆਂ ਦਿੱਕਤਾਂ, ਅਨੁਵਾਦ ਦੇ ਮਸਲੇ, ਲਿਪੀਅੰਤਰਣ ਦੀਆਂ ਰੁਕਾਵਟਾਂ ਵੱਖ-ਵੱਖ ਮੁਲਕਾਂ ਵਿਚ ਪੰਜਾਬੀ ਬੋਲੀ ਦੀ ਸਥਿਤੀ ਆਦਿਕ।
ਡਾਕਟਰ ਆਤਮਜੀਤ ਸਿੰਘ ਨੇ ਵਿਸਥਾਰ ਨਾਲ ਦੱਸਿਆ ਕਿ ਕਿਵੇਂ ਹਰ ਬੋਲੀ ਆਪਣੇ ਸਭਿਆਚਾਰ ਨਾਲ ਧੁਰ ਅੰਦਰੋਂ ਜੁੜੀ ਹੁੰਦੀ ਹੈ। ਜਦੋਂ ਬੋਲੀ ਮਰਦੀ ਹੈ ਤਾਂ ਸਭਿਆਚਾਰ ਵੀ ਖੁਰਦਾ ਹੈ। ਸਾਨੂੰ ਸਭਿਆਚਾਰ ਅਤੇ ਭਾਸ਼ਾ ਦੋਹਾਂ ਦੀ ਚਿੰਤਾ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਗੁਰਦਵਾਰਿਆਂ ਵਿਚ ਪਰਵਾਸੀ ਪੰਜਾਬੀ ਬੱਚਿਆਂ ਵਾਸਤੇ ਪੰਜਾਬੀ ਬੋਲੀ ਦੀ ਪੜ੍ਹਾਈ ਦੇ ਇੰਤਜ਼ਾਮ ਦੀ ਸ਼ਲਾਘਾ ਕੀਤੀ ਪਰ ਨਾਲ ਦੱਸਿਆ ਕਿ ਅੱਜ ਦੇ ਯੁਗ ਵਿਚ ਦੂਸਰੀ ਬੋਲੀ ਦੀ ਪੜ੍ਹਾਈ ਸੁਖੈਨ ਕਾਰਜ ਨਹੀਂ ਹੈ ਅਤੇ ਇਸ ਸੰਬੰਧ ਵਿਚ ਸਾਨੂੰ ਇਸ ਵਿਸ਼ੇ ਦੇ ਮਾਹਰਾਂ ਦੀ ਸੇਧ ਲੈਣੀ ਚਾਹੀਦੀ ਹੈ। ਉਨ੍ਹਾਂ ਵਿਸ਼ਵ ਵਿਚ ਇਸ ਸੰਬੰਧੀ ਹੋ ਰਹੀ ਖੋਜ ਦਾ ਹਵਾਲਾ ਦਿੰਦਿਆਂ ਕਿਹਾ ਕਿ ਦੋ ਭਾਸ਼ਾਵਾਂ ਅਤੇ ਬਹੁ-ਭਾਸ਼ਾਵਾਂ ਦੇ ਗਿਆਨ ਸੰਬੰਧੀ ਦੁਨੀਆਂ ਦੇ ਕਈ ਵਿਦਵਾਨਾਂ ਵੱਲੋਂ ਕੀਮਤੀ ਕਾਰਜ ਹੋਏ ਹਨ; ਸਾਨੂੰ ਉਹਨਾਂ ਦੀ ਰੋਸ਼ਨੀ ਵਿਚ ਅੱਗੇ ਵਧਣ ਦੀ ਲੋੜ ਹੈ। ਉਨ੍ਹਾਂ ਯਾਦ ਕਰਵਾਇਆ ਕਿ ਪਰਵਾਸੀ ਬੱਚਿਆਂ ਨੂੰ ਪੰਜਾਬੀ ਸਿਖਾਉਣ ਵੇਲੇ ਸਾਨੂੰ ਇਹ ਯਾਦ ਰੱਖਣਾ ਪਵੇਗਾ ਕਿ ਉਨ੍ਹਾਂ ਦਾ ਮੁੱਖ ਸਭਿਆਚਾਰ ਪੱਛਮੀ ਹੈ ਇਸ ਲਈ ਉਨ੍ਹਾਂ ਨੂੰ ਪੱਛਮੀ ਕਲਚਰ ਦੇ ਹਵਾਲਿਆਂ ਨਾਲ ਪੰਜਾਬੀ ਸੌਖੇ ਤਰੀਕੇ ਨਾਲ ਸਮਝ ਆਵੇਗੀ। ਉਨ੍ਹਾਂ ਕਿਹਾ ਕਿ ਜੇ ਸਭਨਾਂ ਪੰਜਾਬੀਆਂ ਦਾ ਸਹਿਯੋਗ ਮਿਲੇ ਤਾਂ ਉਹ ਇਸ ਦਿਸ਼ਾ ਵਿਚ ਅੱਗੇ ਵਧਣਾ ਚਾਹੁੰਦੇ ਹਨ।
ਇਸ ਮੌਕੇ ਪੰਜਾਬ ਟਾਈਮਜ਼ ਨੂੰ ਹੋਰ ਕਾਮਯਾਬ ਕਰਨ ਲਈ ਉਨ੍ਹਾਂ ਵਿਸ਼ਵ ਭਰ ਦੇ ਪੰਜਾਬੀਆਂ ਨੂੰ ਅਪੀਲ ਕੀਤੀ। ਪੰਜਾਬ ਟਾਈਮਜ਼ ਦੀ ਸੰਪਾਦਕ ਜਸਪ੍ਰੀਤ ਕੌਰ ਨੇ ਸਭ ਹਾਜ਼ਰ ਲੇਖਕਾਂ, ਬੁੱਧੀਜੀਵੀਆਂ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ।
Get all latest content delivered to your email a few times a month.