ਤਾਜਾ ਖਬਰਾਂ
ਭਾਰਤ ਚੋਣ ਕਮਿਸ਼ਨ (ECI) ਨੇ ਕੇਂਦਰ ਸ਼ਾਸਿਤ ਪ੍ਰਦੇਸ਼ ਦਿੱਲੀ ਵਿੱਚ ਵੋਟਰ ਸੂਚੀਆਂ ਦੇ ਵਿਸ਼ੇਸ਼ ਗਹਿਣ ਪੁਨਰੀਖਣ ਯਾਨੀ ਕਿ ਅਧਿਕਾਰਤ 'ਐਸ.ਆਈ.ਆਰ.' (Special Intensive Revision) ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਚੋਣ ਕਮਿਸ਼ਨ ਵੱਲੋਂ ਦਿੱਲੀ ਵਿੱਚ ਇਸ ਪੂਰੀ ਪ੍ਰਕਿਰਿਆ ਦੇ ਸ਼ਡਿਊਲ ਦਾ ਵੀ ਖ਼ੁਲਾਸਾ ਕਰ ਦਿੱਤਾ ਗਿਆ ਹੈ। ਕਮਿਸ਼ਨ ਨੇ ਦੱਸਿਆ ਕਿ ਇਸ ਵਿਸ਼ੇਸ਼ ਮੁਹਿੰਮ ਨੂੰ ਚਲਾਉਣ ਦੇ ਪਿੱਛੇ ਮੁੱਖ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਕੋਈ ਵੀ ਯੋਗ ਵੋਟਰ ਆਪਣੀ ਵੋਟ ਦੇ ਅਧਿਕਾਰ ਤੋਂ ਵਾਂਝਾ ਨਾ ਰਹੇ ਅਤੇ ਕੋਈ ਵੀ ਅਯੋਗ ਵਿਅਕਤੀ ਵੋਟਰ ਸੂਚੀ ਵਿੱਚ ਸ਼ਾਮਲ ਨਾ ਹੋ ਸਕੇ। ਦਿੱਲੀ ਵਿੱਚ ਇਸ ਕਾਰਜ ਲਈ ਵੈਰੀਫਿਕੇਸ਼ਨ ਦੀ ਪ੍ਰਕਿਰਿਆ 30 ਜੂਨ ਤੋਂ ਸ਼ੁਰੂ ਹੋ ਕੇ 29 ਜੁਲਾਈ ਤੱਕ ਨਿਰੰਤਰ ਜਾਰੀ ਰਹੇਗੀ।
ਇਸ ਵਾਰ ਚੋਣ ਕਮਿਸ਼ਨ ਨੇ "ਕੋਈ ਵੀ ਯੋਗ ਵੋਟਰ ਛੁੱਟੇ ਨਾ, ਕੋਈ ਵੀ ਅਯੋਗ ਵੋਟਰ ਸ਼ਾਮਲ ਨਾ ਹੋਵੇ" ਦੇ ਮੁੱਖ ਥੀਮ ਹੇਠ ਕੰਮ ਸ਼ੁਰੂ ਕੀਤਾ ਹੈ। ਇਸ ਤਹਿਤ ਬੀ.ਐਲ.ਓਜ਼ (BLOs) 30 ਜੂਨ ਤੋਂ 29 ਜੁਲਾਈ ਤੱਕ ਹਰ ਘਰ ਜਾ ਕੇ ਵੋਟਰਾਂ ਦੀ ਮੁਕੰਮਲ ਵੈਰੀਫਿਕੇਸ਼ਨ ਕਰਨਗੇ। ਇਸ ਦੌਰਾਨ ਹਰ ਮੌਜੂਦਾ ਵੋਟਰ ਨੂੰ ਐਨੂਮਰੇਸ਼ਨ ਫਾਰਮ (Enumeration Form) ਦੀਆਂ ਦੋ ਕਾਪੀਆਂ ਦਿੱਤੀਆਂ ਜਾਣਗੀਆਂ, ਜਿਸ ਵਿੱਚੋਂ ਭਰਿਆ ਹੋਇਆ ਇੱਕ ਫਾਰਮ ਵੋਟਰਾਂ ਨੂੰ ਬੀ.ਐਲ.ਓ. ਨੂੰ ਵਾਪਸ ਕਰਕੇ ਰਸੀਦ (Acknowledgement) ਲੈਣੀ ਹੋਵੇਗੀ। ਜੇਕਰ ਕਿਸੇ ਵੋਟਰ ਦਾ ਘਰ ਬੰਦ ਮਿਲਦਾ ਹੈ, ਤਾਂ ਨਿਯਮਾਂ ਅਨੁਸਾਰ ਬੀ.ਐਲ.ਓਜ਼ ਵੱਲੋਂ ਘੱਟੋ-ਘੱਟ 3 ਵਾਰ ਉਸ ਘਰ ਦਾ ਦੌਰਾ ਕੀਤਾ ਜਾਵੇਗਾ।
ਪੂਰੀ ਜਾਂਚ ਤੋਂ ਬਾਅਦ ਮੁੱਢਲੀ ਡਰਾਫਟ ਵੋਟਰ ਲਿਸਟ 5 ਅਗਸਤ ਨੂੰ ਜਨਤਕ ਕੀਤੀ ਜਾਵੇਗੀ, ਜਿਸ 'ਤੇ ਵੋਟਰ ਸੂਚੀ ਸਬੰਧੀ ਕਿਸੇ ਵੀ ਤਰ੍ਹਾਂ ਦੇ ਦਾਅਵੇ ਅਤੇ ਇਤਰਾਜ਼ 5 ਅਗਸਤ ਤੋਂ 4 ਸਤੰਬਰ ਤੱਕ ਦਰਜ ਕਰਵਾਏ ਜਾ ਸਕਣਗੇ। ਪ੍ਰਾਪਤ ਹੋਏ ਸਾਰੇ ਦਾਅਵਿਆਂ ਅਤੇ ਇਤਰਾਜ਼ਾਂ ਦਾ ਨਿਪਟਾਰਾ 3 ਅਕਤੂਬਰ ਤੱਕ ਮੁਕੰਮਲ ਕੀਤਾ ਜਾਵੇਗਾ, ਜਿਸ ਤੋਂ ਬਾਅਦ ਦਿੱਲੀ ਦੀ ਅੰਤਿਮ ਵੋਟਰ ਸੂਚੀ (Final Voter List) 7 ਅਕਤੂਬਰ ਨੂੰ ਅਧਿਕਾਰਤ ਤੌਰ 'ਤੇ ਪ੍ਰਕਾਸ਼ਿਤ ਕਰ ਦਿੱਤੀ ਜਾਵੇਗੀ।
ਦਿੱਲੀ ਦੇ ਮੁੱਖ ਚੋਣ ਅਫ਼ਸਰ ਦੇ ਦਫ਼ਤਰ ਤੋਂ ਮਿਲੇ ਮੌਜੂਦਾ ਅੰਕੜਿਆਂ ਅਨੁਸਾਰ, ਇਸ ਵੇਲੇ ਦਿੱਲੀ ਵਿੱਚ ਕੁੱਲ ਵੋਟਰਾਂ ਦੀ ਗਿਣਤੀ 1,45,10,298 (ਇੱਕ ਕਰੋੜ ਪੰਤਾਲੀ ਲੱਖ ਦਸ ਹਜ਼ਾਰ ਦੋ ਸੌ ਅਠਾਨਵੇ) ਹੈ। ਇਨ੍ਹਾਂ ਵਿੱਚੋਂ ਪੁਰਸ਼ ਵੋਟਰਾਂ ਦੀ ਸੰਖਿਆ 77,11,132 ਹੈ ਜਦਕਿ ਮਹਿਲਾ ਵੋਟਰਾਂ ਦੀ ਗਿਣਤੀ 67,98,142 ਦਰਜ ਕੀਤੀ ਗਈ ਹੈ।
ਇਸ ਤੋਂ ਇਲਾਵਾ ਵੋਟਰ ਸੂਚੀ ਵਿੱਚ 1,024 ਥਰਡ ਜੈਂਡਰ (ਕਿੰਨਰ) ਵੋਟਰ, 76,155 ਦਿਵਿਆਂਗ (PWD) ਵੋਟਰ ਅਤੇ 18-19 ਸਾਲ ਦੇ ਨੌਜਵਾਨ ਵਰਗ ਦੇ 3,29,130 ਵੋਟਰ ਸ਼ਾਮਲ ਹਨ। ਦਿੱਲੀ ਵਿੱਚ 100 ਸਾਲ ਤੋਂ ਵੱਧ ਉਮਰ ਦੇ ਬਜ਼ੁਰਗ ਵੋਟਰਾਂ ਦੀ ਗਿਣਤੀ 192 ਹੈ। ਇਸ ਪੂਰੀ ਚੋਣ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਰਾਜਧਾਨੀ ਭਰ ਵਿੱਚ ਕੁੱਲ 13,033 ਪੋਲਿੰਗ ਸਟੇਸ਼ਨ ਸਥਾਪਤ ਕੀਤੇ ਗਏ ਹਨ। ਚੋਣ ਕਮਿਸ਼ਨ ਨੇ ਦਿੱਲੀ ਦੇ ਸਮੂਹ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਵੋਟਰ ਸੂਚੀਆਂ ਨੂੰ ਸ਼ੁੱਧ ਅਤੇ ਪਾਰਦਰਸ਼ੀ ਬਣਾਉਣ ਲਈ ਆਪਣੇ ਇਲਾਕੇ ਦੇ ਬੀ.ਐਲ.ਓਜ਼ ਨੂੰ ਪੂਰਨ ਸਹਿਯੋਗ ਦੇਣ।
Get all latest content delivered to your email a few times a month.