ਤਾਜਾ ਖਬਰਾਂ
ਪੰਜਾਬੀ ਯੂਨੀਵਰਸਿਟੀ ਵਿੱਚ ਯੂਜੀਸੀ ਸਕਾਲਰਸ਼ਿਪ ਨਾਲ ਜੁੜੇ ਕਰੋੜਾਂ ਰੁਪਏ ਦੇ ਕਥਿਤ ਘਪਲੇ ਨੇ ਹੁਣ ਨਵਾਂ ਰੂਪ ਧਾਰ ਲਿਆ ਹੈ। ਇਸ ਮਾਮਲੇ ਦੀ ਜਾਂਚ ਹੁਣ Enforcement Directorate (ED) ਦੇ ਹੱਥਾਂ ਵਿੱਚ ਪਹੁੰਚ ਚੁੱਕੀ ਹੈ, ਜਿਸ ਨਾਲ ਜਾਂਚ ਹੋਰ ਤੇਜ਼ ਹੋਣ ਦੀ ਸੰਭਾਵਨਾ ਬਣ ਗਈ ਹੈ।
ਈਡੀ ਵੱਲੋਂ ਪਟਿਆਲਾ ਦੇ ਸਬ-ਰਜਿਸਟਰਾਰ ਦਫ਼ਤਰ ਨੂੰ ਅਧਿਕਾਰਕ ਪੱਤਰ ਭੇਜ ਕੇ ਮੁੱਖ ਦੋਸ਼ੀ ਨਿਸ਼ੂ ਚੌਧਰੀ ਨਾਲ ਸੰਬੰਧਿਤ ਜਾਇਦਾਦਾਂ ਦਾ ਪੂਰਾ ਰਿਕਾਰਡ ਮੰਗਿਆ ਗਿਆ ਹੈ। ਜਾਣਕਾਰੀ ਅਨੁਸਾਰ, 20 ਤੋਂ ਵੱਧ ਜਾਇਦਾਦਾਂ ਦੀਆਂ ਡੀਟੇਲਾਂ ਇਕੱਠੀਆਂ ਕੀਤੀਆਂ ਜਾ ਰਹੀਆਂ ਹਨ। ਇਸ ਦੇ ਨਾਲ ਹੀ ਕਵਿਤ ਚੌਧਰੀ, ਰਵੀ ਕਪੂਰ ਅਤੇ ਪੂਜਾ ਕਪੂਰ ਦੀਆਂ ਜਾਇਦਾਦਾਂ ਬਾਰੇ ਵੀ ਜਾਣਕਾਰੀ ਤਲਬ ਕੀਤੀ ਗਈ ਹੈ।
ਇਹ ਸਾਰੀ ਜਾਂਚ Prevention of Money Laundering Act (PMLA), 2002 ਦੇ ਤਹਿਤ ਕੀਤੀ ਜਾ ਰਹੀ ਹੈ, ਜਿਸਦਾ ਮਕਸਦ ਘਪਲੇ ਰਾਹੀਂ ਕਮਾਈ ਗਈ ਸੰਭਾਵਿਤ ਗੈਰਕਾਨੂੰਨੀ ਰਕਮ ਅਤੇ ਉਸ ਨਾਲ ਖਰੀਦੀ ਗਈ ਜਾਇਦਾਦ ਦੀ ਪੜਤਾਲ ਕਰਨਾ ਹੈ। ਸੂਤਰਾਂ ਮੁਤਾਬਕ ਇਹ ਜਾਇਦਾਦਾਂ ਜ਼ਿਆਦਾਤਰ ਪਟਿਆਲਾ ਦੇ ਪਿੰਡ ਡੀਲਵਾਲ ਖੇਤਰ ਵਿੱਚ ਸਥਿਤ ਹਨ।
ਇਸ ਤੋਂ ਪਹਿਲਾਂ ਪੰਜਾਬੀ ਯੂਨੀਵਰਸਿਟੀ ਵੱਲੋਂ ਬਣਾਈ ਗਈ ਜਾਂਚ ਕਮੇਟੀ ਨੇ ਆਪਣੀ ਰਿਪੋਰਟ ਵਿੱਚ ਕਰੀਬ 14 ਕਰੋੜ ਰੁਪਏ ਦੇ ਘਪਲੇ ਦੀ ਪੁਸ਼ਟੀ ਕੀਤੀ ਸੀ। ਰਿਪੋਰਟ ਵਿੱਚ ਇਹ ਵੀ ਦਰਸਾਇਆ ਗਿਆ ਕਿ ਸਕਾਲਰਸ਼ਿਪ ਫੰਡਾਂ ਦੀ ਵੰਡ ਅਤੇ ਵਰਤੋਂ ਵਿੱਚ ਗੰਭੀਰ ਬੇਨਿਯਮਤੀਆਂ ਸਾਹਮਣੇ ਆਈਆਂ ਹਨ।
ਰਿਪੋਰਟ ਵਿੱਚ ਕੁਝ ਯੂਨੀਵਰਸਿਟੀ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਮਿਲੀਭੁਗਤ ਦੇ ਇਸ਼ਾਰੇ ਵੀ ਮਿਲੇ ਹਨ। ਹਾਲਾਂਕਿ, ਹੁਣ ਤੱਕ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਕੋਈ ਵੱਡੀ ਕਾਰਵਾਈ ਨਹੀਂ ਕੀਤੀ ਗਈ, ਜਿਸ ਕਾਰਨ ਜਾਂਚ ਦੀ ਪ੍ਰਕਿਰਿਆ ਨੂੰ ਲੈ ਕੇ ਸਵਾਲ ਉੱਠ ਰਹੇ ਹਨ।
ਫਿਲਹਾਲ ਈਡੀ ਵੱਲੋਂ ਜਾਇਦਾਦਾਂ ਦਾ ਰਿਕਾਰਡ ਇਕੱਠਾ ਕਰਨ ਦੀ ਕਾਰਵਾਈ ਜਾਰੀ ਹੈ ਅਤੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਅੱਗੇ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
Get all latest content delivered to your email a few times a month.