ਤਾਜਾ ਖਬਰਾਂ
ਅਜਨਾਲਾ ਇਲਾਕੇ ਦੇ ਅੱਡਾ ਮਹਿਲਾ ਭੁਖਾਰੀ ਵਿਖੇ ਸਥਿਤ ਪੰਜਾਬ ਸਰਕਾਰ ਦੇ ਸਰਕਾਰੀ ਕਣਕ ਗੋਦਾਮ ’ਚ ਬੀਤੀ ਰਾਤ ਵੱਡੀ ਲੁੱਟ ਦੀ ਵਾਰਦਾਤ ਸਾਹਮਣੇ ਆਈ ਹੈ। ਕਰੀਬ 10 ਤੋਂ 15 ਹਥਿਆਰਬੰਦ ਵਿਅਕਤੀਆਂ ਨੇ ਯੋਜਨਾਬੱਧ ਢੰਗ ਨਾਲ ਗੋਦਾਮ ’ਤੇ ਹਮਲਾ ਕਰਕੇ ਸੁਰੱਖਿਆ ਪ੍ਰਬੰਧਾਂ ਨੂੰ ਚਕਮਾ ਦੇ ਦਿੱਤਾ।
ਜਾਣਕਾਰੀ ਮੁਤਾਬਕ, ਲੁਟੇਰਿਆਂ ਨੇ ਪਹਿਲਾਂ ਗੋਦਾਮ ਦੀ ਬਿਜਲੀ ਸਪਲਾਈ ਬੰਦ ਕਰ ਦਿੱਤੀ ਤਾਂ ਜੋ ਹਨੇਰੇ ਦਾ ਫਾਇਦਾ ਲਿਆ ਜਾ ਸਕੇ। ਇਸ ਤੋਂ ਬਾਅਦ ਡਿਊਟੀ ’ਤੇ ਮੌਜੂਦ ਚਾਰ ਚੌਕੀਦਾਰਾਂ ਨੂੰ ਦਾਤਰਾਂ ਅਤੇ ਪਿਸਤੌਲਾਂ ਦੀ ਨੋਕ ’ਤੇ ਡਰਾ ਕੇ ਕਾਬੂ ਕਰ ਲਿਆ ਗਿਆ। ਚੌਕੀਦਾਰਾਂ ਨੂੰ ਇੱਕ ਕਮਰੇ ਵਿੱਚ ਬੰਦ ਕਰ ਦਿੱਤਾ ਗਿਆ, ਜਿਸ ਕਾਰਨ ਉਹ ਕਿਸੇ ਵੀ ਤਰ੍ਹਾਂ ਦੀ ਰੋਕ-ਟੋਕ ਨਹੀਂ ਕਰ ਸਕੇ।
ਇਸ ਤੋਂ ਬਾਅਦ ਲੁਟੇਰਿਆਂ ਨੇ ਗੋਦਾਮ ਵਿੱਚ ਖੜ੍ਹੇ ਇੱਕ ਟਰੱਕ ਵਿੱਚ ਕਰੀਬ 400 ਕਣਕ ਦੀਆਂ ਬੋਰੀਆਂ ਲੱਦ ਲਈਆਂ ਅਤੇ ਉਹੀ ਟਰੱਕ ਨਾਲ ਮੌਕੇ ਤੋਂ ਫਰਾਰ ਹੋ ਗਏ। ਜਾਣ ਤੋਂ ਪਹਿਲਾਂ ਉਹਨਾਂ ਨੇ ਗੋਦਾਮ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਡੀਵੀਆਰ ਵੀ ਨਾਲ ਲੈ ਲਈ, ਤਾਂ ਜੋ ਵਾਰਦਾਤ ਦੇ ਸਬੂਤ ਨਸ਼ਟ ਹੋ ਸਕਣ।
ਗੋਦਾਮ ਦੇ ਇੰਚਾਰਜ ਅਨੁਸਾਰ ਇਹ ਘਟਨਾ ਕਰੀਬ ਰਾਤ 12:30 ਵਜੇ ਵਾਪਰੀ। ਚੌਕੀਦਾਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਉਹ ਬਿਜਲੀ ਠੀਕ ਕਰਨ ਗਏ ਤਾਂ ਹਮਲਾਵਰਾਂ ਨੇ ਉਨ੍ਹਾਂ ’ਤੇ ਹਥਿਆਰ ਤਾਣ ਦਿੱਤੇ ਅਤੇ ਬਾਕੀ ਸਟਾਫ ਨੂੰ ਵੀ ਬੰਦੀ ਬਣਾ ਲਿਆ।
ਟਰੱਕ ਮਾਲਕ ਸੁਖਦੇਵ ਸਿੰਘ ਨੇ ਦੱਸਿਆ ਕਿ ਉਸਦਾ ਟਰੱਕ ਵੀ ਲੁੱਟਿਆ ਗਿਆ ਹੈ ਜਿਸਦੀ ਕੀਮਤ ਕਰੀਬ 5 ਲੱਖ ਰੁਪਏ ਹੈ। ਉਸ ਨੇ ਕਾਨੂੰਨ-ਵਿਵਸਥਾ ’ਤੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਸਰਕਾਰੀ ਗੋਦਾਮ ਵੀ ਹੁਣ ਸੁਰੱਖਿਅਤ ਨਹੀਂ ਰਹੇ।
ਇਸ ਮਾਮਲੇ ਵਿੱਚ ਅਜਨਾਲਾ ਪੁਲਿਸ ਨੇ ਕਿਹਾ ਹੈ ਕਿ ਸ਼ਿਕਾਇਤ ਮਿਲ ਚੁੱਕੀ ਹੈ ਅਤੇ ਘਟਨਾ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੇ ਭਰੋਸਾ ਦਿੱਤਾ ਹੈ ਕਿ ਜਾਂਚ ਦੇ ਆਧਾਰ ’ਤੇ ਜਲਦ ਹੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
Get all latest content delivered to your email a few times a month.