IMG-LOGO
ਹੋਮ ਪੰਜਾਬ: ਫ਼ਰੀਦਕੋਟ ‘ਚ ਭਿਆਨਕ ਸੜਕ ਹਾਦਸਾ: ਵਿਆਹ ਤੋਂ ਪਰਤਦੇ 3 ਦੋਸਤਾਂ...

ਫ਼ਰੀਦਕੋਟ ‘ਚ ਭਿਆਨਕ ਸੜਕ ਹਾਦਸਾ: ਵਿਆਹ ਤੋਂ ਪਰਤਦੇ 3 ਦੋਸਤਾਂ ਦੀ ਮੌਤ, ਸੜਕ ‘ਤੇ ਖੜ੍ਹੇ ਟਰੱਕ ਨਾਲ ਟਕਰਾਈ ਬਾਈਕ

Admin User - Jun 28, 2026 01:14 PM
IMG

ਫ਼ਰੀਦਕੋਟ ਦੇ ਕੋਟਕਪੂਰਾ ਰੋਡ ‘ਤੇ ਜੋੜੀਆਂ ਨਹਿਰਾਂ ਨੇੜੇ ਸ਼ਨੀਵਾਰ ਦੇਰ ਰਾਤ ਇੱਕ ਦਰਦਨਾਕ ਸੜਕ ਹਾਦਸੇ ਨੇ ਤਿੰਨ ਪਰਿਵਾਰਾਂ ਦੀਆਂ ਖੁਸ਼ੀਆਂ ਨੂੰ ਮਾਤਮ ਵਿੱਚ ਬਦਲ ਦਿੱਤਾ। ਵਿਆਹ ਸਮਾਗਮ ਤੋਂ ਆਪਣੇ ਘਰ ਵਾਪਸ ਪਰਤ ਰਹੇ ਤਿੰਨ ਜਿਗਰੀ ਦੋਸਤਾਂ ਦੀ ਮੋਟਰਸਾਈਕਲ ਸੜਕ ‘ਤੇ ਖੜ੍ਹੇ ਇੱਕ ਖ਼ਰਾਬ ਟਰੱਕ ਦੇ ਪਿਛਲੇ ਹਿੱਸੇ ਨਾਲ ਜਾ ਟਕਰਾਈ, ਜਿਸ ਕਾਰਨ ਤਿੰਨਾਂ ਦੀ ਮੌਤ ਹੋ ਗਈ।

ਮ੍ਰਿਤਕਾਂ ਦੀ ਪਛਾਣ ਡੋਗਰ ਬਸਤੀ ਦੇ ਰਹਿਣ ਵਾਲੇ ਨਵਜੋਤ ਸਿੰਘ (30), ਰਵੀ (28) ਅਤੇ ਜਸਵਿੰਦਰ ਉਰਫ਼ ਜੱਸ (24) ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ, ਇਹ ਤਿੰਨੇ ਕੋਟਕਪੂਰਾ ਵਿੱਚ ਇੱਕ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਤੋਂ ਬਾਅਦ ਦੇਰ ਰਾਤ ਆਪਣੇ ਘਰ ਪਰਤ ਰਹੇ ਸਨ। ਇਸ ਦੌਰਾਨ ਜੋੜੀਆਂ ਨਹਿਰਾਂ ਨੇੜੇ ਉਨ੍ਹਾਂ ਦੀ ਬਾਈਕ ਸੜਕ ਦੇ ਵਿਚਕਾਰ ਖੜ੍ਹੇ ਖ਼ਰਾਬ ਟਰੱਕ ਨਾਲ ਟਕਰਾ ਗਈ।

ਹਾਦਸਾ ਇੰਨਾ ਭਿਆਨਕ ਸੀ ਕਿ ਨਵਜੋਤ ਸਿੰਘ ਅਤੇ ਜਸਵਿੰਦਰ ਜੱਸ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਰਵੀ ਨੇ ਹਸਪਤਾਲ ਲਿਜਾਂਦੇ ਸਮੇਂ ਰਸਤੇ ਵਿੱਚ ਦਮ ਤੋੜ ਦਿੱਤਾ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਤਿੰਨਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਨਾਲ ਹੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਮ੍ਰਿਤਕ ਨਵਜੋਤ ਦੇ ਚਾਚਾ ਰਣਜੀਤ ਸਿੰਘ ਨੇ ਦੋਸ਼ ਲਗਾਇਆ ਕਿ ਟਰੱਕ ਸੜਕ ਦੇ ਵਿਚਕਾਰ ਖ਼ਰਾਬ ਹਾਲਤ ਵਿੱਚ ਖੜ੍ਹਾ ਸੀ, ਪਰ ਉਸ ‘ਤੇ ਨਾ ਕੋਈ ਇੰਡੀਕੇਟਰ ਚਾਲੂ ਸੀ ਅਤੇ ਨਾ ਹੀ ਪਿੱਛੇ ਕੋਈ ਰਿਫਲੈਕਟਰ ਜਾਂ ਚੇਤਾਵਨੀ ਸੰਕੇਤ ਲਗਾਇਆ ਗਿਆ ਸੀ। ਰਾਤ ਦੇ ਹਨੇਰੇ ਕਾਰਨ ਟਰੱਕ ਸਮੇਂ ਸਿਰ ਨਜ਼ਰ ਨਾ ਆਉਣ ਕਰਕੇ ਇਹ ਹਾਦਸਾ ਵਾਪਰ ਗਿਆ।

ਇਸ ਦੁਖਦਾਈ ਘਟਨਾ ‘ਤੇ ਸਾਬਕਾ ਕੌਂਸਲਰ ਬੱਬੀ ਭਾਊ ਨੇ ਗਹਿਰਾ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਜੇਕਰ ਟਰੱਕ ਦੇ ਪਿੱਛੇ ਸੁਰੱਖਿਆ ਸੰਕੇਤ ਲਗੇ ਹੁੰਦੇ ਤਾਂ ਸ਼ਾਇਦ ਇਹ ਹਾਦਸਾ ਟਲ ਸਕਦਾ ਸੀ। ਉਨ੍ਹਾਂ ਦੱਸਿਆ ਕਿ ਮਰਨ ਵਾਲੇ ਤਿੰਨੇ ਨੌਜਵਾਨ ਗਰੀਬ ਪਰਿਵਾਰਾਂ ਨਾਲ ਸਬੰਧਤ ਸਨ ਅਤੇ ਮਿਹਨਤ-ਮਜ਼ਦੂਰੀ ਕਰਕੇ ਆਪਣੇ ਪਰਿਵਾਰਾਂ ਦਾ ਗੁਜ਼ਾਰਾ ਚਲਾਉਂਦੇ ਸਨ। ਉਨ੍ਹਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਲਾਪਰਵਾਹੀ ਨਾਲ ਸੜਕਾਂ ‘ਤੇ ਖ਼ਰਾਬ ਵਾਹਨ ਖੜ੍ਹੇ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਪੀੜਤ ਪਰਿਵਾਰਾਂ ਨੂੰ ਯੋਗ ਆਰਥਿਕ ਸਹਾਇਤਾ ਦਿੱਤੀ ਜਾਵੇ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.