ਤਾਜਾ ਖਬਰਾਂ
ਪੰਜਾਬ ਵਿਧਾਨ ਸਭਾ ਚੋਣਾਂ 2027 ਨੂੰ ਧਿਆਨ ਵਿੱਚ ਰੱਖਦਿਆਂ ਕਾਂਗਰਸ ਨੇ ਸਿਆਸੀ ਪੱਧਰ ‘ਤੇ ਵੱਡੀ ਰਣਨੀਤੀ ਤਿਆਰ ਕਰ ਲਈ ਹੈ। ਪਾਰਟੀ ਹਾਈਕਮਾਨ ਸੂਬੇ ਵਿੱਚ ਮੁੜ ਸੱਤਾ ਹਾਸਲ ਕਰਨ ਲਈ ਸਮਾਜਿਕ ਅਤੇ ਖੇਤਰੀ ਸੰਤੁਲਨ ‘ਤੇ ਆਧਾਰਿਤ ਲੀਡਰਸ਼ਿਪ ਮਾਡਲ ਲਾਗੂ ਕਰਨ ਦੀ ਤਿਆਰੀ ਵਿੱਚ ਹੈ। ਪਾਰਟੀ ਅੰਦਰੂਨੀ ਸੂਤਰਾਂ ਮੁਤਾਬਕ, ਸਾਬਕਾ ਮੁੱਖ ਮੰਤਰੀ ਅਤੇ ਮੌਜੂਦਾ ਜਲੰਧਰ ਤੋਂ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਉਣ ‘ਤੇ ਲਗਭਗ ਸਹਿਮਤੀ ਬਣ ਚੁੱਕੀ ਹੈ। ਦੱਸਿਆ ਜਾ ਰਿਹਾ ਹੈ ਕਿ ਸੂਬੇ ਦੇ ਸੀਨੀਅਰ ਆਗੂਆਂ ਨੇ ਵੀ ਇਸ ਪ੍ਰਸਤਾਵ ਨੂੰ ਹਾਈਕਮਾਨ ਅੱਗੇ ਮਨਜ਼ੂਰੀ ਦੇ ਦਿੱਤੀ ਹੈ, ਜਦਕਿ ਰਾਹੁਲ ਗਾਂਧੀ ਵੱਲੋਂ ਵੀ ਇਸ ਫਾਰਮੂਲੇ ਨੂੰ ਹਰੀ ਝੰਡੀ ਮਿਲਣ ਦੀ ਗੱਲ ਸਾਹਮਣੇ ਆ ਰਹੀ ਹੈ।
ਇਸ ਨਵੇਂ ਢਾਂਚੇ ਤਹਿਤ ਵਿਜੇਇੰਦਰ ਸਿੰਗਲਾ ਨੂੰ ਕਾਰਜਕਾਰੀ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ ਜਾ ਸਕਦੀ ਹੈ, ਜਦਕਿ ਮੌਜੂਦਾ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਸੀਨੀਅਰ ਆਗੂ ਸੁਖਜਿੰਦਰ ਸਿੰਘ ਰੰਧਾਵਾ ਨੂੰ ਚੋਣ ਪ੍ਰਬੰਧਨ ਨਾਲ ਜੁੜੀਆਂ ਅਹਿਮ ਕਮੇਟੀਆਂ ਦੀ ਕਮਾਨ ਦਿੱਤੀ ਜਾ ਸਕਦੀ ਹੈ। ਕਾਂਗਰਸ ਦਾ ਮੰਨਣਾ ਹੈ ਕਿ ਇਸ ਤਰ੍ਹਾਂ ਵੱਖ-ਵੱਖ ਖੇਤਰਾਂ ਅਤੇ ਵਰਗਾਂ ਦੀ ਨੁਮਾਇੰਦਗੀ ਨੂੰ ਸੰਤੁਲਿਤ ਕਰਕੇ ਪਾਰਟੀ ਚੋਣੀ ਮੈਦਾਨ ਵਿੱਚ ਹੋਰ ਮਜ਼ਬੂਤ ਹੋ ਸਕਦੀ ਹੈ।
ਰਾਜਨੀਤਿਕ ਮਾਹਿਰਾਂ ਦੇ ਅਨੁਸਾਰ ਕਾਂਗਰਸ ਦੀ ਇਹ ਰਣਨੀਤੀ ਪੰਜਾਬ ਦੀਆਂ ਹੋਰ ਵੱਡੀਆਂ ਪਾਰਟੀਆਂ ਤੋਂ ਵੱਖਰੀ ਹੈ। ਇਸ ਸਮੇਂ ਆਮ ਆਦਮੀ ਪਾਰਟੀ, ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਵਿੱਚ ਮੁੱਖ ਲੀਡਰਸ਼ਿਪ ਜੱਟ ਸਿੱਖ ਆਗੂਆਂ ਕੋਲ ਹੈ। ਕਾਂਗਰਸ ਇਸ ਪੈਟਰਨ ਤੋਂ ਹਟ ਕੇ ਦਲਿਤ ਅਤੇ ਸ਼ਹਿਰੀ ਵੋਟਰਾਂ ਵਿੱਚ ਆਪਣੀ ਪਕੜ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਤਾਂ ਜੋ ਇੱਕ ਵੱਖਰਾ ਅਤੇ ਵਿਸ਼ਾਲ ਸਮਾਜਿਕ ਸਮੀਕਰਨ ਬਣਾਇਆ ਜਾ ਸਕੇ।
ਪੰਜਾਬ ਵਿੱਚ ਲਗਭਗ 32 ਫੀਸਦੀ ਦਲਿਤ ਵੋਟਰ ਹਨ, ਜੋ ਦੇਸ਼ ਵਿੱਚ ਸਭ ਤੋਂ ਵੱਡਾ ਦਲਿਤ ਵੋਟ ਬੈਂਕ ਮੰਨਿਆ ਜਾਂਦਾ ਹੈ। ਚਰਨਜੀਤ ਸਿੰਘ ਚੰਨੀ ਨੂੰ ਸਿੱਖ-ਦਲਿਤ ਭਾਈਚਾਰੇ ਦਾ ਇੱਕ ਪ੍ਰਭਾਵਸ਼ਾਲੀ ਚਿਹਰਾ ਮੰਨਿਆ ਜਾਂਦਾ ਹੈ। ਮੁੱਖ ਮੰਤਰੀ ਵਜੋਂ ਉਨ੍ਹਾਂ ਦੀ ਛਵੀ ਇੱਕ ਆਮ ਪਰਿਵਾਰ ਨਾਲ ਜੁੜੇ ਨੇਤਾ ਦੀ ਰਹੀ ਹੈ ਅਤੇ ਮੌਜੂਦਾ ਸਮੇਂ ਜਲੰਧਰ ਤੋਂ ਸੰਸਦ ਮੈਂਬਰ ਹੋਣ ਕਰਕੇ ਵੀ ਉਨ੍ਹਾਂ ਦਾ ਸਿਆਸੀ ਕੱਦ ਕਾਫ਼ੀ ਮਜ਼ਬੂਤ ਮੰਨਿਆ ਜਾਂਦਾ ਹੈ। ਇਸ ਕਾਰਨ ਪਾਰਟੀ ਉਨ੍ਹਾਂ ਨੂੰ ਅਗਲੀ ਚੋਣ ਲਈ ਕੇਂਦਰੀ ਚਿਹਰੇ ਵਜੋਂ ਪੇਸ਼ ਕਰਨ ਦੀ ਯੋਜਨਾ ‘ਤੇ ਕੰਮ ਕਰ ਰਹੀ ਹੈ।
ਇਸ ਤੋਂ ਇਲਾਵਾ, ਪੰਜਾਬ ਦੇ ਕਰੀਬ 25 ਤੋਂ 26 ਫੀਸਦੀ ਸ਼ਹਿਰੀ ਅਤੇ ਹਿੰਦੂ ਵੋਟਰਾਂ ਨੂੰ ਧਿਆਨ ਵਿੱਚ ਰੱਖਦਿਆਂ ਵਿਜੇਇੰਦਰ ਸਿੰਗਲਾ ਨੂੰ ਅਹਿਮ ਭੂਮਿਕਾ ਦੇਣ ਦੀ ਤਿਆਰੀ ਹੈ। ਲੁਧਿਆਣਾ, ਅੰਮ੍ਰਿਤਸਰ, ਜਲੰਧਰ ਅਤੇ ਪਟਿਆਲਾ ਵਰਗੇ ਵੱਡੇ ਸ਼ਹਿਰਾਂ ਵਿੱਚ ਇਹ ਵੋਟ ਬੈਂਕ ਚੋਣ ਨਤੀਜਿਆਂ ‘ਤੇ ਅਹਿਮ ਅਸਰ ਪਾ ਸਕਦਾ ਹੈ। ਕਾਂਗਰਸ ਨੂੰ ਉਮੀਦ ਹੈ ਕਿ ਦਲਿਤ, ਸ਼ਹਿਰੀ ਅਤੇ ਹਿੰਦੂ ਵੋਟਰਾਂ ਨੂੰ ਇੱਕ ਮੰਚ ‘ਤੇ ਲਿਆ ਕੇ ਉਹ ਪੰਜਾਬ ਦੀ ਸਿਆਸਤ ਵਿੱਚ ਆਪਣੀ ਸਥਿਤੀ ਨੂੰ ਹੋਰ ਮਜ਼ਬੂਤ ਕਰ ਸਕੇਗੀ। ਹਾਲਾਂਕਿ, ਪਾਰਟੀ ਵੱਲੋਂ ਇਸ ਲੀਡਰਸ਼ਿਪ ਫਾਰਮੂਲੇ ਦਾ ਅਧਿਕਾਰਕ ਐਲਾਨ ਹੋਣਾ ਅਜੇ ਬਾਕੀ ਹੈ।
Get all latest content delivered to your email a few times a month.