ਤਾਜਾ ਖਬਰਾਂ
ਜਲੰਧਰ ਦੇਹਾਤ ਪੁਲਿਸ ਦੀ ਐਂਟੀ-ਗੈਂਗਸਟਰ ਆਪ੍ਰੇਸ਼ਨਲ ਯੂਨਿਟ (ਸੀਆਈਏ ਸਟਾਫ਼) ਨੇ ਗੈਂਗਸਟਰਾਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਇੱਕ ਵੱਡੀ ਸਫ਼ਲਤਾ ਹਾਸਲ ਕਰਦਿਆਂ ਵਿਦੇਸ਼ ਵਿੱਚ ਬੈਠੇ ਗੈਂਗਸਟਰ ਡੋਨੀ ਬਲ ਦੇ ਗੈਂਗ ਨਾਲ ਜੁੜੇ ਦੋ ਅਹਿਮ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਕਾਰਵਾਈ ਦੌਰਾਨ ਮੁੱਖ ਸਰਗਨਾ ਸੁਖਜਿੰਦਰ ਸਿੰਘ ਉਰਫ਼ ਬਿੱਟੂ ਵਾਸੀ ਅੰਮ੍ਰਿਤਸਰ ਅਤੇ ਉਸ ਦੇ ਸਾਥੀ ਮਨੀਸ਼ ਉਰਫ਼ ਜੰਸਾ ਵਾਸੀ ਹੁਸ਼ਿਆਰਪੁਰ ਨੂੰ ਕਾਬੂ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਇੱਕ ਸਵਿਫਟ ਕਾਰ ਅਤੇ ਵੱਡੀ ਮਾਤਰਾ ਵਿੱਚ ਨਾਜਾਇਜ਼ ਹਥਿਆਰ ਬਰਾਮਦ ਕੀਤੇ ਹਨ।
ਬਰਾਮਦ ਅਸਲੇ ਵਿੱਚ 30 ਬੋਰ ਦੀ ਇੱਕ ਆਧੁਨਿਕ ਪਿਸਤੌਲ, ਤਿੰਨ ਮੈਗਜ਼ੀਨ, ਨੌਂ ਜ਼ਿੰਦਾ ਕਾਰਤੂਸ, 12 ਬੋਰ ਦੀ ਪੰਪ ਐਕਸ਼ਨ ਗਨ ਅਤੇ 32 ਬੋਰ ਦੀ ਇੱਕ ਹੋਰ ਪਿਸਤੌਲ ਸ਼ਾਮਲ ਹੈ। ਪੁਲਿਸ ਮੁਤਾਬਕ ਇਹ ਦੋਵੇਂ ਮੁਲਜ਼ਮ ਕਿਸੇ ਵੱਡੀ ਅਪਰਾਧਿਕ ਵਾਰਦਾਤ ਨੂੰ ਅੰਜਾਮ ਦੇਣ ਦੀ ਤਿਆਰੀ ਵਿੱਚ ਸਨ। ਗੁਪਤ ਸੂਚਨਾ ਦੇ ਆਧਾਰ ’ਤੇ ਖ਼ਾਸ ਨਾਕਾਬੰਦੀ ਕਰਕੇ ਉਨ੍ਹਾਂ ਨੂੰ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ।
ਜਾਂਚ ਦੌਰਾਨ ਸਾਹਮਣੇ ਆਇਆ ਕਿ ਸੁਖਜਿੰਦਰ ਸਿੰਘ ਉਰਫ਼ ਬਿੱਟੂ ਦੀ ਡੋਨੀ ਬਲ ਨਾਲ ਜਾਣ-ਪਛਾਣ ਸਾਲ 2017 ਵਿੱਚ ਅੰਮ੍ਰਿਤਸਰ ਕੇਂਦਰੀ ਜੇਲ੍ਹ ਵਿੱਚ ਹੋਈ ਸੀ। ਜੇਲ੍ਹ ਦੌਰਾਨ ਹੀ ਦੋਵਾਂ ਨੇ ਆਪਣਾ ਅਪਰਾਧਿਕ ਨੈੱਟਵਰਕ ਤਿਆਰ ਕੀਤਾ, ਜਿਸ ਦੇ ਸਬੰਧ ਜੱਗੂ ਭਗਵਾਨਪੁਰਿਆ ਗੈਂਗ ਨਾਲ ਚੱਲ ਰਹੀ ਪੁਰਾਣੀ ਰੰਜਿਸ਼ ਨਾਲ ਵੀ ਜੁੜੇ ਹੋਏ ਦੱਸੇ ਜਾ ਰਹੇ ਹਨ। ਜਾਨ ਨੂੰ ਖ਼ਤਰਾ ਹੋਣ ਕਾਰਨ ਬਿੱਟੂ ਜਲੰਧਰ ਦੇ ਬਿਲਗਾ ਅਤੇ ਮਹਿਤਪੁਰ ਖੇਤਰਾਂ ਵਿੱਚ ਲੁਕ ਕੇ ਰਹਿ ਰਿਹਾ ਸੀ ਅਤੇ ਆਪਣੀ ਸੁਰੱਖਿਆ ਦੇ ਨਾਲ-ਨਾਲ ਵਿਰੋਧੀਆਂ ’ਤੇ ਹਮਲੇ ਲਈ ਨਾਜਾਇਜ਼ ਹਥਿਆਰ ਇਕੱਠੇ ਕਰ ਰਿਹਾ ਸੀ।
ਪੁਲਿਸ ਨੇ ਇਹ ਵੀ ਖ਼ੁਲਾਸਾ ਕੀਤਾ ਕਿ ਮਾਰਚ 2026 ਵਿੱਚ ਮਹਿਤਪੁਰ ਪੁਲਿਸ ਵੱਲੋਂ ਬਰਾਮਦ ਕੀਤੀ ਗਈ ਵਿਦੇਸ਼ੀ ਗਲਾਕ ਪਿਸਤੌਲ ਵੀ ਡੋਨੀ ਬਲ ਵੱਲੋਂ ਬਿੱਟੂ ਦੇ ਨੈੱਟਵਰਕ ਰਾਹੀਂ ਪੰਜਾਬ ਭੇਜੀ ਗਈ ਸੀ। ਇਸੇ ਲੜੀ ਵਿੱਚ ਮਨੀਸ਼ ਉਰਫ਼ ਜੰਸਾ ਨੂੰ ਵੀ ਨਹਿਰ ਦੀ ਪੁਲੀ ਨੇੜੇ ਤੋਂ ਕਾਬੂ ਕੀਤਾ ਗਿਆ, ਜਿਸ ਕੋਲੋਂ 32 ਬੋਰ ਦੀ ਪਿਸਤੌਲ ਅਤੇ ਜ਼ਿੰਦਾ ਕਾਰਤੂਸ ਬਰਾਮਦ ਹੋਏ।
ਪੁਲਿਸ ਰਿਕਾਰਡ ਅਨੁਸਾਰ ਸੁਖਜਿੰਦਰ ਉਰਫ਼ ਬਿੱਟੂ ਖ਼ਿਲਾਫ਼ ਅੰਮ੍ਰਿਤਸਰ, ਤਰਨਤਾਰਨ ਅਤੇ ਜਲੰਧਰ ਦੇ ਵੱਖ-ਵੱਖ ਥਾਣਿਆਂ ਵਿੱਚ ਕਤਲ, ਕਤਲ ਦੀ ਕੋਸ਼ਿਸ਼ ਅਤੇ ਆਰਮਜ਼ ਐਕਟ ਤਹਿਤ ਕਰੀਬ 12 ਗੰਭੀਰ ਕੇਸ ਦਰਜ ਹਨ। ਦੂਜੇ ਪਾਸੇ ਮਨੀਸ਼ ਉਰਫ਼ ਜੰਸਾ ਖ਼ਿਲਾਫ਼ ਵੀ ਆਰਮਜ਼ ਐਕਟ ਅਤੇ ਐਨਡੀਪੀਐਸ ਐਕਟ ਤਹਿਤ ਕਈ ਮਾਮਲੇ ਪਹਿਲਾਂ ਤੋਂ ਦਰਜ ਹਨ। ਫਿਲਹਾਲ ਪੁਲਿਸ ਦੋਵਾਂ ਦਾ ਰਿਮਾਂਡ ਹਾਸਲ ਕਰਕੇ ਗੈਂਗ ਦੇ ਹੋਰ ਮੈਂਬਰਾਂ, ਹਥਿਆਰਾਂ ਦੀ ਸਪਲਾਈ ਚੇਨ ਅਤੇ ਸੰਭਾਵਿਤ ਅਪਰਾਧਿਕ ਸਾਜ਼ਿਸ਼ਾਂ ਬਾਰੇ ਡੂੰਘਾਈ ਨਾਲ ਪੁੱਛਗਿੱਛ ਕਰ ਰਹੀ ਹੈ।
Get all latest content delivered to your email a few times a month.