ਤਾਜਾ ਖਬਰਾਂ
ਮਾਨਸਾ ਜ਼ਿਲ੍ਹੇ ਦੇ ਪਿੰਡ ਕੋਟ ਧਰਮੂ ਵਿੱਚ ਰਿਸ਼ਤਿਆਂ ਨੂੰ ਸ਼ਰਮਸਾਰ ਕਰਨ ਵਾਲਾ ਇੱਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਇੱਥੇ 38 ਸਾਲਾ ਸੰਗਮਰਮਰ ਮਿਸਤਰੀ ਤਰਸੇਮ ਸਿੰਘ ਦਾ ਕਥਿਤ ਤੌਰ 'ਤੇ ਉਸ ਦੀ ਪਤਨੀ ਨੇ ਆਪਣੇ ਪ੍ਰੇਮੀ ਅਤੇ ਇੱਕ ਹੋਰ ਸਾਥੀ ਨਾਲ ਮਿਲ ਕੇ ਗਲਾ ਘੁੱਟ ਕੇ ਕਤਲ ਕਰ ਦਿੱਤਾ। ਹੈਰਾਨੀ ਦੀ ਗੱਲ ਇਹ ਰਹੀ ਕਿ ਕਤਲ ਤੋਂ ਬਾਅਦ ਪਤਨੀ ਨੇ ਖੁਦ ਹੀ ਪੁਲਿਸ ਕੋਲ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾ ਕੇ ਜਾਂਚ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ।
ਸ਼ੁੱਕਰਵਾਰ ਨੂੰ ਮਿਲੀ ਸ਼ਿਕਾਇਤ ਤੋਂ ਬਾਅਦ ਮਾਨਸਾ ਪੁਲਿਸ ਨੇ ਤੇਜ਼ੀ ਨਾਲ ਜਾਂਚ ਸ਼ੁਰੂ ਕੀਤੀ ਅਤੇ ਮਹਿਜ਼ 24 ਘੰਟਿਆਂ ਵਿੱਚ ਪੂਰੇ ਮਾਮਲੇ ਦਾ ਪਰਦਾਫਾਸ਼ ਕਰ ਦਿੱਤਾ। ਐਸਐਸਪੀ ਭਾਗੀਰਥ ਮੀਣਾ ਨੇ ਦੱਸਿਆ ਕਿ ਜਾਂਚ ਦੌਰਾਨ ਸਾਹਮਣੇ ਆਇਆ ਕਿ ਮ੍ਰਿਤਕ ਦੀ ਪਤਨੀ ਜਗਜੀਤ ਕੌਰ ਦੇ ਆਪਣੇ ਪਤੀ ਦੇ ਮਾਮੇ ਦੇ ਪੁੱਤਰ ਦੀਪ ਸਿੰਘ ਉਰਫ਼ ਕਾਲੂ ਨਾਲ ਪ੍ਰੇਮ ਸਬੰਧ ਸਨ। ਦੋਵਾਂ ਨੇ ਮਿਲ ਕੇ ਤਰਸੇਮ ਸਿੰਘ ਨੂੰ ਰਸਤੇ ਤੋਂ ਹਟਾਉਣ ਦੀ ਸਾਜ਼ਿਸ਼ ਬਣਾਈ ਅਤੇ ਇਸ ਲਈ ਇੱਕ ਹੋਰ ਸਾਥੀ ਗੋਬਿੰਦ ਸਿੰਘ ਨੂੰ ਵੀ ਆਪਣੇ ਨਾਲ ਸ਼ਾਮਲ ਕਰ ਲਿਆ।
ਪੁਲਿਸ ਮੁਤਾਬਕ ਤਰਸੇਮ ਸਿੰਘ ਕੁਝ ਦਿਨ ਪਹਿਲਾਂ ਆਪਣੀ ਪਤਨੀ ਅਤੇ ਦੋ ਬੱਚਿਆਂ ਨੂੰ ਗਰਮੀਆਂ ਦੀਆਂ ਛੁੱਟੀਆਂ ਲਈ ਉਸਦੇ ਪੇਕੇ ਪਿੰਡ ਬੋਹਾ ਛੱਡ ਕੇ ਆਇਆ ਸੀ। ਇਸ ਦੌਰਾਨ ਉਹ ਘਰ ਵਿੱਚ ਇਕੱਲਾ ਸੀ। ਕਥਿਤ ਦੋਸ਼ੀ ਕੰਧ ਟੱਪ ਕੇ ਘਰ ਵਿੱਚ ਦਾਖਲ ਹੋਏ ਅਤੇ ਕੱਪੜੇ ਨਾਲ ਉਸ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਵਾਰਦਾਤ ਤੋਂ ਬਾਅਦ ਘਟਨਾ ਨੂੰ ਲੁੱਟ ਜਾਂ ਅਣਪਛਾਤੇ ਹਮਲਾਵਰਾਂ ਵੱਲੋਂ ਕੀਤੀ ਗਈ ਹੱਤਿਆ ਵਾਂਗ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ।
ਜਾਂਚ ਦੌਰਾਨ ਮ੍ਰਿਤਕ ਦੇ ਭਰਾ ਵਿੱਕੀ ਸਿੰਘ ਨੇ ਪੁਲਿਸ ਨੂੰ ਪਰਿਵਾਰਕ ਵਿਵਾਦ ਅਤੇ ਜਗਜੀਤ ਕੌਰ ਦੇ ਕਥਿਤ ਨਾਜਾਇਜ਼ ਸਬੰਧਾਂ ਬਾਰੇ ਜਾਣਕਾਰੀ ਦਿੱਤੀ, ਜਿਸ ਤੋਂ ਬਾਅਦ ਜਾਂਚ ਦੀ ਦਿਸ਼ਾ ਬਦਲ ਗਈ। ਸਖ਼ਤੀ ਨਾਲ ਪੁੱਛਗਿੱਛ ਕਰਨ 'ਤੇ ਜਗਜੀਤ ਕੌਰ ਨੇ ਕਥਿਤ ਤੌਰ 'ਤੇ ਪੂਰੀ ਸਾਜ਼ਿਸ਼ ਦਾ ਖੁਲਾਸਾ ਕਰ ਦਿੱਤਾ।
ਪੁਲਿਸ ਨੇ ਇਸ ਮਾਮਲੇ ਵਿੱਚ ਜਗਜੀਤ ਕੌਰ, ਦੀਪ ਸਿੰਘ ਉਰਫ਼ ਕਾਲੂ ਅਤੇ ਗੋਬਿੰਦ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਤਿੰਨਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਜੋ ਕਤਲ ਵਿੱਚ ਵਰਤੇ ਗਏ ਕੱਪੜੇ, ਮੋਟਰਸਾਈਕਲ ਅਤੇ ਹੋਰ ਅਹਿਮ ਸਬੂਤ ਬਰਾਮਦ ਕੀਤੇ ਜਾ ਸਕਣ। ਪੁਲਿਸ ਵੱਲੋਂ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।
Get all latest content delivered to your email a few times a month.