IMG-LOGO
ਹੋਮ ਰਾਸ਼ਟਰੀ: ਪੁਣੇ ਦਾ ਹਾਈਪ੍ਰੋਫਾਈਲ ਕਤਲਕਾਂਡ: ਲੋਹਗੜ੍ਹ ਕਿਲੇ ਤੋਂ ਮੰਗੇਤਰ ਨੂੰ ਧੱਕਾ...

ਪੁਣੇ ਦਾ ਹਾਈਪ੍ਰੋਫਾਈਲ ਕਤਲਕਾਂਡ: ਲੋਹਗੜ੍ਹ ਕਿਲੇ ਤੋਂ ਮੰਗੇਤਰ ਨੂੰ ਧੱਕਾ ਦੇਣ ਦੇ ਮਾਮਲੇ 'ਚ ਕੁੜੀ ਦੇ ਮਾਪਿਆਂ ਦਾ ਵੱਡਾ ਬਿਆਨ; ਕਿਹਾ- "ਜੇ ਧੀ ਦੋਸ਼ੀ ਹੈ,...

Admin User - Jun 26, 2026 01:47 PM
IMG

ਮਹਾਰਾਸ਼ਟਰ ਦੇ ਪੁਣੇ ਵਿੱਚ ਸਥਿਤ ਇਤਿਹਾਸਕ ਲੋਹਗੜ੍ਹ ਕਿਲੇ ਵਿੱਚ ਟ੍ਰੈਕਿੰਗ ਦੌਰਾਨ ਹੋਏ ਕਥਿਤ ਹਾਦਸੇ ਨੇ ਹੁਣ ਇੱਕ ਖ਼ੌਫ਼ਨਾਕ ਕਤਲਕਾਂਡ ਦਾ ਰੂਪ ਲੈ ਲਿਆ ਹੈ। ਨੌਜਵਾਨ ਕੇਤਲ ਅਗਰਵਾਲ ਦੀ ਮੌਤ ਦੇ ਮਾਮਲੇ ਵਿੱਚ ਉਸ ਦੀ ਹੀ ਮੰਗੇਤਰ ਸੀਆ ਗੋਇਲ 'ਤੇ ਆਪਣੇ ਪ੍ਰੇਮੀ ਚੇਤਨ ਬਾਬੂਲਾਲ ਚੌਧਰੀ ਨਾਲ ਮਿਲ ਕੇ ਕੇਤਲ ਨੂੰ ਕਿਲੇ ਦੀ ਉਚਾਈ ਤੋਂ ਹੇਠਾਂ ਧੱਕਾ ਦੇ ਕੇ ਮਾਰਨ ਦੇ ਗੰਭੀਰ ਦੋਸ਼ ਲੱਗੇ ਹਨ। ਸ਼ੁਰੂਆਤੀ ਦੌਰ ਵਿੱਚ ਇਸ ਨੂੰ ਮਹਿਜ਼ ਇੱਕ ਹਾਦਸਾ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਇਸ ਦਿਲ ਕੰਬਾਊ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਹੁਣ ਮੁਲਜ਼ਮ ਲੜਕੀ ਸੀਆ ਦੇ ਮਾਪਿਆਂ ਦਾ ਬੇਹੱਦ ਦੁਖਦਾਈ ਅਤੇ ਵੱਡਾ ਬਿਆਨ ਸਾਹਮਣੇ ਆਇਆ ਹੈ, ਜਿਨ੍ਹਾਂ ਨੇ ਅਦਾਲਤ ਤੋਂ ਆਪਣੀ ਧੀ ਲਈ ਸਖ਼ਤ ਤੋਂ ਸਖ਼ਤ ਸਜ਼ਾ ਦੀ ਮੰਗ ਕੀਤੀ ਹੈ।


ਮੁਲਜ਼ਮ ਸੀਆ ਦੀ ਮਾਂ ਪੂਜਾ ਗੋਇਲ ਨੇ ਰੋਂਦਿਆਂ ਆਪਣਾ ਦਰਦ ਬਿਆਨ ਕਰਦਿਆਂ ਕਿਹਾ ਕਿ ਇਸ ਖ਼ੂਨੀ ਖੇਡ ਕਾਰਨ ਸਿਰਫ਼ ਇੱਕ ਨਹੀਂ, ਬਲਕਿ ਦੋ ਹੱਸਦੇ-ਖੇਡਦੇ ਪਰਿਵਾਰ ਪੂਰੀ ਤਰ੍ਹਾਂ ਬਰਬਾਦ ਹੋ ਗਏ ਹਨ। ਉਨ੍ਹਾਂ ਖ਼ੁਲਾਸਾ ਕੀਤਾ ਕਿ ਸੀਆ ਨੇ ਕੇਤਨ ਨਾਲ ਹੋਣ ਵਾਲੇ ਇਸ ਵਿਆਹ ਨੂੰ ਲੈ ਕੇ ਕਦੇ ਵੀ ਕੋਈ ਨਾਰਾਜ਼ਗੀ ਜ਼ਾਹਿਰ ਨਹੀਂ ਸੀ ਕੀਤੀ। ਦੋਵਾਂ ਪਰਿਵਾਰਾਂ ਦੀ ਸਹਿਮਤੀ ਨਾਲ ਇਸੇ ਸਾਲ ਨਵੰਬਰ ਮਹੀਨੇ ਵਿੱਚ ਰਾਜਸਥਾਨ ਦੇ ਉਦੇਪੁਰ ਸਥਿਤ ਇੱਕ ਸ਼ਾਹੀ ਮਹਿਲ ਵਿੱਚ ਬੇਹੱਦ ਧੂਮ-ਧਾਮ ਨਾਲ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ। ਪੂਜਾ ਗੋਇਲ ਨੇ ਭਰੇ ਮਨ ਨਾਲ ਕਿਹਾ, "ਮੈਨੂੰ ਕੇਤਨ ਦੇ ਪਰਿਵਾਰ ਨਾਲੋਂ ਵੀ ਵੱਧ ਤਕਲੀਫ਼ ਹੋ ਰਹੀ ਹੈ। ਜੇਕਰ ਮੇਰੀ ਧੀ ਨੇ ਇਹ ਗੁਨਾਹ ਕੀਤਾ ਹੈ, ਤਾਂ ਕਾਨੂੰਨ ਉਸ ਨੂੰ ਬਖ਼ਸ਼ੇ ਨਾ। ਉਸ ਨੂੰ ਵੀ ਉਸੇ ਕਿਲੇ ਦੀ ਚੋਟੀ ਤੋਂ ਹੇਠਾਂ ਸੁੱਟ ਦੇਣਾ ਚਾਹੀਦਾ ਹੈ, ਜਿੱਥੋਂ ਉਸ ਨੇ ਕੇਤਨ ਨੂੰ ਸੁੱਟਿਆ ਸੀ।"


ਧੀ ਦੇ ਗੁਨਾਹਾਂ ਤੋਂ ਸ਼ਰਮਸਾਰ ਪਿਤਾ ਪ੍ਰਵੀਨ ਗੋਇਲ ਨੇ ਵੀ ਆਪਣੀ ਪਤਨੀ ਦੀ ਮੰਗ ਦਾ ਪੂਰਨ ਸਮਰਥਨ ਕੀਤਾ। ਉਨ੍ਹਾਂ ਕਿਹਾ ਕਿ ਦੋਵਾਂ ਪਰਿਵਾਰਾਂ ਦੇ ਸਾਲਾਂ ਪੁਰਾਣੇ ਅਤੇ ਬੇਹੱਦ ਸੁਖਾਵੇਂ ਸਬੰਧ ਸਨ। ਉਨ੍ਹਾਂ ਲਈ ਇਸ ਸੱਚਾਈ 'ਤੇ ਯਕੀਨ ਕਰਨਾ ਮੁਸ਼ਕਿਲ ਹੋ ਰਿਹਾ ਹੈ ਕਿ ਉਨ੍ਹਾਂ ਦੀ ਆਪਣੀ ਖ਼ੂਨ ਨੇ ਅਜਿਹੀ ਘਿਨਾਉਣੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਪਿਤਾ ਨੇ ਕਿਹਾ, "ਅਸੀਂ ਕੇਤਨ ਨੂੰ ਆਪਣਾ ਜਵਾਈ ਨਹੀਂ, ਬਲਕਿ ਸੱਕਾ ਪੁੱਤ ਮੰਨਦੇ ਸੀ ਅਤੇ ਉਸ ਨੂੰ ਬਹੁਤ ਪਿਆਰ ਕਰਦੇ ਸੀ। ਉਹ ਬਹੁਤ ਹੀ ਹੋਨਹਾਰ, ਸੰਸਕਾਰੀ ਅਤੇ ਨੇਕ ਦਿਲ ਲੜਕਾ ਸੀ। ਉਸ ਨੂੰ ਗੁਆਉਣ ਦਾ ਸਦਮਾ ਅਸੀਂ ਜ਼ਿੰਦਗੀ ਭਰ ਨਹੀਂ ਭੁੱਲ ਸਕਦੇ।"


ਜਾਂਚ ਦੌਰਾਨ ਜਦੋਂ ਸੀਆ ਦੇ ਪ੍ਰੇਮੀ ਚੇਤਨ ਚੌਧਰੀ ਦਾ ਨਾਂ ਸਾਹਮਣੇ ਆਇਆ, ਤਾਂ ਪਰਿਵਾਰ ਨੇ ਦਾਅਵਾ ਕੀਤਾ ਕਿ ਉਹ ਇਸ ਨੌਜਵਾਨ ਬਾਰੇ ਬਿਲਕੁਲ ਅਣਜਾਣ ਸਨ। ਮਾਂ ਮੁਤਾਬਕ ਮੰਗਣੀ ਹੋਣ ਤੋਂ ਬਾਅਦ ਸੀਆ ਲਗਾਤਾਰ ਸਿਰਫ਼ ਕੇਤਨ ਨਾਲ ਹੀ ਫ਼ੋਨ 'ਤੇ ਗੱਲਬਾਤ ਕਰਦੀ ਦਿਖਾਈ ਦਿੰਦੀ ਸੀ। ਉਨ੍ਹਾਂ ਹੈਰਾਨੀ ਪ੍ਰਗਟ ਕਰਦਿਆਂ ਸਵਾਲ ਚੁੱਕਿਆ ਕਿ ਕੀ 19 ਸਾਲ ਦੀ ਇੱਕ ਲੜਕੀ ਇੰਨੀ ਵੱਡੀ ਅਤੇ ਖ਼ੌਫ਼ਨਾਕ ਸਾਜ਼ਿਸ਼ ਰਚ ਸਕਦੀ ਹੈ? ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਅੱਜ ਤੱਕ ਨਾ ਤਾਂ ਚੇਤਨ ਦੀ ਸ਼ਕਲ ਦੇਖੀ ਹੈ ਅਤੇ ਨਾ ਹੀ ਉਹ ਕਦੇ ਉਨ੍ਹਾਂ ਦੇ ਘਰ ਆਇਆ ਸੀ। ਫਿਲਹਾਲ, ਪੁਲਿਸ ਦੋਵਾਂ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲੈ ਕੇ ਇਸ ਕਤਲਕਾਂਡ ਦੀਆਂ ਪਰਤਾਂ ਫੋਲਣ ਵਿੱਚ ਜੁਟੀ ਹੋਈ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.