ਤਾਜਾ ਖਬਰਾਂ
ਪੰਜਾਬ ਦੀ ਸਿਆਸਤ ਵਿੱਚ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਮੁੜ ਇਕੱਠੇ ਹੋਣ ਦੀਆਂ ਚਰਚਾਵਾਂ ਨੂੰ ਉਸ ਵੇਲੇ ਹੋਰ ਹਵਾ ਮਿਲ ਗਈ, ਜਦੋਂ ਭਾਜਪਾ ਦੇ ਸੀਨੀਅਰ ਆਗੂ ਨਿਤਿਨ ਨਬੀਨ ਨੇ ਗਠਜੋੜ ਦੀ ਸੰਭਾਵਨਾ ਨੂੰ ਪੂਰੀ ਤਰ੍ਹਾਂ ਨਕਾਰਨ ਦੀ ਬਜਾਏ ਇਸ 'ਤੇ ਅਗਲੇ 6 ਮਹੀਨਿਆਂ ਤੱਕ ਉਡੀਕ ਕਰਨ ਦਾ ਬਿਆਨ ਦਿੱਤਾ। ਉਨ੍ਹਾਂ ਸਪੱਸ਼ਟ ਕੀਤਾ ਕਿ ਫਿਲਹਾਲ ਪਾਰਟੀ ਸੂਬੇ ਦੀਆਂ ਸਾਰੀਆਂ ਵਿਧਾਨ ਸਭਾ ਸੀਟਾਂ 'ਤੇ ਸੰਗਠਨ ਨੂੰ ਮਜ਼ਬੂਤ ਕਰਨ ਵਿੱਚ ਜੁਟੀ ਹੋਈ ਹੈ, ਪਰ ਭਵਿੱਖ ਵਿੱਚ ਗਠਜੋੜ ਕਰਨਾ ਹੈ ਜਾਂ ਨਹੀਂ, ਇਸ ਦਾ ਫੈਸਲਾ ਸਮਾਂ, ਪ੍ਰਸਥਿਤੀਆਂ ਅਤੇ ਜਨਤਾ ਵੱਲੋਂ ਮਿਲਣ ਵਾਲੇ ਸਿਆਸੀ ਸੰਦੇਸ਼ ਦੇ ਆਧਾਰ 'ਤੇ ਹੀ ਲਿਆ ਜਾਵੇਗਾ। ਇਸ ਬਿਆਨ ਤੋਂ ਬਾਅਦ ਸਿਆਸੀ ਮਾਹਰਾਂ ਦਾ ਮੰਨਣਾ ਹੈ ਕਿ ਦੋਵਾਂ ਪਾਰਟੀਆਂ ਵਿਚਕਾਰ ਪਰਦੇ ਪਿੱਛੇ ਗੱਲਬਾਤ ਦੇ ਰਾਹ ਅਜੇ ਵੀ ਖੁੱਲ੍ਹੇ ਹਨ।
ਨਿਤਿਨ ਨਬੀਨ ਨੇ ਅੱਗੇ ਕਿਹਾ ਕਿ ਫਿਲਹਾਲ ਗਠਜੋੜ ਦੇ ਨਫ਼ੇ-ਨੁਕਸਾਨ ਦਾ ਮੁਲਾਂਕਣ ਕਰਨ ਦਾ ਕੋਈ ਤੁਕ ਨਹੀਂ ਬਣਦਾ, ਕਿਉਂਕਿ ਚੋਣ ਪ੍ਰਕਿਰਿਆ ਅੱਗੇ ਵਧਣ 'ਤੇ ਹਾਲਾਤ ਬਦਲ ਸਕਦੇ ਹਨ। ਉਨ੍ਹਾਂ ਕਿਹਾ, "ਅੱਜ ਅਸੀਂ ਨਾ ਤਾਂ ਇਸ ਗਠਜੋੜ ਦੇ ਹੱਕ ਵਿੱਚ ਹਾਂ ਅਤੇ ਨਾ ਹੀ ਵਿਰੋਧ ਵਿੱਚ। ਅਸੀਂ ਹਰ ਹਲਕੇ ਵਿੱਚ ਭਾਜਪਾ ਦੇ ਢਾਂਚੇ ਨੂੰ ਮਜ਼ਬੂਤ ਕਰ ਰਹੇ ਹਾਂ। ਜਦੋਂ ਸਹੀ ਸਮਾਂ ਆਵੇਗਾ, ਅਸੀਂ ਜ਼ਮੀਨੀ ਹਕੀਕਤ ਨੂੰ ਦੇਖਦੇ ਹੋਏ ਫੈਸਲਾ ਲਵਾਂਗੇ।"
ਗਠਜੋੜ ਨੂੰ ਲੈ ਕੇ ਪੰਜਾਬ ਭਾਜਪਾ ਦੀ ਲੀਡਰਸ਼ਿਪ ਵਿੱਚ ਸ਼ੁਰੂ ਤੋਂ ਹੀ ਵੱਖੋ-ਵੱਖਰੀ ਰਾਏ ਦੇਖਣ ਨੂੰ ਮਿਲ ਰਹੀ ਹੈ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸੁਨੀਲ ਜਾਖੜ ਵਰਗੇ ਦਿੱਗਜ ਆਗੂ ਖੁੱਲ੍ਹ ਕੇ ਅਕਾਲੀ ਦਲ ਨਾਲ ਦੁਬਾਰਾ ਹੱਥ ਮਿਲਾਉਣ ਦੀ ਵਕਾਲਤ ਕਰ ਚੁੱਕੇ ਹਨ। ਕੈਪਟਨ ਅਮਰਿੰਦਰ ਸਿੰਘ ਨੇ ਇੱਕ ਪੋਡਕਾਸਟ ਦੌਰਾਨ ਸਪੱਸ਼ਟ ਚੇਤਾਵਨੀ ਦਿੱਤੀ ਸੀ ਕਿ ਭਾਜਪਾ ਪੰਜਾਬ ਵਿੱਚ ਇਕੱਲੇ ਦਮ 'ਤੇ ਕਦੇ ਸਰਕਾਰ ਨਹੀਂ ਬਣਾ ਸਕਦੀ। ਉਨ੍ਹਾਂ ਕਿਹਾ ਸੀ ਕਿ ਜੇਕਰ ਅਕਾਲੀ ਦਲ ਨਾਲ ਸਮਝੌਤਾ ਨਾ ਹੋਇਆ, ਤਾਂ ਪਾਰਟੀ 2027 ਤਾਂ ਕੀ, 2032 ਵਿੱਚ ਵੀ ਸੱਤਾ ਹਾਸਲ ਕਰਨ ਦਾ ਖ਼ਾਬ ਭੁੱਲ ਜਾਵੇ।
ਦੂਜੇ ਪਾਸੇ, ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਅਤੇ ਵਿਧਾਇਕ ਅਸ਼ਵਨੀ ਸ਼ਰਮਾ ਨੇ ਕੈਪਟਨ ਦੇ ਇਸ ਦਾਅਵੇ ਨੂੰ ਪੂਰੀ ਤਰ੍ਹਾਂ ਖਾਰਜ ਕਰਦਿਆਂ ਇਸ ਨੂੰ ਉਨ੍ਹਾਂ ਦਾ ਨਿੱਜੀ ਬਿਆਨ ਦੱਸਿਆ ਸੀ। ਸ਼ਰਮਾ ਦਾ ਕਹਿਣਾ ਹੈ ਕਿ ਭਾਜਪਾ ਸੂਬੇ ਦੀਆਂ ਸਾਰੀਆਂ 117 ਵਿਧਾਨ ਸਭਾ ਸੀਟਾਂ 'ਤੇ ਇਕੱਲਿਆਂ ਚੋਣ ਲੜਨ ਦੀ ਤਿਆਰੀ ਕਰ ਰਹੀ ਹੈ ਅਤੇ ਇੱਕ ਅੰਦੋਲਨ ਵਾਂਗ ਕੰਮ ਕਰ ਰਹੀ ਹੈ।
ਕੈਪਟਨ ਅਮਰਿੰਦਰ ਸਿੰਘ ਦੇ ਬਿਆਨ ਦਾ ਸਮਰਥਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੀ ਬਠਿੰਡਾ ਤੋਂ ਸਾਂਸਦ ਬੀਬਾ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਕੈਪਟਨ ਅਤੇ ਜਾਖੜ ਵਰਗੇ ਲੀਡਰ ਪੰਜਾਬ ਦੀ ਜ਼ਮੀਨੀ ਹਕੀਕਤ ਤੋਂ ਚੰਗੀ ਤਰ੍ਹਾਂ ਵਾਕਫ਼ ਹਨ। ਉਨ੍ਹਾਂ ਦਿੱਲੀ ਬੈਠੇ ਭਾਜਪਾ ਦੇ ਉੱਚ ਸਲਾਹਕਾਰਾਂ 'ਤੇ ਤਨਜ਼ ਕਸਦਿਆਂ ਕਿਹਾ ਕਿ ਜੋ ਲੋਕ ਆਪਣੇ ਨਿੱਜੀ ਫਾਇਦੇ ਲਈ ਭਾਜਪਾ ਦੇ ਮੋਢਿਆਂ 'ਤੇ ਬੈਠੇ ਹਨ, ਜੇਕਰ ਗਠਜੋੜ ਹੋ ਗਿਆ ਤਾਂ ਉਨ੍ਹਾਂ ਦੀਆਂ ਸਿਆਸੀ ਦੁਕਾਨਾਂ ਬੰਦ ਹੋ ਜਾਣਗੀਆਂ।
ਹਰਸਿਮਰਤ ਬਾਦਲ ਨੇ ਸਾਫ਼ ਕੀਤਾ ਕਿ ਭਾਜਪਾ ਇਕੱਲਿਆਂ ਕਦੇ ਵੀ ਪੰਜਾਬ 'ਤੇ ਰਾਜ ਨਹੀਂ ਕਰ ਸਕਦੀ, ਸਿਰਫ਼ ਗਠਜੋੜ ਦੀ ਸਰਕਾਰ ਹੀ ਸੰਭਵ ਹੈ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਸਿਰਫ਼ ਸੱਤਾ ਦੀ ਭੁੱਖੀ ਨਹੀਂ ਹੈ। ਇਹ 105 ਸਾਲ ਪੁਰਾਣੀ ਜਮਾਤ ਹੈ ਜੋ ਪੰਜਾਬੀਆਂ ਅਤੇ ਪੰਥ ਦੇ ਹਿੱਤਾਂ ਦੀ ਰਾਖੀ ਲਈ ਬਣੀ ਸੀ। ਗਠਜੋੜ ਤਾਂ ਹੀ ਸੰਭਵ ਹੋਵੇਗਾ ਜੇਕਰ ਕੇਂਦਰ ਸਰਕਾਰ ਪੰਜਾਬ ਦੇ ਲਟਕਦੇ ਆ ਰਹੇ ਹੱਕੀ ਮੁੱਦਿਆਂ ਨੂੰ ਗੰਭੀਰਤਾ ਨਾਲ ਸੁਣੇਗੀ ਅਤੇ ਹੱਲ ਕਰੇਗੀ।
Get all latest content delivered to your email a few times a month.