IMG-LOGO
ਹੋਮ ਪੰਜਾਬ: ਮੁੰਦਰਾ ਪੋਰਟ ਡਰੱਗ ਮਾਮਲਾ: ਕਰੋੜਾਂ ਦੀ ਮਨੀ ਲਾਂਡਰਿੰਗ 'ਚ ਦਿੱਲੀ...

ਮੁੰਦਰਾ ਪੋਰਟ ਡਰੱਗ ਮਾਮਲਾ: ਕਰੋੜਾਂ ਦੀ ਮਨੀ ਲਾਂਡਰਿੰਗ 'ਚ ਦਿੱਲੀ ਦਾ ਵੱਡਾ ਕਾਰੋਬਾਰੀ ਹਰਪ੍ਰੀਤ ਤਲਵਾੜ ਉਰਫ਼ ਕਬੀਰ ED ਵੱਲੋਂ ਗ੍ਰਿਫ਼ਤਾਰ

Admin User - Jun 26, 2026 12:46 PM
IMG

ਨਸ਼ਾ ਤਸਕਰੀ ਅਤੇ ਕਾਲੇ ਧਨ ਨੂੰ ਚਿੱਟਾ ਕਰਨ (ਮਨੀ ਲਾਂਡਰਿੰਗ) ਦੇ ਅੰਤਰਰਾਸ਼ਟਰੀ ਨੈੱਟਵਰਕ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਇੱਕ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਕੇਂਦਰੀ ਜਾਂਚ ਏਜੰਸੀ ਨੇ ਦਿੱਲੀ ਦੇ ਨਾਮੀ ਕਾਰੋਬਾਰੀ ਹਰਪ੍ਰੀਤ ਸਿੰਘ ਤਲਵਾੜ ਉਰਫ਼ ਕਬੀਰ ਤਲਵਾੜ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਹ ਕਾਰਵਾਈ 24 ਅਤੇ 25 ਜੂਨ ਨੂੰ ਰਾਸ਼ਟਰੀ ਰਾਜਧਾਨੀ ਦਿੱਲੀ ਸਥਿਤ ਛੇ ਵੱਖ-ਵੱਖ ਟਿਕਾਣਿਆਂ 'ਤੇ ਕੀਤੀ ਗਈ ਗੁਪਤ ਛਾਪੇਮਾਰੀ ਤੋਂ ਬਾਅਦ ਅਮਲ ਵਿੱਚ ਲਿਆਂਦੀ ਗਈ। ਜ਼ਿਕਰਯੋਗ ਹੈ ਕਿ ਇਹ ਮਾਮਲਾ ਸਾਲ 2021 ਵਿੱਚ ਗੁਜਰਾਤ ਦੇ ਮੁੰਦਰਾ ਪੋਰਟ 'ਤੇ ਜ਼ਬਤ ਕੀਤੀ ਗਈ ਲਗਭਗ 3,000 ਕਿਲੋਗ੍ਰਾਮ ਹੈਰੋਇਨ ਦੀ ਖੇਪ ਅਤੇ ਉਸ ਤੋਂ ਪੈਦਾ ਹੋਈ ਕਰੋੜਾਂ ਰੁਪਏ ਦੀ ਡਰੱਗ ਮਨੀ ਨਾਲ ਜੁੜਿਆ ਹੋਇਆ ਹੈ।


ED ਦੇ ਅਧਿਕਾਰੀਆਂ ਮੁਤਾਬਕ ਤਲਵਾੜ ਨੂੰ ਹਿਰਾਸਤ ਵਿੱਚ ਲੈਣ ਤੋਂ ਬਾਅਦ ਮਨੀ ਲਾਂਡਰਿੰਗ ਰੋਕਥਾਮ ਐਕਟ (PMLA) ਦੀ ਵਿਸ਼ੇਸ਼ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਗਿਆ ਹੈ। ਜਾਂਚ ਏਜੰਸੀ ਨੇ ਕਬੀਰ ਤਲਵਾੜ ਨੂੰ ਇਸ ਪੂਰੇ ਅੰਤਰਰਾਸ਼ਟਰੀ ਨਸ਼ਾ ਤਸਕਰੀ ਸਿੰਡੀਕੇਟ ਦਾ ਮੁੱਖ ਮੁਲਜ਼ਮ ਅਤੇ ਸਰਗਨਾ ਦੱਸਿਆ ਹੈ। ਇਸ ਤੋਂ ਪਹਿਲਾਂ, ਅਗਸਤ 2022 ਵਿੱਚ ਰਾਸ਼ਟਰੀ ਜਾਂਚ ਏਜੰਸੀ (NIA) ਵੀ ਇਸੇ ਮਾਮਲੇ ਵਿੱਚ ਤਲਵਾੜ ਨੂੰ ਸਲਾਖਾਂ ਪਿੱਛੇ ਧੱਕ ਚੁੱਕੀ ਹੈ। ED ਦੀਆਂ ਟੀਮਾਂ ਹੁਣ ਮੁਲਜ਼ਮ ਦੇ ਕਰਮਚਾਰੀਆਂ, ਕਾਰੋਬਾਰੀ ਹਿੱਸੇਦਾਰਾਂ ਅਤੇ ਉਸ ਨਾਲ ਜੁੜੀਆਂ ਸ਼ੱਕੀ ਸੰਸਥਾਵਾਂ ਦੇ ਨੈੱਟਵਰਕ ਨੂੰ ਖੰਗਾਲਣ ਵਿੱਚ ਜੁਟੀਆਂ ਹੋਈਆਂ ਹਨ।


NIA ਵੱਲੋਂ ਅਦਾਲਤ ਵਿੱਚ ਦਾਇਰ ਕੀਤੀਆਂ ਛੇ ਚਾਰਜਸ਼ੀਟਾਂ ਦੇ ਹਵਾਲੇ ਨਾਲ ED ਨੇ ਦੱਸਿਆ ਕਿ ਇਹ ਨਸ਼ਾ ਤਸਕਰੀ ਸਿੰਡੀਕੇਟ ਭਾਰਤ, ਅਫ਼ਗਾਨਿਸਤਾਨ, ਪਾਕਿਸਤਾਨ ਅਤੇ ਦੁਬਈ ਤੱਕ ਫੈਲਿਆ ਹੋਇਆ ਹੈ। ਇਸ ਨੈੱਟਵਰਕ ਦਾ ਸੰਚਾਲਨ ਭਗੌੜੇ ਅਪਰਾਧੀ ਵਿਤੇਸ਼ ਕੋਸਰ (ਉਰਫ਼ ਰਾਜੂ ਦੁਬਈ) ਵੱਲੋਂ ਪਾਕਿਸਤਾਨੀ ਖੁਫੀਆ ਏਜੰਸੀ 'ਆਈ.ਐਸ.ਆਈ.' (ISI) ਦੇ ਏਜੰਟਾਂ ਅਤੇ ਅਫ਼ਗਾਨ ਨਾਗਰਿਕਾਂ ਨਾਲ ਮਿਲੀਭੁਗਤ ਕਰਕੇ ਕੀਤਾ ਜਾ ਰਿਹਾ ਸੀ।


ਤਲਵਾੜ 'ਤੇ ਦੋਸ਼ ਹੈ ਕਿ ਉਸ ਨੇ ਅਰਧ-ਪ੍ਰੋਸੈਸਡ ਟੈਲਕ (ਪੱਥਰ ਦੇ ਪਾਊਡਰ) ਦੇ ਆਯਾਤ ਦੀ ਆੜ ਵਿੱਚ ਭਾਰਤ ਅੰਦਰ ਭਾਰੀ ਮਾਤਰਾ ਵਿੱਚ ਹੈਰੋਇਨ ਮੰਗਵਾਈ। ਜਾਂਚ ਦੌਰਾਨ ਇਹ ਹੈਰਾਨੀਜਨਕ ਖ਼ੁਲਾਸਾ ਹੋਇਆ ਹੈ ਕਿ ਨਸ਼ਿਆਂ ਦੀ ਨਾਜਾਇਜ਼ ਵਿਕਰੀ ਤੋਂ ਕਮਾਏ ਗਏ ਕਰੀਬ 74 ਕਰੋੜ ਰੁਪਏ ਹਵਾਲਾ ਨੈੱਟਵਰਕ ਰਾਹੀਂ ਅਫ਼ਗਾਨਿਸਤਾਨ ਭੇਜੇ ਗਏ, ਜਿਸ ਦੀ ਵਰਤੋਂ ਭਾਰਤ ਵਿਰੋਧੀ ਅੱਤਵਾਦੀ ਗਤੀਵਿਧੀਆਂ (ਟੈਰਰ ਫੰਡਿੰਗ) ਲਈ ਕੀਤੀ ਗਈ। ਇਸ ਕੰਮ ਦੇ ਬਦਲੇ ਤਲਵਾੜ ਨੂੰ ਵਿਦੇਸ਼ੀ ਡਰਾਈ ਫਰੂਟ, ਮਹਿੰਗੇ ਪਰਫਿਊਮ ਅਤੇ ਖਜੂਰਾਂ ਸਮੇਤ ਕਰੋੜਾਂ ਰੁਪਏ ਦੀ ਨਕਦੀ ਕਮਿਸ਼ਨ ਵਜੋਂ ਮਿਲੀ। ED ਨੇ ਤਲਵਾੜ ਕੋਲੋਂ 1.65 ਕਰੋੜ ਰੁਪਏ ਦੀ ਅਪਰਾਧਿਕ ਕਮਾਈ (ਪ੍ਰੋਸੀਡਜ਼ ਆਫ਼ ਕ੍ਰਾਈਮ) ਦਾ ਪਤਾ ਲਗਾਇਆ ਹੈ।


ਕੇਂਦਰੀ ਜਾਂਚ ਏਜੰਸੀ ਦੀ ਪੜਤਾਲ ਵਿੱਚ ਸਾਹਮਣੇ ਆਇਆ ਕਿ ਤਲਵਾੜ ਨੇ ਆਪਣੇ ਕਾਲੇ ਧਨ ਨੂੰ ਸੁਰੱਖਿਅਤ ਕਰਨ ਲਈ ਆਪਣੇ ਦੋਸਤਾਂ ਅਤੇ ਮੁਲਾਜ਼ਮਾਂ ਦੇ ਨਾਂ 'ਤੇ ਕਈ ਫਰਜ਼ੀ ਕੰਪਨੀਆਂ ਬਣਾਈਆਂ ਹੋਈਆਂ ਸਨ। ਇਨ੍ਹਾਂ ਵਿੱਚੋਂ 'ਮੈਜੈਂਟ ਇੰਡੀਆ' ਨਾਮਕ ਕੰਪਨੀ ਰਾਹੀਂ ਹੀ ਅਫ਼ਗਾਨਿਸਤਾਨ ਤੋਂ ਹੈਰੋਇਨ ਵਾਲੀਆਂ ਖੇਪਾਂ ਮੰਗਵਾਈਆਂ ਗਈਆਂ ਸਨ।


ਸਭ ਤੋਂ ਵੱਡਾ ਖ਼ੁਲਾਸਾ ਇਹ ਹੈ ਕਿ ਇਸ ਡਰੱਗ ਮਨੀ ਨੂੰ ਦਿੱਲੀ ਦੇ ਕਈ ਬੇਹੱਦ ਹਾਈਪ੍ਰੋਫਾਈਲ ਅਤੇ ਮਹਿੰਗੇ ਨਾਈਟ ਕਲੱਬਾਂ ਤੇ ਲਾਊਂਜਾਂ ਵਿੱਚ ਨਿਵੇਸ਼ ਕੀਤਾ ਗਿਆ ਸੀ, ਜਿਨ੍ਹਾਂ ਵਿੱਚ 'ਪਲੇਬੁਆਏ ਕਲੱਬ', 'ਵਾਈਟ ਕਲੱਬ ਦਿੱਲੀ', 'ਆਰ.ਐਸ.ਵੀ.ਪੀ. ਨਾਈਟ ਕਲੱਬ', 'ਜਜ਼ਬਾ ਲਾਊਂਜ', 'ਵੈਲਵੇਟ ਰੂਮ' ਅਤੇ 'ਲਿਟ ਲਾਊਂਜ' ਸ਼ਾਮਲ ਹਨ। ਜਦੋਂ NIA ਦੀ ਜਾਂਚ ਸ਼ੁਰੂ ਹੋਈ, ਤਾਂ ਤਲਵਾੜ ਨੇ ਬੜੀ ਚਲਾਕੀ ਨਾਲ ਆਪਣੇ ਸ਼ੇਅਰ ਆਪਣੇ ਦੋ ਸਹਿਯੋਗੀਆਂ ਐਮ.ਪੀ. ਸ਼ਮਸੁਦੀਨ ਅਤੇ ਸੁਹੈਲ ਅਹਿਮਦ ਦੇ ਨਾਂ ਤਬਦੀਲ ਕਰ ਦਿੱਤੇ, ਜਿਨ੍ਹਾਂ ਨੇ ਬਾਅਦ ਵਿੱਚ ਇਸ ਪੈਸੇ ਨੂੰ ਇਰੋਸ ਹੋਟਲ ਸਥਿਤ 'ਮੰਕੀ ਹਾਊਸ' ਅਤੇ ਅਸ਼ੋਕਾ ਹੋਟਲ ਦੇ ਮਸ਼ਹੂਰ 'ਸੋਹੋ ਕਲੱਬ' ਵਿੱਚ ਨਿਵੇਸ਼ ਕਰ ਦਿੱਤਾ। ED ਨੇ ਤਲਾਸ਼ੀ ਦੌਰਾਨ ਇਸ ਗੈਰ-ਕਾਨੂੰਨੀ ਨਿਵੇਸ਼ ਅਤੇ ਜਾਇਦਾਦਾਂ ਨਾਲ ਸਬੰਧਿਤ ਵੱਡੀ ਮਾਤਰਾ ਵਿੱਚ ਡਿਜੀਟਲ ਸਬੂਤ ਅਤੇ ਦਸਤਾਵੇਜ਼ ਜ਼ਬਤ ਕੀਤੇ ਹਨ, ਜਿਸ ਦੇ ਆਧਾਰ 'ਤੇ ਅਗਲੇਰੀ ਕਾਰਵਾਈ ਜਾਰੀ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.