IMG-LOGO
ਹੋਮ ਪੰਜਾਬ: ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਨਿੱਜੀ ਸਿਆਸੀ ਮੁਫ਼ਾਦਾਂ ਲਈ ਵਰਤਣਾ...

ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਨਿੱਜੀ ਸਿਆਸੀ ਮੁਫ਼ਾਦਾਂ ਲਈ ਵਰਤਣਾ ਬੇਹੱਦ ਮੰਦਭਾਗਾ: ਭਾਈ ਬਲਦੇਵ ਸਿੰਘ ਵਡਾਲਾ

Admin User - Jun 26, 2026 11:53 AM
IMG

ਸਿੱਖ ਸਦਭਾਵਨਾ ਦਲ ਦੇ ਮੁਖੀ ਅਤੇ ਉੱਘੇ ਸਿੱਖ ਆਗੂ ਭਾਈ ਬਲਦੇਵ ਸਿੰਘ ਵਡਾਲਾ ਨੇ ਮੌਜੂਦਾ ਸਿਆਸੀ ਪਾਰਟੀਆਂ ਵੱਲੋਂ ਆਪਣੇ ਨਿੱਜੀ ਹਿੱਤਾਂ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉੱਚ ਸੰਸਥਾ ਨੂੰ ਘਸੀਟਣ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਪਵਿੱਤਰ ਨਗਰੀ ਅੰਮ੍ਰਿਤਸਰ ਵਿਖੇ ਮੀਡੀਆ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ, ਜਥੇਦਾਰ ਸਾਹਿਬਾਨ ਦਾ ਸਨਮਾਨ ਅਤੇ ਉੱਥੋਂ ਜਾਰੀ ਹੁੰਦੇ ਹੁਕਮਨਾਮਿਆਂ ਦੀ ਪਾਲਣਾ ਕਰਨਾ ਹਰ ਸਿੱਖ ਦਾ ਪਰਮ ਧਰਮ ਹੈ, ਪਰ ਅੱਜ-ਕੱਲ੍ਹ ਦੀ ਗੰਦੀ ਸਿਆਸਤ ਦੇ ਚਲਦਿਆਂ ਇਸ ਪਵਿੱਤਰ ਅਸਥਾਨ ਨੂੰ ਸਿਆਸੀ ਅਖਾੜਾ ਬਣਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਜੋ ਕਿ ਕੌਮ ਲਈ ਬੇਹੱਦ ਚਿੰਤਾਜਨਕ ਹੈ।


ਭਾਈ ਵਡਾਲਾ ਨੇ ਕਾਂਗਰਸ ਪਾਰਟੀ ਨੂੰ ਕਟਹਿਰੇ ਵਿੱਚ ਖੜ੍ਹਾ ਕਰਦਿਆਂ ਸਵਾਲ ਕੀਤਾ ਕਿ ਜਿਹੜੇ ਕਾਂਗਰਸੀ ਆਗੂ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਯਾਦਾ ਦੀ ਦੁਹਾਈ ਦੇ ਰਹੇ ਹਨ, ਉਹ ਪਹਿਲਾਂ ਆਪਣੇ ਇਤਿਹਾਸ ਵੱਲ ਝਾਤ ਮਾਰਨ। ਉਨ੍ਹਾਂ ਕਿਹਾ ਕਿ ਸਾਲ 1984 ਵਿੱਚ ਜਦੋਂ ਤਤਕਾਲੀਨ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਤੋਪਾਂ-ਟੈਂਕਾਂ ਨਾਲ ਹਮਲਾ ਕਰਵਾਇਆ ਗਿਆ ਸੀ, ਉਦੋਂ ਕਿਸੇ ਵੀ ਕਾਂਗਰਸੀ ਸਿੱਖ ਆਗੂ ਨੇ ਪਾਰਟੀ ਹਾਈਕਮਾਂਡ ਅੱਗੇ ਬਗਾਵਤ ਦਾ ਝੰਡਾ ਬੁਲੰਦ ਨਹੀਂ ਕੀਤਾ। ਉਨ੍ਹਾਂ ਪੁੱਛਿਆ ਕਿ ਪਿਛਲੇ ਚਾਰ ਦਹਾਕਿਆਂ ਵਿੱਚ ਇਨ੍ਹਾਂ ਆਗੂਆਂ ਨੇ 1984 ਦੇ ਉਸ ਘਿਨਾਉਣੇ ਕਾਰੇ ਨੂੰ ਗਲਤ ਠਹਿਰਾਉਣ ਲਈ ਕਿਹੜਾ ਸੰਘਰਸ਼ ਜਾਂ ਮੋਰਚਾ ਲਗਾਇਆ ਸੀ, ਜੋ ਅੱਜ ਅਚਾਨਕ ਹਮਦਰਦ ਬਣ ਕੇ ਪੇਸ਼ ਹੋ ਰਹੇ ਹਨ।


ਮੁੱਖ ਮੰਤਰੀ ਭਗਵੰਤ ਮਾਨ ਨਾਲ ਜੁੜੇ ਕਥਿਤ ਵੀਡੀਓ ਵਿਵਾਦ 'ਤੇ ਬੋਲਦਿਆਂ ਭਾਈ ਵਡਾਲਾ ਨੇ ਕਿਹਾ ਕਿ ਇਸ ਮਾਮਲੇ ਦੀ ਅਜੇ ਪੂਰੀ ਜਾਂਚ ਹੋਣੀ ਬਾਕੀ ਹੈ ਅਤੇ ਖ਼ੁਦ ਮੁੱਖ ਮੰਤਰੀ ਇਸ ਵੀਡੀਓ ਨੂੰ ਨਕਲੀ (ਫੇਕ) ਕਰਾਰ ਦੇ ਚੁੱਕੇ ਹਨ। ਅਜਿਹੀ ਸਥਿਤੀ ਵਿੱਚ ਬਿਨਾਂ ਕਿਸੇ ਠੋਸ ਤੱਥ ਅਤੇ ਮੁਕੰਮਲ ਜਾਂਚ ਦੇ ਇਸ ਨੂੰ ਸਿੱਧਾ ਪੰਥਕ ਮੁੱਦਾ ਬਣਾ ਕੇ ਪੇਸ਼ ਕਰਨਾ ਮੰਦਭਾਗਾ ਹੈ। ਜਥੇਦਾਰ ਕੁਲਦੀਪ ਸਿੰਘ ਗੜਗੱਜ ਅਤੇ ਹੋਰਨਾਂ ਪੰਥਕ ਆਗੂਆਂ ਨੂੰ ਸਵਾਲ ਕਰਦਿਆਂ ਉਨ੍ਹਾਂ ਕਿਹਾ ਕਿ ਜੇਕਰ ਛੋਟੇ-ਮੋਟੇ ਸਿਆਸੀ ਮਾਮਲਿਆਂ ਵਿੱਚ ਲੀਡਰਾਂ ਨੂੰ ਤਲਬ ਕੀਤਾ ਜਾ ਸਕਦਾ ਹੈ, ਤਾਂ 1984 ਦੇ ਹਮਲੇ ਦੀ ਹਮਾਇਤ ਕਰਨ ਵਾਲੇ ਅਤੇ ਉਸ ਨੂੰ ਜਾਇਜ਼ ਠਹਿਰਾਉਣ ਵਾਲੇ ਵੱਡੇ ਆਗੂਆਂ ਖ਼ਿਲਾਫ਼ ਅੱਜ ਤੱਕ ਕੋਈ ਸਖ਼ਤ ਪੰਥਕ ਕਾਰਵਾਈ ਕਿਉਂ ਨਹੀਂ ਅਮਲ ਵਿੱਚ ਲਿਆਂਦੀ ਗਈ?


ਸਿੱਖ ਆਗੂ ਨੇ ਖ਼ਦਸ਼ਾ ਜ਼ਾਹਿਰ ਕਰਦਿਆਂ ਕਿਹਾ ਕਿ ਇਸ ਵੇਲੇ ਪੰਜਾਬ ਗੰਭੀਰ ਸੰਕਟਾਂ ਵਿੱਚੋਂ ਲੰਘ ਰਿਹਾ ਹੈ। ਸੂਬੇ ਵਿੱਚ ਨਸ਼ਿਆਂ ਦਾ ਹੜ੍ਹ, ਗੈਂਗਵਾਰ, ਬੇਰੁਜ਼ਗਾਰੀ, ਸਿਰ ਚੜ੍ਹਿਆ ਕਰਜ਼ਾ ਅਤੇ ਸਿੱਖ ਇਤਿਹਾਸ ਨਾਲ ਛੇੜਛਾੜ ਵਰਗੇ ਬੇਹੱਦ ਸੰਵੇਦਨਸ਼ੀਲ ਮਸਲੇ ਮੌਜੂਦ ਹਨ। ਪਰ ਸਾਰੀਆਂ ਸਿਆਸੀ ਪਾਰਟੀਆਂ ਪੰਜਾਬ ਦੇ ਇਨ੍ਹਾਂ ਭਖਦੇ ਮਸਲਿਆਂ ਨੂੰ ਦਬਾਉਣ ਲਈ ਸਿਰਫ਼ ਇੱਕ ਵੀਡੀਓ ਦੇ ਮੁੱਦੇ ਨੂੰ ਹਵਾ ਦੇ ਰਹੀਆਂ ਹਨ, ਤਾਂ ਜੋ ਜਨਤਾ ਦਾ ਧਿਆਨ ਅਸਲ ਸਮੱਸਿਆਵਾਂ ਤੋਂ ਭਟਕਾਇਆ ਜਾ ਸਕੇ।


ਉਨ੍ਹਾਂ ਸਮੁੱਚੇ ਪੰਥ ਅਤੇ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਾਂ 'ਤੇ ਖੇਡੀ ਜਾ ਰਹੀ ਇਸ ਸਿਆਸੀ ਖੇਡ ਤੋਂ ਪੂਰੀ ਤਰ੍ਹਾਂ ਸੁਚੇਤ ਰਹਿਣ। ਉਨ੍ਹਾਂ ਚੁਣੌਤੀ ਦਿੱਤੀ ਕਿ ਜੇਕਰ ਕਾਂਗਰਸ, ਭਾਜਪਾ ਅਤੇ ਹੋਰ ਸਿਆਸੀ ਪਾਰਟੀਆਂ ਸੱਚਮੁੱਚ ਹੀ ਸਿੱਖ ਕੌਮ ਅਤੇ ਇਸ ਸਰਵਉੱਚ ਸੰਸਥਾ ਪ੍ਰਤੀ ਵਫ਼ਾਦਾਰ ਹਨ, ਤਾਂ ਉਹ ਵਿਧਾਨ ਸਭਾ ਅਤੇ ਲੋਕ ਸਭਾ (ਸੰਸਦ) ਦੇ ਅੰਦਰ 1984 ਦੇ ਹਮਲੇ ਦੀ ਨਿੰਦਾ ਕਰਦਾ ਹੋਇਆ ਅਧਿਕਾਰਤ ਮਤਾ ਪਾਸ ਕਰਨ। ਅਜਿਹਾ ਕਰਨ ਤੋਂ ਬਾਅਦ ਹੀ ਦੇਸ਼ ਅਤੇ ਪੰਥ ਦੇ ਸਾਹਮਣੇ ਇਨ੍ਹਾਂ ਪਾਰਟੀਆਂ ਦੀ ਅਸਲ ਨੀਅਤ ਸਾਫ਼ ਹੋ ਸਕੇਗੀ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.