IMG-LOGO
ਹੋਮ ਅੰਤਰਰਾਸ਼ਟਰੀ: ਕਨਿਸ਼ਕ ਤ੍ਰਾਸਦੀ 'ਤੇ ਕੈਨੇਡਾ ਦਾ ਇਤਿਹਾਸਕ ਖ਼ੁਲਾਸਾ: 40 ਸਾਲਾਂ ਬਾਅਦ...

ਕਨਿਸ਼ਕ ਤ੍ਰਾਸਦੀ 'ਤੇ ਕੈਨੇਡਾ ਦਾ ਇਤਿਹਾਸਕ ਖ਼ੁਲਾਸਾ: 40 ਸਾਲਾਂ ਬਾਅਦ ਪਹਿਲੀ ਵਾਰ ਮੰਨਿਆ—'ਕੈਨੇਡਾ ਅਧਾਰਿਤ ਗਰਮਖਿਆਲੀਆਂ' ਨੇ ਹੀ ਉਡਾਇਆ ਸੀ ਏਅਰ ਇੰਡੀਆ ਦਾ ਜਹਾਜ਼

Admin User - Jun 26, 2026 10:23 AM
IMG

ਸਾਲ 1985 ਵਿੱਚ ਵਾਪਰੇ ਭਿਆਨਕ 'ਕਨਿਸ਼ਕ' ਜਹਾਜ਼ ਬੰਬ ਧਮਾਕੇ ਨੂੰ ਲੈ ਕੇ ਕੈਨੇਡਾ ਸਰਕਾਰ ਨੇ 40 ਸਾਲਾਂ ਬਾਅਦ ਇੱਕ ਬੇਹੱਦ ਵੱਡਾ ਅਤੇ ਇਤਿਹਾਸਕ ਕਦਮ ਚੁੱਕਿਆ ਹੈ। ਕੈਨੇਡਾ ਨੇ ਪਹਿਲੀ ਵਾਰ ਰਸਮੀ ਤੌਰ 'ਤੇ ਸਵੀਕਾਰ ਕੀਤਾ ਹੈ ਕਿ ਏਅਰ ਇੰਡੀਆ ਦੀ ਫਲਾਈਟ 182 ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ ਉਹ ਵਿਸਫੋਟ ਕੈਨੇਡਾ ਦੀ ਧਰਤੀ ਤੋਂ ਸਰਗਰਮ ਗਰਮਖਿਆਲੀ ਅੱਤਵਾਦੀਆਂ ਦੁਆਰਾ ਅੰਜਾਮ ਦਿੱਤਾ ਗਿਆ ਸੀ। ਕੈਨੇਡਾ ਦੀ ਖ਼ੁਫ਼ੀਆ ਏਜੰਸੀ 'ਕੈਨੇਡੀਅਨ ਸਿਕਿਉਰਿਟੀ ਇੰਟੈਲੀਜੈਂਸ ਸਰਵਿਸ' (CSIS) ਨੇ ਇਸ ਤੱਥ 'ਤੇ ਅਧਿਕਾਰਤ ਮੋਹਰ ਲਗਾ ਦਿੱਤੀ ਹੈ, ਜਿਸ ਦਾ ਭਾਰਤ ਸਰਕਾਰ ਪਹਿਲੇ ਦਿਨ ਤੋਂ ਦਾਅਵਾ ਕਰਦੀ ਆ ਰਹੀ ਸੀ।


ਕੈਨੇਡੀਅਨ ਖ਼ੁਫ਼ੀਆ ਏਜੰਸੀ (CSIS) ਨੇ ਆਪਣੀ ਇੱਕ ਅਧਿਕਾਰਤ ਫੇਸਬੁੱਕ ਪੋਸਟ ਰਾਹੀਂ ਇਸ ਕਾਲੇ ਇਤਿਹਾਸ ਨੂੰ ਬਿਆਨ ਕਰਦਿਆਂ ਲਿਖਿਆ ਹੈ ਕਿ 23 ਜੂਨ, 1985 ਨੂੰ ਕੈਨੇਡਾ ਵਿੱਚ ਮੌਜੂਦ ਗਰਮਖਿਆਲੀ ਤੱਤਾਂ ਵੱਲੋਂ ਜਹਾਜ਼ ਦੇ ਅੰਦਰ ਬੰਬ ਰੱਖਿਆ ਗਿਆ ਸੀ, ਜਿਸ ਦੇ ਹਵਾ ਵਿੱਚ ਫਟਣ ਕਾਰਨ ਜਹਾਜ਼ ਵਿੱਚ ਸਵਾਰ ਸਾਰੇ ਲੋਕ ਮਾਰੇ ਗਏ ਸਨ। ਮਰਨ ਵਾਲਿਆਂ ਵਿੱਚ ਜ਼ਿਆਦਾਤਰ ਭਾਰਤੀ ਮੂਲ ਦੇ ਕੈਨੇਡੀਅਨ ਸ਼ਹਿਰੀ ਸਨ। ਏਜੰਸੀ ਨੇ ਇਸ ਦੁਖਾਂਤ ਨੂੰ ਕੈਨੇਡੀਅਨ ਇਤਿਹਾਸ ਦਾ ਸਭ ਤੋਂ ਖ਼ੂਨੀ ਅੱਤਵਾਦੀ ਹਮਲਾ ਅਤੇ ਦੇਸ਼ ਦੀ ਰਾਸ਼ਟਰੀ ਸੁਰੱਖਿਆ ਪ੍ਰਣਾਲੀ ਲਈ ਇੱਕ ਵੱਡਾ 'ਸਬਕ' (ਵਾਟਰਸ਼ੈੱਡ ਪਲ) ਕਰਾਰ ਦਿੱਤਾ ਹੈ।


ਇਸੇ ਦੌਰਾਨ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਵੀ ਮੰਗਲਵਾਰ ਨੂੰ ਇੱਕ ਬਿਆਨ ਜਾਰੀ ਕਰਦਿਆਂ ਇਸ ਬੰਬ ਧਮਾਕੇ ਨੂੰ ਦੇਸ਼ ਦੇ ਇਤਿਹਾਸ ਦਾ ਸਭ ਤੋਂ ਵੱਡਾ ਕਾਲਾ ਪੰਨਾ ਦੱਸਿਆ। ਉਨ੍ਹਾਂ ਪੀੜਤ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕਰਦਿਆਂ ਸਪੱਸ਼ਟ ਕੀਤਾ ਕਿ ਉਨ੍ਹਾਂ ਦਾ ਦੇਸ਼ ਹਰ ਕਿਸਮ ਦੇ ਕੱਟੜਵਾਦ ਅਤੇ ਅੱਤਵਾਦ ਦੇ ਖ਼ਿਲਾਫ਼ ਸਖ਼ਤੀ ਨਾਲ ਖੜ੍ਹਾ ਹੈ। ਜ਼ਿਕਰਯੋਗ ਹੈ ਕਿ ਸਾਲ 2005 ਵਿੱਚ ਕੈਨੇਡੀਅਨ ਸਰਕਾਰ ਨੇ 23 ਜੂਨ ਦੇ ਦਿਨ ਨੂੰ ਅਧਿਕਾਰਤ ਤੌਰ 'ਤੇ 'ਅੱਤਵਾਦ ਦੇ ਪੀੜਤਾਂ ਲਈ ਰਾਸ਼ਟਰੀ ਯਾਦਗਾਰ ਦਿਵਸ' ਐਲਾਨਿਆ ਸੀ।


ਏਅਰ ਇੰਡੀਆ ਦਾ ਬੋਇੰਗ 747 ਜਹਾਜ਼, ਜਿਸ ਦਾ ਨਾਂ 'ਸਮਰਾਟ ਕਨਿਸ਼ਕ' ਸੀ, ਟੋਰਾਂਟੋ ਤੋਂ ਵਾਯਾ ਲੰਡਨ ਹੁੰਦਾ ਹੋਇਆ ਮੁੰਬਈ ਜਾ ਰਿਹਾ ਸੀ। ਪਾਬੰਦੀਸ਼ੁਦਾ ਸੰਗਠਨ 'ਬੱਬਰ ਖਾਲਸਾ' ਦੇ ਅੱਤਵਾਦੀਆਂ ਨੇ ਚਲਾਕੀ ਨਾਲ ਇੱਕ ਸੂਟਕੇਸ ਬੰਬ ਜਹਾਜ਼ ਦੇ ਸਾਮਾਨ ਵਾਲੇ ਹਿੱਸੇ (ਲਗੇਜ ਕੰਪਾਰਟਮੈਂਟ) ਵਿੱਚ ਲੋਡ ਕਰਵਾ ਦਿੱਤਾ, ਜਦਕਿ ਉਹ ਖ਼ੁਦ ਜਹਾਜ਼ ਵਿੱਚ ਸਵਾਰ ਨਹੀਂ ਹੋਏ। ਲੰਡਨ ਦੇ ਹੀਥਰੋ ਹਵਾਈ ਅੱਡੇ 'ਤੇ ਉਤਰਨ ਤੋਂ ਮਹਿਜ਼ 45 ਮਿੰਟ ਪਹਿਲਾਂ, ਜਦੋਂ ਜਹਾਜ਼ ਆਇਰਲੈਂਡ ਦੇ ਅਸਮਾਨ ਵਿੱਚ 31,000 ਫੁੱਟ ਦੀ ਉਚਾਈ 'ਤੇ ਸੀ, ਤਾਂ ਬੰਬ ਧਮਾਕਾ ਹੋ ਗਿਆ। ਇਸ ਕਾਰਨ ਜਹਾਜ਼ ਦੇ ਪਰਖੱਚੇ ਉੱਡ ਗਏ ਅਤੇ 329 ਬੇਗੁਨਾਹ ਲੋਕ ਸਮੁੰਦਰ ਵਿੱਚ ਸਮਾ ਗਏ। ਇਸ ਹਮਲੇ ਨੂੰ ਭਾਰਤ ਵਿੱਚ 1984 ਦੇ 'ਆਪ੍ਰੇਸ਼ਨ ਬਲੂ ਸਟਾਰ' ਦਾ ਬਦਲਾ ਲੈਣ ਦੀ ਕਾਰਵਾਈ ਵਜੋਂ ਦੇਖਿਆ ਗਿਆ ਸੀ।


ਭਾਰਤ ਵੱਲੋਂ ਲਗਾਤਾਰ ਸਬੂਤ ਦਿੱਤੇ ਜਾਣ ਦੇ ਬਾਵਜੂਦ ਲੰਮੇ ਸਮੇਂ ਤੱਕ ਕੈਨੇਡੀਅਨ ਅਧਿਕਾਰੀਆਂ ਨੇ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ। ਸਾਲ 2010 ਵਿੱਚ ਸੁਪਰੀਮ ਕੋਰਟ ਦੇ ਸਾਬਕਾ ਜਸਟਿਸ ਜੌਨ ਮੇਜਰ ਦੀ ਅਗਵਾਈ ਹੇਠ ਹੋਈ ਇੱਕ ਜਨਤਕ ਜਾਂਚ ਵਿੱਚ ਇਹ ਖ਼ੁਲਾਸਾ ਹੋਇਆ ਸੀ ਕਿ ਕੈਨੇਡੀਅਨ ਸੁਰੱਖਿਆ ਏਜੰਸੀਆਂ ਨੇ ਉਸ ਸਮੇਂ ਕਈ ਵੱਡੀਆਂ ਲਾਪਰਵਾਹੀਆਂ ਕੀਤੀਆਂ ਸਨ, ਕਿਉਂਕਿ ਉਨ੍ਹਾਂ ਨੇ ਇਸ ਨੂੰ ਕੈਨੇਡਾ ਦੀ ਬਜਾਏ 'ਭਾਰਤ ਦਾ ਅੰਦਰੂਨੀ ਮਾਮਲਾ' ਸਮਝ ਲਿਆ ਸੀ। ਇਸੇ ਸਾਲ 23 ਜੂਨ, 2010 ਨੂੰ ਤਤਕਾਲੀ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਨੇ ਸਰਕਾਰ ਦੀਆਂ ਸੰਸਥਾਗਤ ਨਾਕਾਮੀਆਂ ਨੂੰ ਮੰਨਦੇ ਹੋਏ ਪੀੜਤ ਪਰਿਵਾਰਾਂ ਤੋਂ ਰਸਮੀ ਤੌਰ 'ਤੇ ਮੁਆਫੀ ਵੀ ਮੰਗੀ ਸੀ।


ਸਾਲ 2023 ਵਿੱਚ ਹਰਦੀਪ ਸਿੰਘ ਨਿੱਝਰ ਦੇ ਕਤਲ ਤੋਂ ਬਾਅਦ ਤਤਕਾਲੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਬਿਆਨਾਂ ਕਾਰਨ ਭਾਰਤ ਅਤੇ ਕੈਨੇਡਾ ਦੇ ਕੂਟਨੀਤਕ ਸਬੰਧਾਂ ਵਿੱਚ ਭਾਰੀ ਕੜਵਾਹਟ ਆ ਗਈ ਸੀ। ਪਰ ਮਾਰਚ 2025 ਵਿੱਚ ਮਾਰਕ ਕਾਰਨੀ ਦੇ ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ, ਦੋਵਾਂ ਦੇਸ਼ਾਂ ਦੇ ਆਪਸੀ ਸਬੰਧਾਂ ਨੂੰ ਮੁੜ ਪਟੜੀ 'ਤੇ ਲਿਆਉਣ ਲਈ ਤੇਜ਼ੀ ਨਾਲ ਕੋਸ਼ਿਸ਼ਾਂ ਹੋ ਰਹੀਆਂ ਹਨ। ਮਾਹਰਾਂ ਦਾ ਮੰਨਣਾ ਹੈ ਕਿ ਕੈਨੇਡਾ ਵੱਲੋਂ 'ਕਨਿਸ਼ਕ ਹਮਲੇ' ਵਿੱਚ ਗਰਮਖਿਆਲੀਆਂ ਦੇ ਹੱਥ ਹੋਣ ਦੀ ਗੱਲ ਨੂੰ ਜਨਤਕ ਤੌਰ 'ਤੇ ਸਵੀਕਾਰ ਕਰਨਾ, ਭਾਰਤ ਦੀ ਲੰਬੇ ਸਮੇਂ ਦੀ ਕੂਟਨੀਤਕ ਜਿੱਤ ਹੈ ਅਤੇ ਇਸ ਨਾਲ ਦੁਵੱਲੇ ਸਬੰਧਾਂ ਵਿੱਚ ਮਜ਼ਬੂਤੀ ਆਵੇਗੀ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.