IMG-LOGO
ਹੋਮ ਪੰਜਾਬ: ਮੋਗਾ 'ਚ ਵੱਡਾ ਹਾਦਸਾ: ਸ਼ੈਲਰ ਦੇ 20 ਫੁੱਟ ਡੂੰਘੇ ਖੂਹ...

ਮੋਗਾ 'ਚ ਵੱਡਾ ਹਾਦਸਾ: ਸ਼ੈਲਰ ਦੇ 20 ਫੁੱਟ ਡੂੰਘੇ ਖੂਹ 'ਚ ਚੜ੍ਹੀ ਜ਼ਹਿਰੀਲੀ ਗੈਸ; ਸਫ਼ਾਈ ਕਰ ਰਹੇ ਮਜ਼ਦੂਰ ਦੀ ਮੌਤ, ਦੋ ਦੀ ਜਾਨ ਬਚੀ

Admin User - Jun 25, 2026 02:57 PM
IMG

ਧਰਮਕੋਟ/ਮੋਗਾ: ਇੱਥੋਂ ਦੇ ਨਜ਼ਦੀਕੀ ਪਿੰਡ ਲੋਹਗੜ੍ਹ ਵਿਖੇ ਸਥਿਤ ਜੇਬੀ ਸ਼ੈਲਰ ਵਿੱਚ ਐਲੀਵੇਟਰ ਦੀ ਸਫ਼ਾਈ ਦੌਰਾਨ ਇੱਕ ਬੇਹੱਦ ਦਰਦਨਾਕ ਹਾਦਸਾ ਵਾਪਰਨ ਦਾ ਸਮਾਚਾਰ ਹੈ। ਸ਼ੈਲਰ ਦੇ ਕਰੀਬ 20 ਫੁੱਟ ਡੂੰਘੇ ਖੂਹ ਵਿੱਚ ਉਤਰੇ ਤਿੰਨ ਮਜ਼ਦੂਰ ਉੱਥੇ ਬਣੀ ਜ਼ਹਿਰੀਲੀ ਗੈਸ ਦੀ ਲਪੇਟ ਵਿੱਚ ਆ ਕੇ ਬੇਹੋਸ਼ ਹੋ ਗਏ। ਇਸ ਦੌਰਾਨ ਦਮ ਘੁੱਟਣ ਕਾਰਨ ਇੱਕ ਮਜ਼ਦੂਰ ਦੀ ਮੌਤ ਹੋ ਗਈ, ਜਦਕਿ ਫਾਇਰ ਬ੍ਰਿਗੇਡ ਅਤੇ ਐਂਬੂਲੈਂਸ ਸਟਾਫ਼ ਦੀ ਮੁਸਤੈਦੀ ਸਦਕਾ ਦੋ ਹੋਰ ਮਜ਼ਦੂਰਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ, ਜਿਨ੍ਹਾਂ ਦੀ ਜਾਨ ਬਚ ਗਈ ਹੈ। ਪੁਲਿਸ ਵੱਲੋਂ ਮਾਮਲੇ ਦੀ ਕਾਨੂੰਨੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।


ਸਿਵਲ ਹਸਪਤਾਲ ਵਿੱਚ ਇਲਾਜ ਅਧੀਨ ਮਜ਼ਦੂਰ ਜਸਪ੍ਰੀਤ ਸਿੰਘ (ਵਾਸੀ ਘੱਲਕਲਾਂ) ਨੇ ਹਾਦਸੇ ਦੀ ਹੱਡਬੀਤੀ ਸੁਣਾਉਂਦਿਆਂ ਦੱਸਿਆ ਕਿ ਉਹ ਆਪਣੇ ਸਾਥੀਆਂ ਨਾਲ ਸ਼ੈਲਰ ਦੀ ਰੂਟੀਨ ਸਫ਼ਾਈ ਲਈ ਐਲੀਵੇਟਰ ਦੇ ਖੂਹ ਵਿੱਚ ਉਤਰੇ ਸਨ। ਜਿਵੇਂ ਹੀ ਉਹ ਹੇਠਾਂ ਪਹੁੰਚੇ, ਤਾਂ ਉੱਥੇ ਜਮ੍ਹਾਂ ਹੋਈ ਕਿਸੇ ਅਣਪਛਾਤੀ ਜ਼ਹਿਰੀਲੀ ਗੈਸ ਕਾਰਨ ਉਨ੍ਹਾਂ ਦਾ ਦਮ ਘੁੱਟਣ ਲੱਗਾ ਅਤੇ ਦੇਖਦੇ ਹੀ ਦੇਖਦੇ ਤਿੰਨੇ ਜਣੇ ਉੱਥੇ ਹੀ ਬੇਹੋਸ਼ ਹੋ ਗਏ। ਆਸ-ਪਾਸ ਮੌਜੂਦ ਹੋਰ ਕਾਮਿਆਂ ਨੇ ਤੁਰੰਤ ਇਸ ਦੀ ਸੂਚਨਾ 108 ਐਂਬੂਲੈਂਸ ਪ੍ਰਸ਼ਾਸਨ ਨੂੰ ਦਿੱਤੀ।


ਘਟਨਾ ਦੀ ਜਾਣਕਾਰੀ ਮਿਲਦੇ ਸਾਰ ਹੀ 108 ਐਂਬੂਲੈਂਸ ਦੇ ਡਰਾਈਵਰ ਸੁਰਿੰਦਰ ਸਿੰਘ ਆਪਣੀ ਟੀਮ ਸਮੇਤ ਮੌਕੇ 'ਤੇ ਪਹੁੰਚੇ। ਉਨ੍ਹਾਂ ਦੱਸਿਆ ਕਿ ਖੂਹ ਅੰਦਰ ਗੈਸ ਦਾ ਅਸਰ ਇੰਨਾ ਜ਼ਿਆਦਾ ਸੀ ਕਿ ਸ਼ੁਰੂਆਤੀ ਪੱਧਰ 'ਤੇ ਮਜ਼ਦੂਰਾਂ ਤੱਕ ਪਹੁੰਚਣਾ ਅਸੰਭਵ ਹੋ ਰਿਹਾ ਸੀ। ਇਸ ਤੋਂ ਬਾਅਦ ਤੁਰੰਤ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਸੱਦਿਆ ਗਿਆ। ਫਾਇਰ ਫਾਈਟਰਾਂ ਨੇ ਖੂਹ ਦੇ ਅੰਦਰ ਪਾਣੀ ਦਾ ਤੇਜ਼ ਛਿੜਕਾਅ ਕਰਕੇ ਗੈਸ ਦੇ ਪ੍ਰਭਾਵ ਨੂੰ ਘੱਟ ਕੀਤਾ, ਜਿਸ ਤੋਂ ਬਾਅਦ ਬੜੀ ਮੁਸ਼ੱਕਤ ਨਾਲ ਤਿੰਨਾਂ ਮਜ਼ਦੂਰਾਂ ਨੂੰ ਬਾਹਰ ਕੱਢ ਕੇ ਮੋਗਾ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ।


ਸਿਵਲ ਹਸਪਤਾਲ ਦੇ ਡਿਊਟੀ ਡਾਕਟਰ ਏਕਮਜੋਤ ਸਿੰਘ ਨੇ ਦੱਸਿਆ ਕਿ ਹਾਦਸੇ ਦਾ ਸ਼ਿਕਾਰ ਹੋਏ ਗੁਰਦੀਪ ਸਿੰਘ (ਵਾਸੀ ਪਿੰਡ ਘੱਲਕਲਾਂ) ਦੀ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਮੌਤ ਹੋ ਚੁੱਕੀ ਸੀ, ਜਿਸ ਕਾਰਨ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਜਦਕਿ ਬਾਕੀ ਦੋ ਮਜ਼ਦੂਰਾਂ ਦੀ ਹਾਲਤ ਹੁਣ ਖ਼ਤਰੇ ਤੋਂ ਬਾਹਰ ਹੈ ਅਤੇ ਉਨ੍ਹਾਂ ਨੂੰ ਮੁੱਢਲੇ ਇਲਾਜ ਤੋਂ ਬਾਅਦ ਹਸਪਤਾਲੋਂ ਛੁੱਟੀ ਦੇ ਦਿੱਤੀ ਗਈ ਹੈ। ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਮੋਰਚਰੀ ਵਿੱਚ ਰਖਵਾਇਆ ਗਿਆ ਹੈ।


ਇਸ ਹਾਦਸੇ ਨੇ ਇੱਕ ਵਾਰ ਫਿਰ ਸ਼ੈਲਰਾਂ ਅਤੇ ਫੈਕਟਰੀਆਂ ਵਿੱਚ ਮਜ਼ਦੂਰਾਂ ਦੀ ਸੁਰੱਖਿਆ ਨੂੰ ਲੈ ਕੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ। ਸਥਾਨਕ ਲੋਕਾਂ ਮੁਤਾਬਕ ਅਜਿਹੇ ਡੂੰਘੇ ਖੂਹਾਂ ਜਾਂ ਟੈਂਕਾਂ ਦੀ ਸਫ਼ਾਈ ਵੇਲੇ ਸੁਰੱਖਿਆ ਉਪਕਰਨਾਂ (ਮਾਸਕ ਅਤੇ ਆਕਸੀਜਨ ਸਿਲੰਡਰ) ਦੀ ਵਰਤੋਂ ਨਾ ਹੋਣਾ ਅਕਸਰ ਜਾਨਲੇਵਾ ਸਾਬਤ ਹੁੰਦਾ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਲਾਸ਼ ਦੀ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਸ਼ੈਲਰ ਮਾਲਕਾਂ ਦੀ ਭੂਮਿਕਾ ਅਤੇ ਲਾਪਰਵਾਹੀ ਦੀ ਜਾਂਚ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.