IMG-LOGO
ਹੋਮ ਰਾਸ਼ਟਰੀ: ਹਵਾਈ ਖੇਤਰ ਦੀ ਉਲੰਘਣਾ ਮਾਮਲਾ: ਏਅਰ ਇੰਡੀਆ ਦਾ ਜਹਾਜ਼ ਪਾਕਿਸਤਾਨੀ...

ਹਵਾਈ ਖੇਤਰ ਦੀ ਉਲੰਘਣਾ ਮਾਮਲਾ: ਏਅਰ ਇੰਡੀਆ ਦਾ ਜਹਾਜ਼ ਪਾਕਿਸਤਾਨੀ ਸਰਹੱਦ 'ਚ ਵੜਿਆ; DGCA ਵੱਲੋਂ ATC ਸਟਾਫ਼ ਅਤੇ ਪਾਇਲਟਾਂ 'ਤੇ ਵੱਡੀ ਕਾਰਵਾਈ

Admin User - Jun 25, 2026 01:05 PM
IMG

ਏਅਰ ਇੰਡੀਆ ਦੀ ਦਿੱਲੀ ਤੋਂ ਅੰਮ੍ਰਿਤਸਰ ਆ ਰਹੀ ਫਲਾਈਟ (AI-479) ਦੇ ਅਣਜਾਣੇ ਵਿੱਚ ਪਾਕਿਸਤਾਨੀ ਹਵਾਈ ਖੇਤਰ ਵਿੱਚ ਦਾਖਲ ਹੋਣ ਦੀ ਗੰਭੀਰ ਘਟਨਾ ਸਾਹਮਣੇ ਆਈ ਹੈ। ਨਾਗਰਿਕ ਉਡਾਣ ਡਾਇਰੈਕਟੋਰੇਟ ਜਨਰਲ (DGCA) ਨੇ ਮਾਮਲੇ ਦੀ ਸੰਵੇਦਨਸ਼ੀਲਤਾ ਨੂੰ ਦੇਖਦੇ ਹੋਏ ਤੁਰੰਤ ਉੱਚ-ਪੱਧਰੀ ਜਾਂਚ ਦੇ ਆਦੇਸ਼ ਦਿੱਤੇ ਹਨ। ਇਸ ਦੇ ਨਾਲ ਹੀ, ਘਟਨਾ ਦੀ ਸਮੇਂ ਸਿਰ ਸੂਚਨਾ ਉੱਚ ਅਧਿਕਾਰੀਆਂ ਨੂੰ ਨਾ ਦੇਣ ਦੇ ਦੋਸ਼ ਹੇਠ ਅੰਮ੍ਰਿਤਸਰ ਦੇ ਏਅਰ ਟ੍ਰੈਫਿਕ ਕੰਟਰੋਲਰ (ATC) ਅਤੇ ਸਬੰਧਤ ਫਲਾਈਟ ਦੇ ਕਰੂ (ਸੰਚਾਲਨ ਅਮਲੇ) ਵਿਰੁੱਧ ਸਖ਼ਤ ਅੰਤਰਿਮ ਕਾਰਵਾਈ ਕਰਦਿਆਂ ਉਨ੍ਹਾਂ ਨੂੰ ਜਾਂਚ ਪੂਰੀ ਹੋਣ ਤੱਕ ਡਿਊਟੀ ਤੋਂ ਹਟਾ ਦਿੱਤਾ ਗਿਆ ਹੈ।


ਇਹ ਮਾਮਲਾ 22 ਜੂਨ ਦਾ ਹੈ, ਜਦੋਂ ਏਅਰ ਇੰਡੀਆ ਦਾ ਏਅਰਬੱਸ A321 (ਰਜਿਸਟ੍ਰੇਸ਼ਨ ਨੰਬਰ VT-PPV) ਰਾਸ਼ਟਰੀ ਰਾਜਧਾਨੀ ਦਿੱਲੀ ਤੋਂ ਉਡਾਣ ਭਰ ਕੇ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਵੱਲ ਆ ਰਿਹਾ ਸੀ। ਉਸੇ ਦੌਰਾਨ ਅੰਮ੍ਰਿਤਸਰ ਰਨਵੇਅ 'ਤੇ ਇਕ ਹੋਰ ਜਹਾਜ਼ ਨਾਲ ਪੰਛੀ ਟਕਰਾਉਣ (Bird Hit) ਦੀ ਘਟਨਾ ਵਾਪਰ ਗਈ, ਜਿਸ ਕਾਰਨ ਪ੍ਰਸ਼ਾਸਨ ਵੱਲੋਂ ਰਨਵੇਅ ਦੀ ਹੰਗਾਮੀ ਜਾਂਚ ਕੀਤੀ ਜਾ ਰਹੀ ਸੀ। ਲੈਂਡਿੰਗ ਦੀ ਇਜਾਜ਼ਤ ਨਾ ਮਿਲਣ ਕਾਰਨ ATC ਨੇ ਏਅਰ ਇੰਡੀਆ ਦੇ ਜਹਾਜ਼ ਨੂੰ ਹਵਾ ਵਿੱਚ ਹੀ ਰੁਕਣ (Holding Pattern) ਦੇ ਨਿਰਦੇਸ਼ ਦਿੱਤੇ।


ਹਵਾਈ ਅੱਡੇ ਦੇ ਸੂਤਰਾਂ ਅਨੁਸਾਰ, ਜਦੋਂ ਰਨਵੇਅ ਸਾਫ਼ ਹੋਣ ਮਗਰੋਂ ਏਟੀਸੀ ਨੇ ਜਹਾਜ਼ ਨੂੰ ਰਾਡਾਰ ਰਾਹੀਂ ਲੈਂਡਿੰਗ ਲਈ ਗਾਈਡ ਕਰਨਾ ਸ਼ੁਰੂ ਕੀਤਾ, ਤਾਂ ਤਕਨੀਕੀ ਖ਼ਾਮੀ ਜਾਂ ਰੂਟ ਦੇ ਭਟਕਣ ਕਾਰਨ ਜਹਾਜ਼ ਥੋੜ੍ਹੇ ਸਮੇਂ ਲਈ ਗੁਆਂਢੀ ਦੇਸ਼ ਪਾਕਿਸਤਾਨ ਦੀ ਹਵਾਈ ਸਰਹੱਦ ਅੰਦਰ ਚਲਾ ਗਿਆ। ਸਥਿਤੀ ਦੀ ਗੰਭੀਰਤਾ ਨੂੰ ਦੇਖਦਿਆਂ ਤੁਰੰਤ ਪਾਕਿਸਤਾਨੀ ਏਟੀਸੀ ਨਾਲ ਤਾਲਮੇਲ ਸਥਾਪਿਤ ਕੀਤਾ ਗਿਆ ਅਤੇ ਜਹਾਜ਼ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ। ਅੰਮ੍ਰਿਤਸਰ ਹਵਾਈ ਅੱਡੇ 'ਤੇ ਹਵਾਈ ਆਵਾਜਾਈ (ਟ੍ਰੈਫਿਕ) ਜ਼ਿਆਦਾ ਹੋਣ ਕਾਰਨ ਅੰਤ ਵਿੱਚ ਜਹਾਜ਼ ਨੂੰ ਅੰਮ੍ਰਿਤਸਰ ਉਤਾਰਨ ਦੀ ਬਜਾਏ ਵਾਪਸ ਦਿੱਲੀ ਭੇਜ ਦਿੱਤਾ ਗਿਆ, ਜਿੱਥੇ ਉਸ ਦੀ ਸੁਰੱਖਿਅਤ ਲੈਂਡਿੰਗ ਹੋਈ।


ਏਅਰਪੋਰਟ ਦੇ ਇੱਕ ਸੀਨੀਅਰ ਅਧਿਕਾਰੀ ਨੇ ਸਪੱਸ਼ਟ ਕੀਤਾ ਕਿ ਹਵਾਈ ਟ੍ਰੈਫਿਕ ਜਾਂ ਰਨਵੇਅ ਦੀ ਮੁਰੰਮਤ ਕਾਰਨ ਜਹਾਜ਼ਾਂ ਨੂੰ ਹਵਾ ਵਿੱਚ ਰੋਕਣਾ ਇੱਕ ਆਮ ਪ੍ਰਕਿਰਿਆ ਹੈ। ਪਰ ਇਸ ਮਾਮਲੇ ਵਿੱਚ ਦੇਰੀ ਕਾਰਨ ਹਵਾਈ ਅੱਡੇ 'ਤੇ ਦੂਜੇ ਜਹਾਜ਼ਾਂ ਦੀ ਭੀੜ ਵੱਧ ਗਈ ਸੀ। ਹਾਲਾਂਕਿ ਇਸ ਅਚਾਨਕ ਹੋਏ ਫੇਰਬਦਲ ਕਾਰਨ ਯਾਤਰੀਆਂ ਨੂੰ ਦੇਰੀ ਅਤੇ ਅਸੁਵਿਧਾ ਦਾ ਸਾਹਮਣਾ ਜ਼ਰੂਰ ਕਰਨਾ ਪਿਆ, ਪਰ ਹਵਾਈ ਅੱਡੇ 'ਤੇ ਸਥਿਤੀ ਪੂਰੀ ਤਰ੍ਹਾਂ ਕੰਟਰੋਲ ਹੇਠ ਰਹੀ ਅਤੇ ਕਿਸੇ ਵੀ ਤਰ੍ਹਾਂ ਦੇ ਹੰਗਾਮੇ ਦੀ ਖ਼ਬਰ ਨਹੀਂ ਹੈ।


ਸਰਹੱਦੀ ਹਵਾਈ ਖੇਤਰ ਵਿੱਚ ਭਟਕਣ ਦੀ ਇਹ ਕੋਈ ਪਹਿਲੀ ਘਟਨਾ ਨਹੀਂ ਹੈ। ਇਸ ਤੋਂ ਪਹਿਲਾਂ ਬੀਤੀ 12 ਜੂਨ ਨੂੰ ਪਾਕਿਸਤਾਨ ਦੀ ਨਿੱਜੀ ਏਅਰਲਾਈਨ 'ਫਲਾਈ ਜਿੰਨਾਹ' ਦੀ ਉਡਾਣ (9P514) ਲਾਹੌਰ ਹਵਾਈ ਅੱਡੇ ਤੋਂ ਉਡਾਣ ਭਰਨ ਤੋਂ ਤੁਰੰਤ ਬਾਅਦ ਖ਼ਰਾਬ ਮੌਸਮ ਅਤੇ ਤਕਨੀਕੀ ਦਿੱਕਤਾਂ ਕਾਰਨ ਭਾਰਤੀ ਹਵਾਈ ਖੇਤਰ ਵਿੱਚ ਦਾਖਲ ਹੋ ਗਈ ਸੀ। ਉਸ ਸਮੇਂ ਵੀ ਭਾਰਤੀ ਸੁਰੱਖਿਆ ਅਤੇ ਹਵਾਨਬਾਜ਼ੀ ਅਧਿਕਾਰੀਆਂ ਦੀ ਮੁਸਤੈਦੀ ਨਾਲ ਜਹਾਜ਼ ਨੂੰ ਤੁਰੰਤ ਵਾਪਸ ਪਾਕਿਸਤਾਨੀ ਹਵਾਈ ਖੇਤਰ ਵਿੱਚ ਭੇਜ ਦਿੱਤਾ ਗਿਆ ਸੀ। ਹਾਲੀਆ ਘਟਨਾ ਦੀ ਰਿਪੋਰਟ ਆਉਣ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਹਵਾਈ ਰੂਟਾਂ ਦੀ ਸੁਰੱਖਿਆ ਨੂੰ ਲੈ ਕੇ ਮੁੜ ਚਰਚਾ ਛਿੜ ਗਈ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.