ਤਾਜਾ ਖਬਰਾਂ
ਪੰਜਾਬ ਕਾਂਗਰਸ ਦੇ ਜਥੇਬੰਦਕ ਢਾਂਚੇ ਵਿੱਚ ਵੱਡੀ ਸਰਜਰੀ ਕੀਤੇ ਜਾਣ ਦੀਆਂ ਅਟਕਲਾਂ ਦਰਮਿਆਨ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਪਾਰਟੀ ਦੇ ਚੋਟੀ ਦੇ ਆਗੂਆਂ ਦੀ ਇੱਕ ਹੋਰ ਹੰਗਾਮੀ ਮੀਟਿੰਗ ਹੋਣ ਦੀ ਖ਼ਬਰ ਹੈ। ਇਹ ਅਹਿਮ ਬੈਠਕ ਕਾਂਗਰਸ ਦੇ ਕੌਮੀ ਜਨਰਲ ਸਕੱਤਰ ਕੇ.ਸੀ. ਵੇਣੂਗੋਪਾਲ ਦੀ ਦਿੱਲੀ ਸਥਿਤ ਸਰਕਾਰੀ ਰਿਹਾਇਸ਼ 'ਤੇ ਚੱਲ ਰਹੀ ਹੈ, ਜਿਸ ਵਿੱਚ ਪੰਜਾਬ ਕਾਂਗਰਸ ਦੇ ਕਈ ਦਿੱਗਜ ਨੇਤਾਵਾਂ ਦੀ ਮੌਜੂਦਗੀ ਦੀ ਪੁਸ਼ਟੀ ਹੋਈ ਹੈ। ਪਿਛਲੇ ਕੁਝ ਦਿਨਾਂ ਤੋਂ ਸੂਬਾਈ ਲੀਡਰਸ਼ਿਪ ਅਤੇ ਕੇਂਦਰੀ ਹਾਈਕਮਾਂਡ ਵਿਚਾਲੇ ਚੱਲ ਰਹੀ ਲਗਾਤਾਰ ਗੱਲਬਾਤ ਤੋਂ ਸੰਕੇਤ ਮਿਲ ਰਹੇ ਹਨ ਕਿ ਇਸ ਬੈਠਕ ਤੋਂ ਬਾਅਦ ਪਾਰਟੀ ਅੰਦਰ ਚੱਲ ਰਹੀ ਖਿੱਚੋਤਾਣ 'ਤੇ ਜਲਦ ਹੀ ਕੋਈ ਨਿਰਣਾਇਕ ਫੈਸਲਾ ਸਾਹਮਣੇ ਆ ਸਕਦਾ ਹੈ।
ਸੂਤਰਾਂ ਮੁਤਾਬਕ, ਕਾਂਗਰਸ ਲੀਡਰਸ਼ਿਪ ਨੇ ਪੰਜਾਬ ਇਕਾਈ ਦੀ ਅਸਲ ਸਥਿਤੀ ਨੂੰ ਜਾਣਨ ਲਈ ਤਿੰਨ ਸੀਨੀਅਰ ਆਬਜ਼ਰਵਰਾਂ—ਮੀਨਾਕਸ਼ੀ ਨਟਰਾਜਨ, ਭਜਨ ਲਾਲ ਜਾਟਵ ਅਤੇ ਅਜੇ ਮਾਕਨ—ਦੀ ਇੱਕ ਵਿਸ਼ੇਸ਼ ਕਮੇਟੀ ਬਣਾਈ ਸੀ। ਇਸ ਕਮੇਟੀ ਨੇ ਪੰਜਾਬ ਦੇ ਆਗੂਆਂ ਨਾਲ ਨਿੱਜੀ ਤੌਰ 'ਤੇ ਮੁਲਾਕਾਤ ਕਰਕੇ ਇੱਕ ਫੀਡਬੈਕ ਰਿਪੋਰਟ ਹਾਈਕਮਾਂਡ ਨੂੰ ਸੌਂਪੀ ਸੀ। ਇਸ ਰਿਪੋਰਟ ਦੇ ਆਧਾਰ 'ਤੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਵੀ ਪੰਜਾਬ ਦੇ ਸੀਨੀਅਰ ਨੇਤਾਵਾਂ ਨਾਲ ਵੱਖਰੇ ਤੌਰ 'ਤੇ ਵਨ-ਟੂ-ਵਨ ਮੀਟਿੰਗਾਂ ਕੀਤੀਆਂ। ਅੰਦਰੂਨੀ ਸੂਤਰਾਂ ਦਾ ਦਾਅਵਾ ਹੈ ਕਿ ਇਨ੍ਹਾਂ ਬੈਠਕਾਂ ਵਿੱਚ ਮੌਜੂਦਾ ਸੂਬਾ ਪ੍ਰਧਾਨ ਨੂੰ ਬਦਲਣ ਸਮੇਤ ਸੰਗਠਨ ਵਿੱਚ ਕਈ ਵੱਡੇ ਫੇਰਬਦਲਾਂ ਦੀ ਨੀਂਹ ਰੱਖੀ ਜਾ ਚੁੱਕੀ ਹੈ।
ਇਸ ਸਿਆਸੀ ਹਲਚਲ ਦਰਮਿਆਨ ਪਟਿਆਲਾ ਤੋਂ ਕਾਂਗਰਸ ਦੇ ਲੋਕ ਸਭਾ ਮੈਂਬਰ ਡਾ. ਧਰਮਵੀਰ ਗਾਂਧੀ ਦੀ ਇੱਕ ਸੋਸ਼ਲ ਮੀਡੀਆ ਪੋਸਟ ਨੇ ਪਾਰਟੀ ਦੇ ਅੰਦਰੂਨੀ ਕਲੇਸ਼ ਨੂੰ ਜਨਤਕ ਕਰ ਦਿੱਤਾ। ਹਾਲਾਂਕਿ ਵਿਵਾਦ ਵਧਣ ਮਗਰੋਂ ਉਨ੍ਹਾਂ ਨੇ ਇਹ ਪੋਸਟ ਹਟਾ ਦਿੱਤੀ, ਪਰ ਉਦੋਂ ਤੱਕ ਇਹ ਚਰਚਾ ਦਾ ਵਿਸ਼ਾ ਬਣ ਚੁੱਕੀ ਸੀ।
ਧਰਮਵੀਰ ਗਾਂਧੀ ਦਾ ਵੱਡਾ ਦਾਅਵਾ "ਪਾਰਟੀ ਦੇ ਹੀ ਇੱਕ ਰਸੂਖ਼ਦਾਰ ਆਗੂ ਵੱਲੋਂ ਸੰਗਠਨ ਵਿੱਚ ਕਿਸੇ ਵੀ ਤਰ੍ਹਾਂ ਦੇ ਬਦਲਾਅ ਜਾਂ ਪੁਨਰ-ਸੁਰਜੀਤੀ ਦੇ ਯਤਨਾਂ ਨੂੰ ਰੋਕਣ ਲਈ ਬਗਾਵਤ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਅਜਿਹਾ ਡਰਾਵਾ ਦੇ ਕੇ ਪਾਰਟੀ ਦੇ ਸੁਧਾਰਾਂ ਨੂੰ ਟਾਲਣ ਦੀ ਕੋਸ਼ਿਸ਼ ਸਿੱਧੇ ਤੌਰ 'ਤੇ ਪਾਰਟੀ ਵਿਰੋਧੀ ਕਾਰਵਾਈ ਹੈ।"
ਪੰਜਾਬ ਕਾਂਗਰਸ ਦੇ ਮੌਜੂਦਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਭਾਵੇਂ ਜਨਤਕ ਮੰਚਾਂ 'ਤੇ ਕਈ ਵਾਰ ਪਾਰਟੀ ਦੇ ਇੱਕਜੁਟ ਹੋਣ ਅਤੇ ਸਭ ਕੁਝ ਠੀਕ ਹੋਣ ਦੇ ਦਾਅਵੇ ਕਰਦੇ ਰਹੇ ਹਨ, ਪਰ ਵੱਖ-ਵੱਖ ਮੌਕਿਆਂ 'ਤੇ ਆਗੂਆਂ ਦੀ ਆਪਸੀ ਧੜੇਬੰਦੀ ਸਾਫ਼ ਉੱਭਰ ਕੇ ਸਾਹਮਣੇ ਆਉਂਦੀ ਰਹੀ ਹੈ। ਹੁਣ ਜਦੋਂ ਦਿੱਲੀ ਵਿੱਚ ਮੀਟਿੰਗਾਂ ਦਾ ਆਖ਼ਰੀ ਦੌਰ ਚੱਲ ਰਿਹਾ ਹੈ, ਤਾਂ ਸਿਆਸੀ ਮਾਹਿਰਾਂ ਅਤੇ ਵਰਕਰਾਂ ਦੀਆਂ ਨਜ਼ਰਾਂ ਇਸ ਗੱਲ 'ਤੇ ਟਿਕੀਆਂ ਹਨ ਕਿ ਹਾਈਕਮਾਂਡ ਪੰਜਾਬ ਵਿੱਚ ਸੱਤਾ ਪਰਿਵਰਤਨ ਦਾ ਐਲਾਨ ਕਦੋਂ ਕਰਦੀ ਹੈ।
Get all latest content delivered to your email a few times a month.