IMG-LOGO
ਹੋਮ ਪੰਜਾਬ: ਸਿਆਸੀ ਰੰਜਿਸ਼ ਦੀ ਭੇਂਟ ਚੜ੍ਹੀ ਮਾਸੂਮ ਕਾਦਰ ਕੌਰ! ਮਾਂ ਨੇ...

ਸਿਆਸੀ ਰੰਜਿਸ਼ ਦੀ ਭੇਂਟ ਚੜ੍ਹੀ ਮਾਸੂਮ ਕਾਦਰ ਕੌਰ! ਮਾਂ ਨੇ 'ਆਪ' ਆਗੂ ਤਲਬੀਰ ਗਿੱਲ 'ਤੇ ਲਾਏ ਧੀ ਦੀ ਮੌਤ ਦੇ ਗੰਭੀਰ ਇਲਜ਼ਾਮ

Admin User - Jun 24, 2026 02:59 PM
IMG

ਅੰਮ੍ਰਿਤਸਰ : ਸੂਬੇ ਵਿੱਚ ਸਿਆਸੀ ਆਗੂਆਂ ਦੀ ਕਥਿਤ ਸ਼ਹਿ 'ਤੇ ਹੁੰਦੀ ਪੁਲਿਸ ਕਾਰਵਾਈ ਦੇ ਚਲਦਿਆਂ ਇੱਕ ਮਾਸੂਮ ਬੱਚੀ ਦੀ ਜਾਨ ਜਾਣ ਦਾ ਬੇਹੱਦ ਦਿਲ-ਕੰਬਾਊ ਮਾਮਲਾ ਸਾਹਮਣੇ ਆਇਆ ਹੈ। ਆਮ ਆਦਮੀ ਪਾਰਟੀ (AAP) ਦੇ ਹਲਕਾ ਇੰਚਾਰਜ ਤਲਬੀਰ ਸਿੰਘ ਗਿੱਲ 'ਤੇ ਇੱਕ ਪੀੜਤ ਮਾਂ ਨੇ ਸਿਆਸੀ ਨਸ਼ੇ ਵਿੱਚ ਅੰਨ੍ਹੇ ਹੋ ਕੇ ਉਸ ਦੀ ਧੀ ਦੀ ਮੌਤ ਦਾ ਕਾਰਨ ਬਣਨ ਦੇ ਸਨਸਨੀਖੇਜ਼ ਇਲਜ਼ਾਮ ਲਗਾਏ ਹਨ। ਲੀਵਰ ਦੀ ਗੰਭੀਰ ਬੀਮਾਰੀ ਨਾਲ ਲੜ ਰਹੀ ਮਾਸੂਮ ਕਾਦਰ ਕੌਰ ਦੀ ਸਮੇਂ ਸਿਰ ਲੀਵਰ ਟ੍ਰਾਂਸਪਲਾਂਟ (ਡੋਨਰ ਨਾ ਮਿਲਣ) ਨਾ ਹੋਣ ਕਾਰਨ ਮੌਤ ਹੋ ਗਈ, ਜਿਸ ਤੋਂ ਬਾਅਦ ਪੀੜਤ ਪਰਿਵਾਰ ਨੇ ਇਨਸਾਫ਼ ਲਈ ਪ੍ਰਸ਼ਾਸਨ ਦੇ ਦਰ 'ਤੇ ਗੁਹਾਰ ਲਾਈ ਹੈ।


ਧੀ ਨੂੰ ਗੁਆ ਚੁੱਕੀ ਮਨਰੀਤ ਕੌਰ ਨੇ ਭਰੇ ਮਨ ਨਾਲ ਮੀਡੀਆ ਸਾਹਮਣੇ ਖ਼ੁਲਾਸਾ ਕੀਤਾ ਕਿ ਉਸ ਦੀ ਮਾਸੂਮ ਬੱਚੀ ਕਾਦਰ ਕੌਰ ਲੀਵਰ ਦੀ ਬੀਮਾਰੀ ਦੇ ਆਖ਼ਰੀ (ਚੌਥੇ) ਸਟੇਜ 'ਤੇ ਸੀ। ਡਾਕਟਰਾਂ ਮੁਤਾਬਕ ਉਸ ਦਾ ਆਪਰੇਸ਼ਨ ਤੁਰੰਤ ਹੋਣਾ ਲਾਜ਼ਮੀ ਸੀ। ਬੱਚੀ ਦੇ ਪਿਤਾ ਨੇ ਖ਼ੁਦ ਆਪਣੀ ਧੀ ਨੂੰ ਲੀਵਰ ਦਾਨ (Donate) ਕਰਨਾ ਸੀ ਅਤੇ ਹਸਪਤਾਲ ਵਿੱਚ ਇਸ ਸਬੰਧੀ ਸਾਰੇ ਜ਼ਰੂਰੀ ਟੈਸਟ ਚੱਲ ਰਹੇ ਸਨ। ਪਰ ਇਸੇ ਦੌਰਾਨ ਸਿਆਸੀ ਰੰਜਿਸ਼ ਤਹਿਤ ਪੁਲਿਸ ਨੇ ਹਸਪਤਾਲ ਦੇ ਬਿਲਕੁਲ ਬਾਹਰੋਂ ਉਸ ਦੇ ਪਤੀ ਨੂੰ ਗ੍ਰਿਫ਼ਤਾਰ ਕਰ ਲਿਆ। ਮਨਰੀਤ ਨੇ ਦੋਸ਼ ਲਾਇਆ ਕਿ ਪੁਲਿਸ ਨੇ ਇਨਸਾਨੀਅਤ ਨੂੰ ਛਿੱਕੇ ਟੰਗ ਕੇ ਉਸ ਦੇ ਪਤੀ ਨੂੰ ਆਪਣੀ ਮਰ ਰਹੀ ਧੀ ਨਾਲ ਆਖ਼ਰੀ ਵਾਰ ਮਿਲਣ ਤੱਕ ਨਹੀਂ ਦਿੱਤਾ।


ਪੀੜਤ ਮਾਂ ਨੇ ਹਲਕਾ ਇੰਚਾਰਜ 'ਤੇ ਸਿੱਧਾ ਹਮਲਾ ਬੋਲਦਿਆਂ ਕਿਹਾ ਕਿ ਤਲਬੀਰ ਗਿੱਲ ਸਿਆਸੀ ਪਾਵਰ ਦੇ ਨਸ਼ੇ ਵਿੱਚ ਧੁੱਤ ਸਨ। ਉਨ੍ਹਾਂ ਨੇ ਪੁਰਾਣੀ ਖੋਰਸ ਬਾਜ਼ੀ ਕਾਰਨ ਉਸ ਦੇ ਪਤੀ 'ਤੇ ਇੱਕ ਬਿਲਕੁਲ ਝੂਠਾ ਅਤੇ ਮਨਘੜਤ ਮੁਕੱਦਮਾ ਦਰਜ ਕਰਵਾ ਕੇ ਉਸ ਨੂੰ ਜੇਲ੍ਹ ਭੇਜ ਦਿੱਤਾ।


ਮਨਰੀਤ ਕੌਰ ਮੁਤਾਬਕ, "ਮੇਰਾ ਪਤੀ ਇੱਕ ਮਹੀਨੇ ਤੋਂ ਵੱਧ ਸਮਾਂ ਜੇਲ੍ਹ ਦੇ ਅੰਦਰ ਬੰਦ ਰਿਹਾ। ਜੇਕਰ ਉਹ ਬਾਹਰ ਹੁੰਦਾ ਤਾਂ ਮੇਰੀ ਧੀ ਨੂੰ ਸਮੇਂ ਸਿਰ ਲੀਵਰ ਮਿਲ ਜਾਂਦਾ ਅਤੇ ਉਹ ਅੱਜ ਜਿਉਂਦੀ ਹੁੰਦੀ। ਮੇਰੀ ਬੱਚੀ ਸਿਰਫ਼ ਬੀਮਾਰੀ ਨਾਲ ਨਹੀਂ, ਬਲਕਿ ਗੰਦੀ ਸਿਆਸਤ ਦੀ ਭੇਂਟ ਚੜ੍ਹ ਕੇ ਮਰੀ ਹੈ।"


ਪੀੜਤ ਮਾਂ ਨੇ ਮੰਗ ਕੀਤੀ ਹੈ ਕਿ ਮਾਸੂਮ ਦੀ ਮੌਤ ਲਈ ਜ਼ਿੰਮੇਵਾਰ ਆਪ ਹਲਕਾ ਇੰਚਾਰਜ ਤਲਬੀਰ ਗਿੱਲ ਅਤੇ ਉਸ ਦੇ ਸਾਥੀ ਗੁਰਪਾਲ ਸਿੰਘ ਖ਼ਿਲਾਫ਼ ਤੁਰੰਤ ਕਤਲ ਵਰਗੀਆਂ ਸਖ਼ਤ ਕਾਨੂੰਨੀ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ। ਦੂਜੇ ਪਾਸੇ, ਇਸ ਗੰਭੀਰ ਮਾਮਲੇ 'ਤੇ ਹਾਲੇ ਤੱਕ ਸਬੰਧਤ ਪੁਲਿਸ ਪ੍ਰਸ਼ਾਸਨ ਜਾਂ ਹਲਕਾ ਇੰਚਾਰਜ ਵੱਲੋਂ ਕੋਈ ਅਧਿਕਾਰਤ ਪੱਖ ਸਾਹਮਣੇ ਨਹੀਂ ਆਇਆ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.