IMG-LOGO
ਹੋਮ ਪੰਜਾਬ: ਜਾਤੀਸੂਚਕ ਟਿੱਪਣੀ ਮਾਮਲਾ: ਕੇਂਦਰੀ ਮੰਤਰੀ ਰਵਨੀਤ ਬਿੱਟੂ SC ਕਮਿਸ਼ਨ ਅੱਗੇ...

ਜਾਤੀਸੂਚਕ ਟਿੱਪਣੀ ਮਾਮਲਾ: ਕੇਂਦਰੀ ਮੰਤਰੀ ਰਵਨੀਤ ਬਿੱਟੂ SC ਕਮਿਸ਼ਨ ਅੱਗੇ ਪੇਸ਼; 4 ਪ੍ਰਮੁੱਖ ਧਾਰਮਿਕ ਸਥਾਨਾਂ 'ਤੇ ਨਤਮਸਤਕ ਹੋਣ ਦੇ ਹੁਕਮ

Admin User - Jun 24, 2026 01:58 PM
IMG

ਪੁਲਿਸ ਅਧਿਕਾਰੀਆਂ ਖ਼ਿਲਾਫ਼ ਕਥਿਤ ਤੌਰ 'ਤੇ ਇਤਰਾਜ਼ਯੋਗ ਅਤੇ ਜਾਤੀਸੂਚਕ ਸ਼ਬਦਾਂ ਦੀ ਵਰਤੋਂ ਕਰਨ ਦੇ ਮਾਮਲੇ ਵਿੱਚ ਘਿਰੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਬੁੱਧਵਾਰ (24 ਜੂਨ) ਨੂੰ ਚੰਡੀਗੜ੍ਹ ਵਿਖੇ ਪੰਜਾਬ ਰਾਜ ਅਨੁਸੂਚਿਤ ਜਾਤੀ (SC) ਕਮਿਸ਼ਨ ਦੇ ਸਾਹਮਣੇ ਨਿੱਜੀ ਤੌਰ 'ਤੇ ਪੇਸ਼ ਹੋਏ। ਕਮੇਟੀ ਨੇ ਦੋਵਾਂ ਪੱਖਾਂ ਦੀ ਦਲੀਲਾਂ ਸੁਣਨ ਤੋਂ ਬਾਅਦ ਕੇਂਦਰੀ ਮੰਤਰੀ ਨੂੰ ਇੱਕ ਵਿਲੱਖਣ ਧਾਰਮਿਕ ਤੇ ਸਮਾਜਿਕ ਸਜ਼ਾ ਸੁਣਾਈ ਹੈ। ਕਮਿਸ਼ਨ ਨੇ ਬਿੱਟੂ ਨੂੰ ਹਦਾਇਤ ਕੀਤੀ ਹੈ ਕਿ ਉਹ ਭਾਈਚਾਰਕ ਸਾਂਝ ਅਤੇ ਪਛਤਾਵੇ ਵਜੋਂ ਸੂਬੇ ਦੇ ਚਾਰ ਵੱਖ-ਵੱਖ ਪ੍ਰਮੁੱਖ ਧਾਰਮਿਕ ਤੇ ਅਧਿਆਤਮਕ ਸਥਾਨਾਂ 'ਤੇ ਜਾ ਕੇ ਮੱਥਾ ਟੇਕਣ ਅਤੇ ਆਸ਼ੀਰਵਾਦ ਹਾਸਲ ਕਰਨ।


ਐੱਸ.ਸੀ. ਕਮਿਸ਼ਨ ਵੱਲੋਂ ਜਾਰੀ ਆਦੇਸ਼ਾਂ ਮੁਤਾਬਕ ਕੇਂਦਰੀ ਮੰਤਰੀ ਰਵਨੀਤ ਬਿੱਟੂ ਨੂੰ ਨਿਰਧਾਰਿਤ ਸਮੇਂ ਅੰਦਰ ਹੇਠ ਲਿਖੀਆਂ ਥਾਵਾਂ 'ਤੇ ਨਤਮਸਤਕ ਹੋਣਾ ਪਵੇਗਾ:


ਸ੍ਰੀ ਦਰਬਾਰ ਸਾਹਿਬ (ਅੰਮ੍ਰਿਤਸਰ)


ਡੇਰਾ ਬ੍ਰਹਮਦਾਸ (ਫਿਲੌਰ)


ਭਗਵਾਨ ਵਾਲਮੀਕਿ ਜੀ ਦਾ ਪਾਵਨ ਡੇਰਾ (ਰਾਮਤੀਰਥ, ਅੰਮ੍ਰਿਤਸਰ)


ਡੇਰਾ ਸੱਚਖੰਡ ਬੱਲਾਂ (ਜਲੰਧਰ)


ਸੁਣਵਾਈ ਦੌਰਾਨ ਕੇਂਦਰੀ ਮੰਤਰੀ ਬਿੱਟੂ ਨੇ ਆਪਣੇ ਕਾਨੂੰਨੀ ਮਾਹਰਾਂ ਦੀ ਮੌਜੂਦਗੀ ਵਿੱਚ ਕਮਿਸ਼ਨ ਅੱਗੇ ਆਪਣਾ ਪੱਖ ਰੱਖਿਆ। ਉਨ੍ਹਾਂ ਬਿਨਾਂ ਕਿਸੇ ਬਹਾਨੇ ਦੇ ਆਪਣੀ ਗਲਤੀ ਸਵੀਕਾਰ ਕਰਦਿਆਂ ਕਿਹਾ, "ਉਸ ਵੇਲੇ ਮੇਰੇ ਵੱਲੋਂ ਬੋਲੇ ਗਏ ਸ਼ਬਦ ਕਾਨੂੰਨੀ ਤੌਰ 'ਤੇ ਪੂਰੀ ਤਰ੍ਹਾਂ ਗਲਤ ਸਨ। ਮੈਂ ਆਪਣੀ ਇਸ ਭੁੱਲ ਲਈ ਦਿਲੋਂ ਮੁਆਫ਼ੀ ਮੰਗਦਾ ਹਾਂ ਅਤੇ ਮੈਂ ਆਪਣੇ ਸੋਸ਼ਲ ਮੀਡੀਆ ਖਾਤਿਆਂ ਤੋਂ ਉਹ ਵਿਵਾਦਿਤ ਵੀਡੀਓ ਵੀ ਹਟਾ ਦਿੱਤੀ ਹੈ।"


ਬਿੱਟੂ ਨੇ ਕਮਿਸ਼ਨ ਨੂੰ ਉਸ ਦਿਨ ਦੇ ਹਾਲਾਤ ਬਾਰੇ ਦੱਸਦਿਆਂ ਇਲਜ਼ਾਮ ਲਗਾਇਆ ਕਿ ਸੰਗਰੂਰ ਦੇ ਦੌਰੇ ਦੌਰਾਨ ਪੁਲਿਸ ਪ੍ਰਸ਼ਾਸਨ ਨੇ ਉਨ੍ਹਾਂ ਨਾਲ ਬੇਹੱਦ ਬਦਸਲੂਕੀ ਕੀਤੀ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਓ.ਐੱਸ.ਡੀ. (OSD) ਓਂਕਾਰ ਨੂੰ ਪੁਲਿਸ ਹਿਰਾਸਤ ਵਿੱਚ ਰੱਖਿਆ ਗਿਆ ਸੀ, ਜਿਸ ਦੇ ਸਿਲਸਿਲੇ ਵਿੱਚ ਉਨ੍ਹਾਂ ਨੂੰ ਸੰਗਰੂਰ, ਬਲੀਆ ਅਤੇ ਧੂਰੀ ਦੇ ਪੁਲਿਸ ਥਾਣਿਆਂ ਦੇ ਚੱਕਰ ਕੱਟਣੇ ਪਏ। ਬਿੱਟੂ ਮੁਤਾਬਕ ਇੱਕ ਐੱਸ.ਐੱਚ.ਓ. ਰੈਂਕ ਦੇ ਅਧਿਕਾਰੀ ਨੇ ਉਨ੍ਹਾਂ ਦੀ ਗੱਡੀ ਅੱਗੇ ਆਪਣੀ ਸਰਕਾਰੀ ਗੱਡੀ ਅੜਾ ਦਿੱਤੀ ਅਤੇ ਕੁਝ ਅਜਿਹੀ ਭਾਸ਼ਾ ਵਰਤੀ ਜਿਸ ਨਾਲ ਉਨ੍ਹਾਂ ਦੀ ਅਣਖ ਨੂੰ ਠੇਸ ਪਹੁੰਚੀ, ਜਿਸ ਕਾਰਨ ਉਹ ਭਾਵੁਕ ਹੋ ਗਏ।


ਇਹ ਸਾਰਾ ਵਿਵਾਦ ਬੀਤੀ 26 ਮਈ ਦਾ ਹੈ, ਜਦੋਂ ਪੰਜਾਬ ਵਿੱਚ ਸਥਾਨਕ ਨਿਗਮ ਚੋਣਾਂ ਦੀ ਗਹਿਮਾ-ਗਹਿਮੀ ਚੱਲ ਰਹੀ ਸੀ। ਕੇਂਦਰੀ ਮੰਤਰੀ ਰਵਨੀਤ ਬਿੱਟੂ ਸੰਗਰੂਰ ਦੇ ਹਲਕਾ ਧੂਰੀ ਦੇ ਦੌਰੇ 'ਤੇ ਸਨ, ਜਿੱਥੇ ਪੁਲਿਸ ਨੇ ਸੁਰੱਖਿਆ ਅਤੇ ਚੋਣ ਜ਼ਾਬਤੇ ਦਾ ਹਵਾਲਾ ਦੇ ਕੇ ਉਨ੍ਹਾਂ ਦਾ ਕਾਫ਼ਲਾ ਰੋਕ ਲਿਆ। ਇਸ ਦੌਰਾਨ ਮੌਕੇ 'ਤੇ ਤਾਇਨਾਤ ਪੁਲਿਸ ਮੁਲਾਜ਼ਮਾਂ ਅਤੇ ਬਿੱਟੂ ਵਿਚਕਾਰ ਤਿੱਖੀ ਤਕਰਾਰ ਹੋਈ। ਇਸ ਘਟਨਾ ਤੋਂ ਬਾਅਦ ਜਦੋਂ ਬਿੱਟੂ ਮੀਡੀਆ ਦੇ ਰੂ-ਬਰੂ ਹੋਏ, ਤਾਂ ਉਨ੍ਹਾਂ ਦੇ ਮੂੰਹੋਂ ਕੁੱਝ ਅਜਿਹੇ ਕਥਿਤ ਜਾਤੀਸੂਚਕ ਸ਼ਬਦ ਨਿਕਲ ਗਏ, ਜਿਸ ਦੀ ਵੀਡੀਓ ਇੰਟਰਨੈੱਟ 'ਤੇ ਵਾਇਰਲ ਹੋ ਗਈ।


ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਨੇ ਇਸ ਮਾਮਲੇ ਦਾ ਗੰਭੀਰ ਨੋਟਿਸ ਲੈਂਦਿਆਂ ਸੰਗਰੂਰ ਦੇ ਐੱਸ.ਪੀ. (ਹੈੱਡਕੁਆਰਟਰ) ਨੂੰ ਰਿਪੋਰਟ ਸਮੇਤ ਤਲਬ ਕੀਤਾ ਸੀ। ਹਾਲਾਂਕਿ ਬਿੱਟੂ ਨੇ ਪਹਿਲਾਂ ਰੁਝੇਵਿਆਂ ਦਾ ਹਵਾਲਾ ਦੇ ਕੇ ਪੇਸ਼ੀ ਤੋਂ ਛੋਟ ਮੰਗੀ ਸੀ, ਪਰ ਕਮਿਸ਼ਨ ਦੇ ਸਖ਼ਤ ਰੁਖ ਨੂੰ ਦੇਖਦਿਆਂ ਅੱਜ ਉਹ ਪੇਸ਼ ਹੋਏ। ਬਿੱਟੂ ਨੇ ਇਹ ਵੀ ਸਪੱਸ਼ਟ ਕੀਤਾ ਕਿ ਉਹ ਉਸ ਭਾਰਤੀ ਜਨਤਾ ਪਾਰਟੀ (BJP) ਦੇ ਨੁਮਾਇੰਦੇ ਹਨ, ਜਿਸ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖ਼ੁਦ ਸਫ਼ਾਈ ਕਰਮਚਾਰੀਆਂ ਦੇ ਪੈਰ ਧੋ ਕੇ ਦੇਸ਼ ਵਿੱਚ ਸਮਾਨਤਾ ਦਾ ਸੰਦੇਸ਼ ਦਿੱਤਾ ਸੀ, ਇਸ ਲਈ ਉਹ ਸਮਾਜ ਦੇ ਕਿਸੇ ਵੀ ਵਰਗ ਦਾ ਅਪਮਾਨ ਕਰਨ ਬਾਰੇ ਸੋਚ ਵੀ ਨਹੀਂ ਸਕਦੇ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.