ਤਾਜਾ ਖਬਰਾਂ
ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲਕਾਂਡ ਨਾਲ ਜੁੜੀ ਇੱਕ ਬਹੁਤ ਵੱਡੀ ਖ਼ਬਰ ਸਾਹਮਣੇ ਆਈ ਹੈ। ਮੂਸੇਵਾਲਾ ਦੇ ਕਤਲ ਵਿੱਚ ਵਰਤੇ ਗਏ ਹਥਿਆਰਾਂ ਦੇ ਮੁੱਖ ਸਪਲਾਇਰ ਅਤੇ ਨਾਮੀ ਗੈਂਗਸਟਰ ਸ਼ਕੀਲ ਅੰਸਾਰੀ ਉਰਫ਼ ਆਦਿਲ ਨੂੰ ਰਾਜਸਥਾਨ ਦੀ ਸ੍ਰੀ ਗੰਗਾਨਗਰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਸ਼ਕੀਲ ਦੀ ਇਸ ਗ੍ਰਿਫ਼ਤਾਰੀ ਨਾਲ ਸ੍ਰੀ ਗੰਗਾਨਗਰ ਪੁਲਿਸ ਨੂੰ ਖ਼ਤਰਨਾਕ ਗੈਂਗਸਟਰ ਰੋਹਿਤ ਗੋਦਾਰਾ ਗੈਂਗ ਖ਼ਿਲਾਫ਼ ਇੱਕ ਹੋਰ ਵੱਡੀ ਸਫ਼ਲਤਾ ਹੱਥ ਲੱਗੀ ਹੈ। ਫੜਿਆ ਗਿਆ ਮੁਲਜ਼ਮ ਗੈਂਗ ਦਾ ਇੱਕ ਸ਼ਾਤਰ ਸ਼ਾਰਪਸ਼ੂਟਰ ਵੀ ਹੈ।
ਜਾਣਕਾਰੀ ਅਨੁਸਧਾਰ, ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਜਿਨ੍ਹਾਂ ਆਧੁਨਿਕ ਹਥਿਆਰਾਂ- ਜਿਗਾਣਾ (Zigana) ਅਤੇ ਗਲੋਕ (Glock) ਪਿਸਤੌਲਾਂ ਦੀ ਵਰਤੋਂ ਕੀਤੀ ਗਈ ਸੀ, ਉਨ੍ਹਾਂ ਦੀ ਸਪਲਾਈ ਲਾਈਨ ਵਿੱਚ ਸ਼ਕੀਲ ਅੰਸਾਰੀ ਉਰਫ਼ ਆਦਿਲ ਦੀ ਮੁੱਖ ਭੂਮਿਕਾ ਸੀ।
ਪੁਲਿਸ ਨੇ ਬੀਤੀ 10-11 ਜੂਨ ਦੀ ਦਰਮਿਆਨੀ ਰਾਤ ਨੂੰ ਹੋਏ ਪੁਲਿਸ ਮੁਕਾਬਲੇ ਦੇ ਮੁੱਖ ਮੁਲਜ਼ਮ ਅਤੇ ਗੈਂਗ ਦੇ ਸ਼ਾਤਰ ਸ਼ਾਰਪਸ਼ੂਟਰ ਸ਼ਕੀਲ ਅੰਸਾਰੀ (26) ਨੂੰ ਕੇਂਦਰੀ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ 'ਤੇ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਸ਼ਕੀਲ ਅੰਸਾਰੀ ਮੂਲ ਰੂਪ ਵਿੱਚ ਢਾਂਢਾ ਖੁਰਦ, ਦੁਰਗਾ ਕਲੋਨੀ (ਲੁਧਿਆਣਾ, ਪੰਜਾਬ) ਦਾ ਰਹਿਣ ਵਾਲਾ ਹੈ।
ਸਦਰ ਪੁਲਿਸ ਥਾਣਾ ਖੇਤਰ ਵਿੱਚ ਹੋਏ ਇਸ ਮੁਕਾਬਲੇ ਦੌਰਾਨ ਮੁਲਜ਼ਮ ਸ਼ਕੀਲ ਅੰਸਾਰੀ ਨੇ ਪੁਲਿਸ ਪਾਰਟੀ 'ਤੇ ਸਿੱਧੀ ਫਾਇਰਿੰਗ ਕਰ ਦਿੱਤੀ ਸੀ। ਪੁਲਿਸ ਵੱਲੋਂ ਆਤਮ-ਰੱਖਿਆ ਲਈ ਕੀਤੀ ਗਈ ਜਵਾਬੀ ਕਾਰਵਾਈ ਵਿੱਚ ਸ਼ਕੀਲ ਦੇ ਪੈਰ ਵਿੱਚ ਗੋਲੀ ਲੱਗੀ ਸੀ। ਜ਼ਖਮੀ ਬਦਮਾਸ਼ ਨੂੰ ਤੁਰੰਤ ਜ਼ਿਲ੍ਹਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ, ਜਿੱਥੇ ਇਲਾਜ ਪੂਰਾ ਹੋਣ ਤੋਂ ਬਾਅਦ ਅਦਾਲਤ ਦੇ ਹੁਕਮਾਂ 'ਤੇ ਉਸ ਨੂੰ ਨਿਆਇਕ ਹਿਰਾਸਤ ਤਹਿਤ ਜੇਲ੍ਹ ਭੇਜ ਦਿੱਤਾ ਗਿਆ ਸੀ।
ਪੁਲਿਸ ਮੁਤਾਬਕ ਸ਼ਕੀਲ ਅੰਸਾਰੀ ਬੇਹੱਦ ਸ਼ਾਤਰ ਅਤੇ ਆਦਤਨ ਅਪਰਾਧੀ ਹੈ। ਉਸ ਦੇ ਖ਼ਿਲਾਫ਼ ਪੰਜਾਬ, ਦਿੱਲੀ, ਹਰਿਆਣਾ ਅਤੇ ਰਾਜਸਥਾਨ ਸਮੇਤ ਕਈ ਰਾਜਾਂ ਦੇ ਵੱਖ-ਵੱਖ ਥਾਣਿਆਂ ਵਿੱਚ ਕਤਲ ਦੀ ਕੋਸ਼ਿਸ਼, ਲੁੱਟ-ਖੋਹ ਅਤੇ ਆਰਮਜ਼ ਐਕਟ ਵਰਗੇ ਕਈ ਸੰਗੀਨ ਅਪਰਾਧਿਕ ਮਾਮਲੇ ਦਰਜ ਹਨ।
ਘਟਨਾ ਵਾਲੀ ਰਾਤ ਸਦਰ ਥਾਣਾ ਇੰਚਾਰਜ ਸੁਭਾਸ਼ ਢਿੱਲ ਵੱਲੋਂ ਮੁਲਜ਼ਮ ਖ਼ਿਲਾਫ਼ ਪੁਲਿਸ 'ਤੇ ਜਾਨਲੇਵਾ ਹਮਲਾ ਕਰਨ ਅਤੇ ਆਰਮਜ਼ ਐਕਟ ਦੇ ਤਹਿਤ ਮਾਮਲਾ ਦਰਜ ਕਰਵਾਇਆ ਗਿਆ ਸੀ। ਇਸ ਹਾਈ-ਪ੍ਰੋਫਾਈਲ ਮਾਮਲੇ ਦੀ ਜਾਂਚ ਜਵਾਹਰਨਗਰ ਪੁਲਿਸ ਨੂੰ ਸੌਂਪੀ ਗਈ ਹੈ। ਜਵਾਹਰਨਗਰ ਥਾਣੇ ਦੇ ਐਸ.ਆਈ. ਨਰੇਸ਼ ਕੁਮਾਰ ਨੇ ਕਾਨੂੰਨੀ ਪ੍ਰਕਿਰਿਆ ਪੂਰੀ ਕਰਦੇ ਹੋਏ ਮੁਲਜ਼ਮ ਨੂੰ ਜੇਲ੍ਹ ਤੋਂ ਦੁਬਾਰਾ ਆਪਣੀ ਹਿਰਾਸਤ ਵਿੱਚ ਲੈ ਕੇ ਅਧਿਕਾਰਤ ਤੌਰ 'ਤੇ ਗ੍ਰਿਫ਼ਤਾਰ ਕੀਤਾ ਹੈ।
ਪੁਲਿਸ ਹੁਣ ਮੁਲਜ਼ਮ ਸ਼ਕੀਲ ਅੰਸਾਰੀ ਨੂੰ ਅਦਾਲਤ ਵਿੱਚ ਪੇਸ਼ ਕਰਕੇ ਉਸ ਦਾ ਪੁਲਿਸ ਰਿਮਾਂਡ ਹਾਸਲ ਕਰੇਗੀ। ਰਿਮਾਂਡ ਦੌਰਾਨ ਗੋਦਾਰਾ ਗੈਂਗ ਦੇ ਲੌਜਿਸਟਿਕ ਨੈੱਟਵਰਕ, ਹਥਿਆਰਾਂ ਦੀ ਸਪਲਾਈ ਲਾਈਨ, ਇਲਾਕੇ ਵਿੱਚ ਸਰਗਰਮ ਹੋਰ ਗੁਰਗਿਆਂ ਅਤੇ ਗੈਂਗ ਦੀਆਂ ਅਗਲੀਆਂ ਵਾਰਦਾਤਾਂ ਦੀ ਪਲੈਨਿੰਗ ਬਾਰੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।
Get all latest content delivered to your email a few times a month.