ਤਾਜਾ ਖਬਰਾਂ
ਪੰਜਾਬ ਵਿੱਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿੱਚ ਰੱਖਦਿਆਂ ਭਾਰਤੀ ਜਨਤਾ ਪਾਰਟੀ ਨੇ ਆਪਣੀਆਂ ਸਿਆਸੀ ਸਰਗਰਮੀਆਂ ਨੂੰ ਹੋਰ ਤੇਜ਼ ਕਰ ਦਿੱਤਾ ਹੈ। ਇਸੇ ਕੜੀ ਤਹਿਤ ਅੰਮ੍ਰਿਤਸਰ ਵਿਖੇ ਭਾਜਪਾ ਦੀ ਪੰਜਾਬ ਕੋਰ ਕਮੇਟੀ ਦੀ ਇੱਕ ਮਹੱਤਵਪੂਰਨ ਬੈਠਕ ਆਯੋਜਿਤ ਕੀਤੀ ਗਈ, ਜਿਸ ਦੀ ਅਗਵਾਈ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਵੀਨ ਨੇ ਕੀਤੀ। ਬੈਠਕ ਵਿੱਚ ਪੰਜਾਬ ਭਾਜਪਾ ਦੇ ਸੀਨੀਅਰ ਆਗੂਆਂ, ਸਾਬਕਾ ਮੰਤਰੀਆਂ ਅਤੇ ਸੰਗਠਨ ਨਾਲ ਜੁੜੇ ਅਹਿਮ ਅਹੁਦੇਦਾਰਾਂ ਨੇ ਸ਼ਮੂਲੀਅਤ ਕਰਦੇ ਹੋਏ ਸੂਬੇ ਦੀ ਮੌਜੂਦਾ ਰਾਜਨੀਤਿਕ ਸਥਿਤੀ ਅਤੇ ਪਾਰਟੀ ਦੇ ਭਵਿੱਖੀ ਐਜੰਡੇ ‘ਤੇ ਵਿਸਥਾਰ ਨਾਲ ਚਰਚਾ ਕੀਤੀ।
ਮੀਟਿੰਗ ਦੌਰਾਨ ਆਉਣ ਵਾਲੀਆਂ ਚੋਣਾਂ ਲਈ ਸੰਗਠਨਕ ਢਾਂਚੇ ਨੂੰ ਮਜ਼ਬੂਤ ਕਰਨ, ਬੂਥ ਪੱਧਰ ਤੱਕ ਪਾਰਟੀ ਦੀ ਪਹੁੰਚ ਯਕੀਨੀ ਬਣਾਉਣ ਅਤੇ ਕੇਂਦਰ ਸਰਕਾਰ ਦੀਆਂ ਲੋਕ-ਭਲਾਈ ਯੋਜਨਾਵਾਂ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਲਈ ਵਿਸ਼ੇਸ਼ ਰਣਨੀਤੀ ਤਿਆਰ ਕੀਤੀ ਗਈ। ਆਗੂਆਂ ਨੇ ਵਿਰੋਧੀ ਪਾਰਟੀਆਂ ਦੀਆਂ ਗਤੀਵਿਧੀਆਂ ਦਾ ਜਾਇਜ਼ਾ ਲੈਂਦਿਆਂ ਪੰਜਾਬ ਵਿੱਚ ਭਾਜਪਾ ਦੇ ਵਿਸਥਾਰ ਲਈ ਨਵੇਂ ਰਾਹਾਂ ਅਤੇ ਸੰਭਾਵਨਾਵਾਂ ‘ਤੇ ਵੀ ਵਿਚਾਰ ਸਾਂਝੇ ਕੀਤੇ।
ਬੈਠਕ ਵਿੱਚ ਭਾਜਪਾ ਲੀਡਰਸ਼ਿਪ ਨੇ ਵਿਸ਼ਵਾਸ ਜਤਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਅਤੇ ਪਾਰਟੀ ਵਰਕਰਾਂ ਦੀ ਮਿਹਨਤ ਦੇ ਬਲ ‘ਤੇ ਪੰਜਾਬ ਵਿੱਚ ਭਾਜਪਾ ਮਜ਼ਬੂਤ ਵਿਕਲਪ ਵਜੋਂ ਉਭਰੇਗੀ। ਇਸ ਮੌਕੇ ‘ਤੇ ਸੂਬੇ ਵਿੱਚ ‘ਡਬਲ ਇੰਜਣ ਸਰਕਾਰ’ ਬਣਾਉਣ ਦੇ ਸੰਕਲਪ ਨੂੰ ਦੁਹਰਾਉਂਦਿਆਂ ਆਗੂਆਂ ਨੇ ਕਿਹਾ ਕਿ ਭਾਜਪਾ ਪੰਜਾਬ ਦੇ ਸਰਵਪੱਖੀ ਵਿਕਾਸ ਅਤੇ ਲੋਕਾਂ ਦੀਆਂ ਉਮੀਦਾਂ ਨੂੰ ਪੂਰਾ ਕਰਨ ਲਈ ਵਚਨਬੱਧ ਹੈ। ਪਾਰਟੀ ਨੇ ਇਹ ਵੀ ਸਪਸ਼ਟ ਕੀਤਾ ਕਿ ਆਉਣ ਵਾਲੀਆਂ ਚੋਣਾਂ ਲਈ ਸੰਗਠਨ ਹਰ ਪੱਖੋਂ ਤਿਆਰ ਹੈ ਅਤੇ ਲੋਕਾਂ ਨਾਲ ਸਿੱਧਾ ਸੰਪਰਕ ਵਧਾਉਣ ਲਈ ਜ਼ਮੀਨੀ ਪੱਧਰ ‘ਤੇ ਮੁਹਿੰਮ ਹੋਰ ਤੇਜ਼ ਕੀਤੀ ਜਾਵੇਗੀ।
Get all latest content delivered to your email a few times a month.