ਤਾਜਾ ਖਬਰਾਂ
ਭਾਰਤੀ ਕ੍ਰਿਕਟ ਇਤਿਹਾਸ ਦਾ ਸਭ ਤੋਂ ਵੱਡਾ ਅਤੇ ਚਰਚਿਤ ‘ਥੱਪੜਕਾਂਡ’ ਇੱਕ ਵਾਰ ਫਿਰ ਸੁਰਖੀਆਂ ਵਿੱਚ ਆ ਗਿਆ ਹੈ। ਸਾਲ 2008 ਦੇ ਆਈਪੀਐਲ (IPL) ਵਿਵਾਦ ਨੂੰ ਲੈ ਕੇ ਸਾਬਕਾ ਤੇਜ਼ ਗੇਂਦਬਾਜ਼ ਐੱਸ. ਸ਼੍ਰੀਸੰਤ ਅਤੇ ਸਪਿਨਰ ਹਰਭਜਨ ਸਿੰਘ (ਭੱਜੀ) ਵਿਚਾਲੇ ਜ਼ੁਬਾਨੀ ਜੰਗ ਬੇਹੱਦ ਤਿੱਖੀ ਹੋ ਗਈ ਹੈ। ਸ਼੍ਰੀਸੰਤ ਵੱਲੋਂ ਹਰਭਜਨ ਸਿੰਘ ਨੂੰ ਬਾਕਸਿੰਗ ਰਿੰਗ ਵਿੱਚ ਆਹਮੋ-ਸਾਹਮਣੇ ਹੋਣ ਦਾ ਖੁੱਲ੍ਹਾ ਚੈਲੰਜ ਦਿੱਤੇ ਜਾਣ ਤੋਂ ਬਾਅਦ, ਹੁਣ ਹਰਭਜਨ ਸਿੰਘ ਨੇ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਜਾਰੀ ਕਰਕੇ ਪਲਟਵਾਰ ਕੀਤਾ ਹੈ। ਭੱਜੀ ਨੇ ਤਨਜ਼ ਕਸਦਿਆਂ ਸਪੱਸ਼ਟ ਲਫ਼ਜ਼ਾਂ ਵਿੱਚ ਕਿਹਾ ਹੈ ਕਿ ‘ਸਿਰਫ਼ ਖਾਲੀ ਭਾਂਡੇ ਹੀ ਜ਼ਿਆਦਾ ਆਵਾਜ਼ ਕਰਦੇ ਹਨ।’
ਪ੍ਰਾਪਤ ਜਾਣਕਾਰੀ ਮੁਤਾਬਕ ਦੋਵਾਂ ਖਿਡਾਰੀਆਂ ਵਿਚਾਲੇ ਇਹ ਤਾਜ਼ਾ ਵਿਵਾਦ ਹਰਭਜਨ ਸਿੰਘ ਦੇ ਇੱਕ ਨਵੇਂ ਕਮਰਸ਼ੀਅਲ ਇਸ਼ਤਿਹਾਰ (Advertisement) ਤੋਂ ਬਾਅਦ ਸ਼ੁਰੂ ਹੋਇਆ ਹੈ। ਸ਼੍ਰੀਸੰਤ ਨੇ ਦੋਸ਼ ਲਗਾਇਆ ਹੈ ਕਿ ਹਰਭਜਨ ਨੇ ਇਸ ਇਸ਼ਤਿਹਾਰ ਰਾਹੀਂ ਸਾਲ 2008 ਦੇ ਉਸ ਦਰਦਨਾਕ ਥੱਪੜਕਾਂਡ ਦਾ ਸ਼ਰੇਆਮ ਮਜ਼ਾਕ ਉਡਾਇਆ ਹੈ।
ਤੇਜ਼ ਗੇਂਦਬਾਜ਼ ਮੁਤਾਬਕ ਉਨ੍ਹਾਂ ਦੀ ਜ਼ਿੰਦਗੀ ਦੇ ਇੱਕ ਬੇਹੱਦ ਮੰਦਭਾਗੇ ਚੈਪਟਰ ਦਾ ਵਪਾਰਕ ਫਾਇਦਾ ਚੁੱਕ ਕੇ ਪੈਸੇ ਕਮਾਉਣ ਦੀ ਕੋਸ਼ਿਸ਼ ਕੀਤੀ ਗਈ ਹੈ, ਜਿਸ ਨੂੰ ਉਹ ਬਰਦਾਸ਼ਤ ਨਹੀਂ ਕਰਨਗੇ। ਇਸੇ ਗੁੱਸੇ ਵਿੱਚ ਆ ਕੇ ਸ਼੍ਰੀਸੰਤ ਨੇ ਭੱਜੀ ਨੂੰ ਬਾਕਸਿੰਗ ਰਿੰਗ ‘ਚ ਮੁਕਾਬਲਾ ਕਰਨ ਦੀ ਚੁਣੌਤੀ ਦੇ ਦਿੱਤੀ।
ਯਾਦ ਰਹੇ ਕਿ ਆਈਪੀਐਲ ਦੇ ਪਹਿਲੇ ਸੀਜ਼ਨ (2008) ਦੌਰਾਨ ਕਿੰਗਜ਼ ਇਲੈਵਨ ਪੰਜਾਬ ਅਤੇ ਮੁੰਬਈ ਇੰਡੀਅਨਜ਼ ਵਿਚਕਾਰ ਖੇਡੇ ਗਏ ਇੱਕ ਰੋਮਾਂਚਕ ਮੈਚ ਤੋਂ ਬਾਅਦ ਹਰਭਜਨ ਸਿੰਘ ਨੇ ਮੈਦਾਨ ‘ਤੇ ਹੀ ਸ਼੍ਰੀਸੰਤ ਨੂੰ ਥੱਪੜ ਜੜ ਦਿੱਤਾ ਸੀ। ਇਸ ਤੋਂ ਬਾਅਦ ਸ਼੍ਰੀਸੰਤ ਟੀਵੀ ਕੈਮਰਿਆਂ ਦੇ ਸਾਹਮਣੇ ਲਾਈਵ ਰੋਂਦੇ ਹੋਏ ਦਿਖਾਈ ਦਿੱਤੇ ਸਨ, ਜਿਸ ਨੇ ਪੂਰੀ ਦੁਨੀਆ ਵਿੱਚ ਹਲਚਲ ਮਚਾ ਦਿੱਤੀ ਸੀ।
ਹਾਲਾਂਕਿ, ਇਸ ਘਟਨਾ ਦੇ ਕੁਝ ਸਮੇਂ ਬਾਅਦ ਦੋਵਾਂ ਸੀਨੀਅਰ ਖਿਡਾਰੀਆਂ ਨੇ ਆਪਸੀ ਸਹਿਮਤੀ ਨਾਲ ਮਾਮਲਾ ਸੁਲਝਾ ਲਿਆ ਸੀ ਅਤੇ ਕਈ ਮੌਕਿਆਂ 'ਤੇ ਦੋਵੇਂ ਇੱਕ-ਦੂਜੇ ਦੇ ਗਲ ਮਿਲਦੇ ਵੀ ਨਜ਼ਰ ਆਏ ਸਨ। ਪਰ ਲਗਭਗ 18 ਸਾਲਾਂ ਬਾਅਦ ਇਸ ਵਿਵਾਦ ਦੇ ਦੁਬਾਰਾ ਜਨਮ ਲੈਣ ਕਾਰਨ ਦੋਵਾਂ ਦੇ ਰਿਸ਼ਤਿਆਂ ਵਿੱਚ ਪਹਿਲਾਂ ਨਾਲੋਂ ਵੀ ਵੱਧ ਕੜਵਾਹਟ ਆ ਗਈ ਹੈ। ਕ੍ਰਿਕਟ ਪ੍ਰਸ਼ੰਸਕਾਂ ਅਤੇ ਖੇਡ ਮਾਹਰਾਂ ਮੁਤਾਬਕ ਸੋਸ਼ਲ ਮੀਡੀਆ ‘ਤੇ ਚੱਲ ਰਹੀ ਇਹ ਜੰਗ ਆਉਣ ਵਾਲੇ ਦਿਨਾਂ ਵਿੱਚ ਹੋਰ ਵੱਡਾ ਰੂਪ ਧਾਰਨ ਕਰ ਸਕਦੀ ਹੈ।
Get all latest content delivered to your email a few times a month.