IMG-LOGO
ਹੋਮ ਪੰਜਾਬ, ਚੰਡੀਗੜ੍ਹ, ਚੰਡੀਗੜ੍ਹ ਕੈਸ਼ੀਅਰ ਕਤਲ ਕਾਂਡ 'ਚ ਵੱਡਾ ਖੁਲਾਸਾ: ਅਸਲ ਨਿਸ਼ਾਨਾ ਸੀ...

ਚੰਡੀਗੜ੍ਹ ਕੈਸ਼ੀਅਰ ਕਤਲ ਕਾਂਡ 'ਚ ਵੱਡਾ ਖੁਲਾਸਾ: ਅਸਲ ਨਿਸ਼ਾਨਾ ਸੀ ਮਸ਼ਹੂਰ ਕੈਮਿਸਟ, ‘ਕੁਮਾਰ’ ਨਾਮ ਦੀ ਉਲਝਣ ਕਾਰਨ ਕੈਸ਼ੀਅਰ ਦੀ ਗਈ ਜਾਨ

Admin User - Jun 17, 2026 06:33 PM
IMG

ਚੰਡੀਗੜ੍ਹ ਦੇ ਸੈਕਟਰ-11 ਵਿੱਚ ਹੋਏ ਸਨਸਨੀਖੇਜ਼ ਕਤਲ ਮਾਮਲੇ ਦੀ ਜਾਂਚ ਦੌਰਾਨ ਇੱਕ ਹੈਰਾਨ ਕਰਨ ਵਾਲਾ ਖੁਲਾਸਾ ਸਾਹਮਣੇ ਆਇਆ ਹੈ। ਪੁਲਿਸ ਜਾਂਚ ਮੁਤਾਬਕ, ‘ਸ਼੍ਰੀ ਕੁਮਾਰ ਕੈਮਿਸਟ’ ਦੇ ਕੈਸ਼ੀਅਰ ਜਾਨਕੀਦਾਸ ਦਾ ਕਤਲ ਗਲਤ ਪਛਾਣ ਕਾਰਨ ਹੋਇਆ ਸੀ। ਅਸਲ ਵਿੱਚ ਹਮਲਾਵਰਾਂ ਦਾ ਨਿਸ਼ਾਨਾ ਸੈਕਟਰ-11 ਦਾ ਇੱਕ ਹੋਰ ਮਸ਼ਹੂਰ ਕੈਮਿਸਟ ਸੀ, ਜਿਸ ਨੂੰ ਮਾਰਨ ਲਈ ਫਿਰੋਜ਼ਪੁਰ ਦੇ ਇੱਕ ਵਿਅਕਤੀ ਵੱਲੋਂ ਸੁਪਾਰੀ ਦਿੱਤੀ ਗਈ ਸੀ।

ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਸ਼ੂਟਰ ‘ਕੁਮਾਰ’ ਨਾਮ ਵਾਲੀਆਂ ਦੁਕਾਨਾਂ ਨੂੰ ਲੈ ਕੇ ਭੁਲੇਖੇ ਵਿੱਚ ਪੈ ਗਏ ਅਤੇ ਜਾਨਕੀਦਾਸ ਨੂੰ ਹੀ ਆਪਣਾ ਨਿਸ਼ਾਨਾ ਸਮਝ ਬੈਠੇ। ਸੈਕਟਰ-11 ਵਿੱਚ ‘ਕੁਮਾਰ’ ਨਾਮ ਨਾਲ ਜੁੜੀਆਂ ਕਈ ਮੈਡੀਕਲ ਦੁਕਾਨਾਂ ਹੋਣ ਕਾਰਨ ਇਹ ਗਲਤੀ ਹੋਈ। ਘਟਨਾ ਤੋਂ ਬਾਅਦ ਗੈਂਗਸਟਰ ਗੋਲਡੀ ਢਿੱਲੋਂ ਵੱਲੋਂ ਜਾਰੀ ਕੀਤੇ ਗਏ ਵੌਇਸ ਮੈਸੇਜ ਵਿੱਚ ਵੀ ‘ਕੁਮਾਰ ਬ੍ਰਦਰਜ਼’ ਦਾ ਜ਼ਿਕਰ ਕੀਤਾ ਗਿਆ ਸੀ, ਜਿਸ ਨਾਲ ਜਾਂਚ ਨੂੰ ਨਵਾਂ ਮੋੜ ਮਿਲਿਆ।

ਪੁਲਿਸ ਨੂੰ ਇਹ ਵੀ ਪਤਾ ਲੱਗਾ ਹੈ ਕਿ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਆਦਿਲ, ਸੰਨੀ ਮਹਿਰਾ ਅਤੇ ਰਾਹੁਲ ਚੌਹਾਨ ਦਾ ਖਰੜ ਨਾਲ ਵੀ ਸੰਪਰਕ ਸੀ। ਕਤਲ ਤੋਂ ਬਾਅਦ ਤਿੰਨੇ ਪਹਿਲਾਂ ਦਿੱਲੀ ਅਤੇ ਫਿਰ ਰੇਲ ਰਾਹੀਂ ਜੰਮੂ-ਕਸ਼ਮੀਰ ਭੱਜ ਗਏ ਤਾਂ ਜੋ ਪੁਲਿਸ ਦੀ ਨਜ਼ਰ ਤੋਂ ਬਚ ਸਕਣ। ਮਾਮਲੇ ਦੀ ਜਾਂਚ ਲਈ ਚੰਡੀਗੜ੍ਹ ਪੁਲਿਸ ਦੀਆਂ ਕਈ ਟੀਮਾਂ ਦਿੱਲੀ, ਨੋਇਡਾ, ਗ੍ਰੇਟਰ ਨੋਇਡਾ ਅਤੇ ਹਰਿਆਣਾ ਵਿੱਚ ਛਾਪੇਮਾਰੀ ਕਰ ਰਹੀਆਂ ਹਨ।

ਇਸ ਮਾਮਲੇ ਵਿੱਚ ਜੰਮੂ ਦੇ ਸਾਂਬਾ ਇਲਾਕੇ ਤੋਂ ਅਜੈ ਕੁਮਾਰ, ਓਮਕਾਰ ਅਤੇ ਵਿਵੇਕ ਮਹਿਰਾ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਇਹ ਤਿੰਨੇ ਸ਼ੂਟਰਾਂ ਨਾਲ ਲਗਾਤਾਰ ਸੰਪਰਕ ਵਿੱਚ ਸਨ ਅਤੇ ਘਟਨਾ ਤੋਂ ਪਹਿਲਾਂ ਤੇ ਬਾਅਦ ਉਨ੍ਹਾਂ ਨਾਲ ਫੋਨ 'ਤੇ ਗੱਲਬਾਤ ਕਰਦੇ ਰਹੇ। ਪੁਲਿਸ ਨੇ ਉਨ੍ਹਾਂ ਕੋਲੋਂ ਇੱਕ ਪਿਸਤੌਲ ਵੀ ਬਰਾਮਦ ਕੀਤੀ ਹੈ।

ਸੂਤਰਾਂ ਮੁਤਾਬਕ, ਘਟਨਾ ਤੋਂ ਬਾਅਦ ਇੱਕ ਨੌਜਵਾਨ ਸੋਸ਼ਲ ਮੀਡੀਆ ਅਤੇ ਖ਼ਬਰਾਂ ਦੇ ਆਧਾਰ 'ਤੇ ਸ਼ੂਟਰਾਂ ਨੂੰ ਪੁਲਿਸ ਦੀ ਕਾਰਵਾਈ ਬਾਰੇ ਲਗਾਤਾਰ ਜਾਣਕਾਰੀ ਦਿੰਦਾ ਰਿਹਾ। ਇਹ ਵਿਅਕਤੀ ਮੁੱਖ ਦੋਸ਼ੀ ਰਾਹੁਲ ਚੌਹਾਨ ਦਾ ਕਰੀਬੀ ਦੋਸਤ ਦੱਸਿਆ ਜਾ ਰਿਹਾ ਹੈ।

ਉੱਧਰ, ਪੰਜਾਬ ਦੀ ਐਂਟੀ ਗੈਂਗਸਟਰ ਟਾਸਕ ਫੋਰਸ (AGTF) ਅਤੇ ਚੰਡੀਗੜ੍ਹ ਪੁਲਿਸ ਵੱਲੋਂ ਮੁਲਜ਼ਮਾਂ ਦੀ ਭਾਲ ਤੇਜ਼ ਕਰ ਦਿੱਤੀ ਗਈ ਹੈ। ਕਈ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਜਾਂਚ ਏਜੰਸੀਆਂ ਦਾ ਦਾਅਵਾ ਹੈ ਕਿ ਇਸ ਕਤਲ ਕਾਂਡ ਵਿੱਚ ਸ਼ਾਮਲ ਸਾਰੇ ਲੋਕਾਂ ਨੂੰ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਇਸ ਘਟਨਾ ਤੋਂ ਬਾਅਦ ਵਪਾਰੀ ਵਰਗ ਵਿੱਚ ਵੀ ਡਰ ਅਤੇ ਨਾਰਾਜ਼ਗੀ ਦਾ ਮਾਹੌਲ ਹੈ, ਜਦਕਿ ਚੰਡੀਗੜ੍ਹ ਵਪਾਰ ਮੰਡਲ ਨੇ ਸ਼ਹਿਰ ਦੀ ਕਾਨੂੰਨ-ਵਿਵਸਥਾ 'ਤੇ ਗੰਭੀਰ ਚਿੰਤਾ ਜਤਾਉਂਦਿਆਂ ਕੇਂਦਰ ਸਰਕਾਰ ਤੋਂ ਦਖਲ ਦੀ ਮੰਗ ਕੀਤੀ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.