IMG-LOGO
ਹੋਮ ਪੰਜਾਬ: ਭਾਖੜਾ ਡੈਮ ਦਾ ਜਲ ਪੱਧਰ ਲਗਾਤਾਰ ਵਧਿਆ, ਸਤਲੁਜ ਕੰਢੇ ਵਸਦੇ...

ਭਾਖੜਾ ਡੈਮ ਦਾ ਜਲ ਪੱਧਰ ਲਗਾਤਾਰ ਵਧਿਆ, ਸਤਲੁਜ ਕੰਢੇ ਵਸਦੇ ਲੋਕਾਂ ਲਈ ਚੇਤਾਵਨੀ ਜਾਰੀ

Admin User - Jun 16, 2026 04:07 PM
IMG

ਪਹਾੜੀ ਖੇਤਰਾਂ ਵਿੱਚ ਗਰਮੀ ਕਾਰਨ ਬਰਫ਼ ਦੇ ਤੇਜ਼ੀ ਨਾਲ ਪਿਘਲਣ ਨਾਲ ਭਾਖੜਾ ਡੈਮ ਵਿੱਚ ਪਾਣੀ ਦੀ ਆਮਦ ਲਗਾਤਾਰ ਵਧ ਰਹੀ ਹੈ। ਇਸ ਦੇ ਨਤੀਜੇ ਵਜੋਂ ਭਾਖੜਾ ਡੈਮ ਦੇ ਪਿੱਛੇ ਸਥਿਤ ਗੋਬਿੰਦ ਸਾਗਰ ਝੀਲ ਦਾ ਜਲ ਪੱਧਰ ਹਰ ਰੋਜ਼ ਉੱਚਾ ਹੋ ਰਿਹਾ ਹੈ। ਬੀਬੀਐਮਬੀ (ਭਾਖੜਾ ਬਿਆਸ ਮੈਨੇਜਮੈਂਟ ਬੋਰਡ) ਵੱਲੋਂ ਸਥਿਤੀ 'ਤੇ ਨਜ਼ਰ ਰੱਖੀ ਜਾ ਰਹੀ ਹੈ ਅਤੇ ਲੋੜ ਅਨੁਸਾਰ ਪਾਣੀ ਦੀ ਨਿਕਾਸੀ ਵੀ ਕੀਤੀ ਜਾ ਰਹੀ ਹੈ।

ਗਰਮੀ ਦੇ ਮੌਸਮ ਵਿੱਚ ਬਿਜਲੀ ਅਤੇ ਪਾਣੀ ਦੀ ਖਪਤ ਵਧਣ ਕਾਰਨ ਭਾਖੜਾ ਡੈਮ ਦੇ ਸਾਰੇ ਟਰਬਾਈਨ ਪੂਰੀ ਸਮਰੱਥਾ ਨਾਲ ਚਲਾਏ ਜਾ ਰਹੇ ਹਨ। ਇਸ ਨਾਲ ਇੱਕ ਪਾਸੇ ਵੱਧ ਬਿਜਲੀ ਉਤਪਾਦਨ ਹੋ ਰਿਹਾ ਹੈ, ਜਦਕਿ ਦੂਜੇ ਪਾਸੇ ਸਿੰਚਾਈ ਅਤੇ ਪੀਣ ਵਾਲੇ ਪਾਣੀ ਦੀ ਲੋੜ ਨੂੰ ਵੀ ਪੂਰਾ ਕੀਤਾ ਜਾ ਰਿਹਾ ਹੈ। ਪੰਜਾਬ ਵਿੱਚ ਝੋਨੇ ਦੀ ਲਗਾਈ ਸ਼ੁਰੂ ਹੋਣ ਨਾਲ ਖੇਤੀਬਾੜੀ ਲਈ ਪਾਣੀ ਦੀ ਮੰਗ ਵਿੱਚ ਵੀ ਖਾਸਾ ਵਾਧਾ ਹੋਇਆ ਹੈ।

ਅੱਜ ਸਵੇਰੇ 6 ਵਜੇ ਦੇ ਅੰਕੜਿਆਂ ਮੁਤਾਬਕ ਭਾਖੜਾ ਡੈਮ ਦਾ ਜਲ ਪੱਧਰ 1573.56 ਫੁੱਟ ਦਰਜ ਕੀਤਾ ਗਿਆ। ਗੋਬਿੰਦ ਸਾਗਰ ਝੀਲ ਵਿੱਚ 17,256 ਕਿਊਸਿਕ ਪਾਣੀ ਦੀ ਆਮਦ ਹੋ ਰਹੀ ਹੈ, ਜਦਕਿ ਡੈਮ ਤੋਂ ਟਰਬਾਈਨਾਂ ਰਾਹੀਂ 29,106 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਨੰਗਲ ਡੈਮ ਤੋਂ ਵੱਖ-ਵੱਖ ਹਾਈਡਲ ਚੈਨਲਾਂ ਵਿੱਚ ਵੀ ਹਜ਼ਾਰਾਂ ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ। ਸਤਲੁਜ ਦਰਿਆ ਵਿੱਚ ਵੀ ਪਿਛਲੇ ਕੁਝ ਦਿਨਾਂ ਦੌਰਾਨ ਪਾਣੀ ਦੇ ਵਹਾਅ ਨੂੰ ਵਧਾਇਆ ਗਿਆ ਹੈ ਅਤੇ ਅੱਜ ਲਗਭਗ 8,000 ਕਿਊਸਿਕ ਪਾਣੀ ਦਰਿਆ ਵਿੱਚ ਛੱਡਿਆ ਗਿਆ।

ਵਧਦੇ ਜਲ ਪੱਧਰ ਨੂੰ ਦੇਖਦਿਆਂ ਬੀਬੀਐਮਬੀ ਅਤੇ ਸਿਵਲ ਪ੍ਰਸ਼ਾਸਨ ਨੇ ਸਤਲੁਜ ਦਰਿਆ ਦੇ ਕੰਢੇ ਵਸਦੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ। ਅਧਿਕਾਰੀਆਂ ਨੇ ਲੋਕਾਂ ਨੂੰ ਦਰਿਆ ਦੇ ਨੇੜੇ ਨਾ ਜਾਣ, ਪਸ਼ੂਆਂ ਨੂੰ ਵੀ ਦੂਰ ਰੱਖਣ ਅਤੇ ਕਿਸੇ ਵੀ ਐਮਰਜੈਂਸੀ ਸਥਿਤੀ ਵਿੱਚ ਸੁਰੱਖਿਅਤ ਅਤੇ ਉੱਚੀਆਂ ਥਾਵਾਂ 'ਤੇ ਰਹਿਣ ਲਈ ਕਿਹਾ ਹੈ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਜੇਕਰ ਪਾਣੀ ਦੀ ਆਮਦ ਹੋਰ ਵਧਦੀ ਹੈ ਤਾਂ ਸਤਲੁਜ ਦਰਿਆ ਵਿੱਚ ਵਾਧੂ ਪਾਣੀ ਛੱਡਣ ਦੀ ਲੋੜ ਪੈ ਸਕਦੀ ਹੈ, ਜਿਸ ਕਾਰਨ ਹੇਠਲੇ ਇਲਾਕਿਆਂ ਵਿੱਚ ਸਾਵਧਾਨੀ ਵਰਤਣਾ ਬਹੁਤ ਜ਼ਰੂਰੀ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.