IMG-LOGO
ਹੋਮ ਪੰਜਾਬ, ਚੰਡੀਗੜ੍ਹ, ਪੰਜਾਬ 'ਚ ਗਰਮੀ ਤੋਂ ਰਾਹਤ: ਮੌਸਮ ਵਿਭਾਗ ਵੱਲੋਂ 17 ਜ਼ਿਲ੍ਹਿਆਂ...

ਪੰਜਾਬ 'ਚ ਗਰਮੀ ਤੋਂ ਰਾਹਤ: ਮੌਸਮ ਵਿਭਾਗ ਵੱਲੋਂ 17 ਜ਼ਿਲ੍ਹਿਆਂ ਲਈ 'ਯੈਲੋ ਅਲਰਟ' ਜਾਰੀ; 50 KM ਦੀ ਰਫ਼ਤਾਰ ਨਾਲ ਚੱਲਣਗੀਆਂ ਤੇਜ਼ ਹਵਾਵਾਂ, ਮੀਂਹ ਦੇ ਆਸਾਰ

Admin User - Jun 16, 2026 10:21 AM
IMG

ਪੰਜਾਬ ਵਾਸੀਆਂ ਨੂੰ ਅੱਤ ਦੀ ਗਰਮੀ ਤੋਂ ਵੱਡੀ ਰਾਹਤ ਮਿਲਣ ਜਾ ਰਹੀ ਹੈ। ਮੌਸਮ ਵਿਭਾਗ (IMD) ਨੇ ਮੰਗਲਵਾਰ ਨੂੰ ਸੂਬੇ ਦੇ 17 ਜ਼ਿਲ੍ਹਿਆਂ ਵਿੱਚ ਗਰਜ-ਚਮਕ ਦੇ ਨਾਲ ਮੀਂਹ ਪੈਣ ਅਤੇ ਤੇਜ਼ ਹਵਾਵਾਂ ਚੱਲਣ ਦਾ 'ਯੈਲੋ ਅਲਰਟ' ਜਾਰੀ ਕੀਤਾ ਹੈ। ਸੁਨਾਮ ਸਮੇਤ ਕਈ ਇਲਾਕਿਆਂ ਵਿੱਚ ਅੱਜ ਸਵੇਰ ਤੋਂ ਹੀ ਹੋਈ ਬਾਰਿਸ਼ ਕਾਰਨ ਤਾਪਮਾਨ ਵਿੱਚ ਗਿਰਾਵਟ ਆਈ ਹੈ ਅਤੇ ਮੌਸਮ ਸੁਹਾਵਣਾ ਹੋ ਗਿਆ ਹੈ। ਇਸ ਤੋਂ ਪਹਿਲਾਂ ਸੋਮਵਾਰ ਨੂੰ ਜ਼ਿਆਦਾਤਰ ਹਿੱਸਿਆਂ ਵਿੱਚ ਮੌਸਮ ਖੁਸ਼ਕ ਰਿਹਾ ਸੀ, ਜਦਕਿ ਕੁਝ ਸੀਮਤ ਥਾਵਾਂ 'ਤੇ ਹਲਕੇ ਛਿੱਟੇ ਪਏ ਸਨ। ਅੱਜ ਹੋਈ ਬਾਰਿਸ਼ ਕਾਰਨ ਸੂਬੇ ਦੇ ਵੱਧ ਤੋਂ ਵੱਧ ਤਾਪਮਾਨ ਵਿੱਚ 0.4 ਡਿਗਰੀ ਸੈਲਸੀਅਸ ਦੀ ਕਮੀ ਦਰਜ ਕੀਤੀ ਗਈ ਹੈ, ਜਿਸ ਨਾਲ ਪਾਰਾ ਆਮ ਦੇ ਨੇੜੇ ਪਹੁੰਚ ਗਿਆ ਹੈ।


ਮੌਸਮ ਵਿਭਾਗ ਦੇ ਮੁਤਾਬਕ ਮਾਲਵਾ ਅਤੇ ਮਾਝਾ ਦੇ ਵੱਡੇ ਹਿੱਸੇ ਵਿੱਚ ਅੱਜ ਮੌਸਮ ਖ਼ਰਾਬ ਰਹਿ ਸਕਦਾ ਹੈ। ਪ੍ਰਭਾਵਿਤ ਹੋਣ ਵਾਲੇ ਜ਼ਿਲ੍ਹਿਆਂ ਵਿੱਚ:


ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਜਲੰਧਰ, ਫਿਰੋਜ਼ਪੁਰ, ਫਰੀਦਕੋਟ ਅਤੇ ਮੋਗਾ।


ਫਾਜ਼ਿਲਕਾ, ਮੁਕਤਸਰ, ਬਠਿੰਡਾ, ਲੁਧਿਆਣਾ, ਬਰਨਾਲਾ, ਸੰਗਰੂਰ ਅਤੇ ਮਾਨਸਾ।


ਮੋਹਾਲੀ, ਫਤਿਹਗੜ੍ਹ ਸਾਹਿਬ ਅਤੇ ਪਟਿਆਲਾ ਸ਼ਾਮਲ ਹਨ।

ਇਨ੍ਹਾਂ ਇਲਾਕਿਆਂ ਵਿੱਚ 40 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਝੱਖੜ ਚੱਲਣ ਅਤੇ ਤੇਜ਼ ਬਾਰਿਸ਼ ਹੋਣ ਦੀ ਸੰਭਾਵਨਾ ਜਤਾਈ ਗਈ ਹੈ।


ਮੌਸਮ ਮਾਹਰਾਂ ਅਨੁਸਾਰ ਬੁੱਧਵਾਰ ਨੂੰ ਵੀ ਪੰਜਾਬ ਦੇ ਕਈ ਹਿੱਸਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਦਾ ਸਿਲਸਿਲਾ ਜਾਰੀ ਰਹੇਗਾ। ਪਰ 18 ਜੂਨ ਤੋਂ ਪੱਛਮੀ ਗੜਬੜੀ (Western Disturbance) ਦੇ ਵਧੇਰੇ ਸਰਗਰਮ ਹੋਣ ਦੀ ਉਮੀਦ ਹੈ। ਵਿਭਾਗ ਨੇ 18 ਤੋਂ 20 ਜੂਨ ਤੱਕ ਲਗਾਤਾਰ ਤਿੰਨ ਦਿਨਾਂ ਲਈ ਮੁੜ ਪੀਲਾ ਅਲਰਟ ਜਾਰੀ ਕੀਤਾ ਹੈ। ਇਸ ਦੌਰਾਨ ਲਗਾਤਾਰ ਹੋਣ ਵਾਲੀ ਬਾਰਿਸ਼ ਅਤੇ ਤੇਜ਼ ਹਵਾਵਾਂ ਕਾਰਨ ਦਿਨ ਦੇ ਤਾਪਮਾਨ ਵਿੱਚ 3 ਤੋਂ 4 ਡਿਗਰੀ ਸੈਲਸੀਅਸ ਦੀ ਵੱਡੀ ਗਿਰਾਵਟ ਦੇਖਣ ਨੂੰ ਮਿਲੇਗੀ, ਜਿਸ ਨਾਲ ਲੋਕਾਂ ਨੂੰ ਹੁੰਮਸ ਭਰੀ ਗਰਮੀ ਤੋਂ ਨਿਜਾਤ ਮਿਲੇਗੀ।


ਪਿਛਲੇ 24 ਘੰਟਿਆਂ ਦੇ ਤਾਪਮਾਨ ਦੇ ਅੰਕੜਿਆਂ 'ਤੇ ਨਜ਼ਰ ਮਾਰੀਏ ਤਾਂ ਸੂਬੇ ਵਿੱਚ ਸਭ ਤੋਂ ਵੱਧ ਤਾਪਮਾਨ ਫਰੀਦਕੋਟ ਵਿੱਚ 39.4 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਇਸ ਤੋਂ ਇਲਾਵਾ ਪ੍ਰਮੁੱਖ ਸ਼ਹਿਰਾਂ ਵਿੱਚ ਪਟਿਆਲਾ 37.8 ਡਿਗਰੀ, ਪਠਾਨਕੋਟ 37.6 ਡਿਗਰੀ, ਬਠਿੰਡਾ 37.5 ਡਿਗਰੀ, ਅੰਮ੍ਰਿਤਸਰ 36.0 ਡਿਗਰੀ ਅਤੇ ਲੁਧਿਆਣਾ ਵਿੱਚ ਪਾਰਾ 35.6 ਡਿਗਰੀ ਸੈਲਸੀਅਸ ਰਿਹਾ। ਦੂਜੇ ਪਾਸੇ, ਪੰਜਾਬ ਦੇ ਘੱਟੋ-ਘੱਟ (ਰਾਤ ਦੇ) ਤਾਪਮਾਨ ਵਿੱਚ 2.8 ਡਿਗਰੀ ਦਾ ਵਾਧਾ ਦੇਖਿਆ ਗਿਆ, ਜਿੱਥੇ ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਵਿਖੇ ਸਭ ਤੋਂ ਘੱਟ 22.5 ਡਿਗਰੀ ਸੈਲਸੀਅਸ ਤਾਪਮਾਨ ਦਰਜ ਹੋਇਆ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.