ਤਾਜਾ ਖਬਰਾਂ
ਦਿੱਲੀ-ਕਟੜਾ ਰਾਸ਼ਟਰੀ ਰਾਜਮਾਰਗ 'ਤੇ ਬੀਤੀ ਦੇਰ ਰਾਤ ਇੱਕ ਬੇਹੱਦ ਦਰਦਨਾਕ ਸੜਕ ਹਾਦਸਾ ਵਾਪਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇੱਥੇ ਪਿੰਡ ਫੱਗੂਵਾਲਾ ਦੇ ਨਜ਼ਦੀਕ ਸੜਕ ਵਿਚਾਲੇ ਖੜ੍ਹੇ ਇੱਕ ਖ਼ਰਾਬ ਟਰੱਕ ਵਿੱਚ ਤੇਜ਼ ਰਫ਼ਤਾਰ ਕਾਰ ਪਿੱਛੋਂ ਸਿੱਧੀ ਜਾ ਟਕਰਾਈ। ਟੱਕਰ ਐਨੀ ਜ਼ਬਰਦਸਤ ਸੀ ਕਿ ਕਾਰ ਦੇ ਪਰਖੱਚੇ ਉੱਡ ਗਏ। ਇਸ ਖ਼ੂਨੀ ਹਾਦਸੇ ਵਿੱਚ ਇੱਕ ਨੌਜਵਾਨ ਅਤੇ ਦਿੱਲੀ ਦੀ ਰਹਿਣ ਵਾਲੀ 16 ਸਾਲਾ ਕੁੜੀ ਦੀ ਦਰਦਨਾਕ ਮੌਤ ਹੋ ਗਈ, ਜਦੋਂ ਕਿ ਕਾਰ ਸਵਾਰ ਇੱਕ ਹੋਰ ਮੁਟਿਆਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈ। ਸੂਚਨਾ ਮਿਲਦੇ ਹੀ ਪੁਲਿਸ ਅਤੇ ਸੜਕ ਸੁਰੱਖਿਆ ਫੋਰਸ (SSF) ਦੀਆਂ ਟੀਮਾਂ ਨੇ ਮੌਕੇ 'ਤੇ ਪਹੁੰਚ ਕੇ ਰਾਹਤ ਕਾਰਜ ਸ਼ੁਰੂ ਕੀਤੇ।
ਮਿਲੀ ਜਾਣਕਾਰੀ ਮੁਤਾਬਕ ਇੱਕ ਟਰੱਕ ਵਿੱਚ ਕੋਈ ਤਕਨੀਕੀ ਨੁਕਸ ਪੈਣ ਕਾਰਨ ਉਹ ਹਾਈਵੇ 'ਤੇ ਹੀ ਰੁਕਿਆ ਹੋਇਆ ਸੀ। ਰਾਤ ਦੇ ਹਨੇਰੇ ਕਾਰਨ ਤੇਜ਼ ਰਫ਼ਤਾਰ ਕਾਰ ਚਾਲਕ ਸੜਕ 'ਤੇ ਖੜ੍ਹੇ ਇਸ ਟਰੱਕ ਨੂੰ ਦੇਖ ਨਹੀਂ ਸਕਿਆ ਅਤੇ ਵਾਹਨ ਸਿੱਧਾ ਟਰੱਕ ਦੇ ਪਿਛਲੇ ਹਿੱਸੇ ਵਿੱਚ ਜਾ ਧੱਸਿਆ। ਹਾਦਸੇ ਤੋਂ ਬਾਅਦ ਕਾਰ ਵਿੱਚ ਸਵਾਰ ਤਿੰਨੇ ਜਣੇ ਬੁਰੀ ਤਰ੍ਹਾਂ ਅੰਦਰ ਹੀ ਫਸ ਗਏ, ਜਿਨ੍ਹਾਂ ਨੂੰ ਹਾਈਵੇ ਤੋਂ ਲੰਘ ਰਹੇ ਰਾਹਗੀਰਾਂ ਅਤੇ ਐਸ.ਐਸ.ਐਫ. ਦੇ ਜਵਾਨਾਂ ਨੇ ਭਾਰੀ ਮੁਸ਼ੱਕਤ ਤੋਂ ਬਾਅਦ ਗੱਡੀ ਦੀ ਚਾਦਰ ਕੱਟ ਕੇ ਬਾਹਰ ਕੱਢਿਆ।
ਬਚਾਅ ਟੀਮ ਮੁਤਾਬਕ ਕਾਰ ਚਲਾ ਰਹੇ 27 ਸਾਲਾ ਪ੍ਰਿੰਸ ਕੁਮਾਰ ਦੀ ਮੌਕੇ 'ਤੇ ਹੀ ਮੌਤ ਹੋ ਚੁੱਕੀ ਸੀ। ਜਦੋਂ ਕਿ ਉਸ ਦੇ ਨਾਲ ਸਵਾਰ 16 ਸਾਲਾ ਕੁੜੀ ਮਹਿਰਾ (ਪੁੱਤਰ ਮੁਹੰਮਦ ਅਸਫਾਕ, ਵਾਸੀ ਬਟਾਲਾ ਹਾਊਸ, ਦਿੱਲੀ) ਨੇ ਹਸਪਤਾਲ ਪਹੁੰਚ ਕੇ ਇਲਾਜ ਦੌਰਾਨ ਦਮ ਤੋੜ ਦਿੱਤਾ। ਇਸ ਹਾਦਸੇ ਵਿੱਚ 21 ਸਾਲਾ ਸਾਨੀਆ ਨਾਮ ਦੀ ਇੱਕ ਹੋਰ ਕੁੜੀ ਗੰਭੀਰ ਜ਼ਖ਼ਮੀ ਹੋਈ ਹੈ, ਜਿਸ ਨੂੰ ਤੁਰੰਤ ਭਵਾਨੀਗੜ੍ਹ ਦੇ ਸਰਕਾਰੀ ਹਸਪਤਾਲ (CHC) ਵਿਖੇ ਭਰਤੀ ਕਰਵਾਇਆ ਗਿਆ ਹੈ, ਜਿੱਥੇ ਡਾਕਟਰਾਂ ਵੱਲੋਂ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ।
ਇਸ ਭਿਆਨਕ ਟੱਕਰ ਤੋਂ ਬਾਅਦ ਦਿੱਲੀ-ਕਟੜਾ ਹਾਈਵੇ 'ਤੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ ਅਤੇ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਗਈ। ਪੁਲਿਸ ਪ੍ਰਸ਼ਾਸਨ ਨੇ ਤੁਰੰਤ ਹਾਈਡਰਾ ਕ੍ਰੇਨ ਮੰਗਵਾ ਕੇ ਹਾਦਸਾਗ੍ਰਸਤ ਕਾਰ ਅਤੇ ਟਰੱਕ ਨੂੰ ਸੜਕ ਤੋਂ ਪਾਸੇ ਕਰਵਾਇਆ ਅਤੇ ਮਾਰਗ ਨੂੰ ਦੁਬਾਰਾ ਚਾਲੂ ਕਰਵਾਇਆ। ਸਥਾਨਕ ਥਾਣੇ ਦੀ ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਮਾਮਲਾ ਦਰਜ ਕਰਕੇ ਹਾਦਸੇ ਦੇ ਅਸਲ ਕਾਰਨਾਂ ਦੀ ਬਾਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ।
Get all latest content delivered to your email a few times a month.