ਤਾਜਾ ਖਬਰਾਂ
ਜਲੰਧਰ ਦੇ ਦਸਮੇਸ਼ ਨਗਰ ਇਲਾਕੇ ਵਿੱਚ ਬੀਤੀ ਦੇਰ ਰਾਤ ਉਸ ਵੇਲੇ ਦਹਿਸ਼ਤ ਫੈਲ ਗਈ, ਜਦੋਂ ਮਾਮੂਲੀ ਤਕਰਾਰ ਤੋਂ ਬਾਅਦ ਨੌਜਵਾਨਾਂ ਦੇ ਦੋ ਧੜੇ ਆਪਸ ਵਿੱਚ ਭਿੜ ਗਏ। ਤੇਜ਼ਧਾਰ ਹਥਿਆਰਾਂ ਨਾਲ ਸ਼ੁਰੂ ਹੋਈ ਇਹ ਲੜਾਈ ਕੁਝ ਹੀ ਮਿੰਟਾਂ ਵਿੱਚ ਗੋਲੀਬਾਰੀ ਵਿੱਚ ਬਦਲ ਗਈ। ਇਸ ਖ਼ੂਨੀ ਝੜਪ ਦੌਰਾਨ ਦੋ ਨੌਜਵਾਨਾਂ ਨੂੰ ਗੋਲੀਆਂ ਲੱਗੀਆਂ, ਜਿਨ੍ਹਾਂ ਵਿੱਚੋਂ ਇੱਕ ਦੀ ਮੌਤ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਵਾਰਦਾਤ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਪੁਲਿਸ ਭਾਰੀ ਫੋਰਸ ਸਮੇਤ ਮੌਕੇ 'ਤੇ ਪਹੁੰਚੀ ਅਤੇ ਪੂਰੇ ਇਲਾਕੇ ਨੂੰ ਸੀਲ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਨੂੰ ਮੌਕੇ ਤੋਂ ਇੱਕ ਅਹਿਮ ਸੀਸੀਟੀਵੀ (CCTV) ਫੁਟੇਜ ਹਾਸਲ ਹੋਈ ਹੈ, ਜਿਸ ਵਿੱਚ ਲੜਾਈ ਤੋਂ ਪਹਿਲਾਂ ਕਈ ਨੌਜਵਾਨ ਹੱਥਾਂ ਵਿੱਚ ਕਿਰਪਾਨਾਂ, ਦਾਤਰ ਅਤੇ ਪਿਸਤੌਲ ਲਹਿਰਾਉਂਦੇ ਹੋਏ ਸ਼ਰੇਆਮ ਘੁੰਮਦੇ ਸਾਫ਼ ਦਿਖਾਈ ਦੇ ਰਹੇ ਹਨ। ਇਲਾਕਾ ਨਿਵਾਸੀ ਰਾਜਵੀਰ ਸਿੰਘ ਨੇ ਦੱਸਿਆ ਕਿ ਗੋਲੀ ਲੱਗਣ ਕਾਰਨ ਪਿੰਡ ਕੋਟ ਸਾਦਿਕ ਦੇ ਰਹਿਣ ਵਾਲੇ ਸਿਮਰਨਜੀਤ ਸਿੰਘ (25) ਦੀ ਮੌਤ ਹੋ ਗਈ ਹੈ, ਜੋ ਕਿ ਪੇਸ਼ੇ ਤੋਂ ਇਲੈਕਟ੍ਰੀਸ਼ੀਅਨ ਸੀ। ਦੂਜੇ ਪਾਸੇ, ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਦੋਵੇਂ ਜ਼ਖ਼ਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ, ਜਿਨ੍ਹਾਂ ਵਿੱਚੋਂ ਇੱਕ ਦੀ ਹਾਲਤ ਬੇਹੱਦ ਨਾਜ਼ੁਕ ਬਣੀ ਹੋਈ ਹੈ।
ਘਟਨਾ ਦੇ ਪ੍ਰਮੁੱਖ ਚਸ਼ਮਦੀਦ ਰਾਜਵੀਰ ਮੁਤਾਬਕ, 23 ਸਾਲਾ ਸੌਰਵ ਨਾਮ ਦਾ ਨੌਜਵਾਨ ਦਸਮੇਸ਼ ਨਗਰ ਵਿੱਚ ਖੜ੍ਹਾ ਸੀ। ਇਸੇ ਦੌਰਾਨ ਗੁੱਲੂ ਨਾਮ ਦਾ ਇੱਕ ਬਦਮਾਸ਼ ਆਪਣੇ ਮੋਟਰਸਾਈਕਲ 'ਤੇ ਆਇਆ ਅਤੇ ਉਤਰਦੇ ਹੀ ਉਸ ਨੇ ਸੌਰਵ 'ਤੇ ਸਿੱਧੀ ਗੋਲੀ ਚਲਾ ਦਿੱਤੀ। ਇਸ ਤੋਂ ਬਾਅਦ ਦੂਜੀ ਗੋਲੀ ਉੱਥੋਂ ਲੰਘ ਰਹੇ ਸਿਮਰਨਜੀਤ ਸਿੰਘ ਦੀ ਗਰਦਨ ਵਿੱਚ ਜਾ ਲੱਗੀ, ਜਿਸ ਕਾਰਨ ਉਹ ਉੱਥੇ ਹੀ ਢੇਰ ਹੋ ਗਿਆ।
ਇਸ ਵਾਰਦਾਤ ਤੋਂ ਬਾਅਦ ਜ਼ਖ਼ਮੀ ਸੌਰਵ ਦੀ ਮਾਂ ਕਿਰਨ ਨੇ ਰੋਂਦੇ ਹੋਏ ਪ੍ਰਸ਼ਾਸਨ 'ਤੇ ਗੁੱਸਾ ਕੱਢਿਆ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਸ਼ੂਗਰ ਦੀ ਬੀਮਾਰੀ ਤੋਂ ਪੀੜਤ ਹੈ, ਜਿਸ ਨੂੰ ਦਿਨ ਵਿੱਚ ਤਿੰਨ ਵਾਰ ਇੰਸੁਲਿਨ ਦਾ ਟੀਕਾ ਲੱਗਦਾ ਹੈ। ਉਸ ਦੇ ਪਿਤਾ ਵਿਦੇਸ਼ ਰਹਿੰਦੇ ਹਨ, ਇਸ ਲਈ ਉਹ ਬੱਚੇ ਨੂੰ ਕੰਮ 'ਤੇ ਵੀ ਨਹੀਂ ਭੇਜਦੇ। ਬੀਤੀ ਰਾਤ ਸੌਰਵ ਆਪਣੀ ਦਵਾਈ ਲੈ ਕੇ ਘਰ ਪਰਤ ਰਿਹਾ ਸੀ, ਜਦੋਂ ਬਦਮਾਸ਼ਾਂ ਨੇ ਪਿੱਠ ਪਿੱਛੋਂ ਉਸ 'ਤੇ ਹਮਲਾ ਕਰ ਦਿੱਤਾ। ਪੀੜਤ ਮਾਂ ਨੇ ਮੰਗ ਕੀਤੀ ਹੈ ਕਿ ਜੇਕਰ ਇਨ੍ਹਾਂ ਗੁੰਡਾ ਅਨਸਰਾਂ ਨੂੰ ਸਖ਼ਤ ਸਜ਼ਾ ਨਾ ਦਿੱਤੀ ਗਈ, ਤਾਂ ਕੋਈ ਵੀ ਬੱਚਾ ਸੜਕ 'ਤੇ ਸੁਰੱਖਿਅਤ ਨਹੀਂ ਰਹੇਗਾ।
ਪੁਲਿਸ ਦੇ ਉੱਚ ਅਧਿਕਾਰੀਆਂ ਅਨੁਸਾਰ ਇਲਾਕੇ ਵਿੱਚ ਤਣਾਅ ਨੂੰ ਦੇਖਦੇ ਹੋਏ ਸੁਰੱਖਿਆ ਵਧਾ ਦਿੱਤੀ ਗਈ ਹੈ। ਮੁਲਜ਼ਮ ਗੁੱਲੂ ਅਤੇ ਉਸ ਦੇ ਫ਼ਰਾਰ ਸਾਥੀਆਂ ਦੀ ਭਾਲ ਵਿੱਚ ਪੁਲਿਸ ਵੱਲੋਂ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਸਾਰੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
Get all latest content delivered to your email a few times a month.