IMG-LOGO
ਹੋਮ ਪੰਜਾਬ: ਜਲੰਧਰ 'ਚ ਖ਼ੂਨੀ ਗੈਂਗਵਾਰ: ਹਸਪਤਾਲ ਜਾ ਰਹੇ ਦੋ ਨੌਜਵਾਨਾਂ 'ਤੇ...

ਜਲੰਧਰ 'ਚ ਖ਼ੂਨੀ ਗੈਂਗਵਾਰ: ਹਸਪਤਾਲ ਜਾ ਰਹੇ ਦੋ ਨੌਜਵਾਨਾਂ 'ਤੇ ਤਾਬੜਤੋੜ ਫਾਇਰਿੰਗ; ਇਕਲੌਤੇ ਪੁੱਤ ਦੀ ਮੌਤ

Admin User - Jun 13, 2026 01:54 PM
IMG

ਜਲੰਧਰ ਦੇ ਨਿਊ ਦਸਮੇਸ਼ ਨਗਰ ਇਲਾਕੇ ਵਿੱਚ ਪੁਰਾਣੀ ਰੰਜਿਸ਼ ਦੇ ਚਲਦਿਆਂ ਸ਼ਰੇਆਮ ਗੋਲੀਆਂ ਚੱਲਣ ਦਾ ਖ਼ੌਫ਼ਨਾਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਪਿਛਲੇ ਦਿਨ ਹੋਈ ਲੜਾਈ ਦੀ ਪੱਟੀ ਕਰਵਾਉਣ ਲਈ ਹਸਪਤਾਲ ਜਾ ਰਹੇ ਦੋ ਨੌਜਵਾਨਾਂ ਨੂੰ ਅੱਧ ਵਿਚਕਾਰ ਘੇਰ ਕੇ ਬਦਮਾਸ਼ਾਂ ਨੇ ਅੰਨ੍ਹੇਵਾਹ ਫਾਇਰਿੰਗ ਕਰ ਦਿੱਤੀ। ਇਸ ਹਮਲੇ ਵਿੱਚ ਗੋਲੀ ਲੱਗਣ ਕਾਰਨ ਇੱਕ ਨੌਜਵਾਨ ਦੀ ਹਸਪਤਾਲ ਵਿੱਚ ਦਰਦਨਾਕ ਮੌਤ ਹੋ ਗਈ, ਜਦੋਂ ਕਿ ਦੂਜੇ ਦੀ ਹਾਲਤ ਬੇਹੱਦ ਨਾਜ਼ੁਕ ਬਣੀ ਹੋਈ ਹੈ। ਪੁਲਿਸ ਨੇ ਮੁਸਤੈਦੀ ਦਿਖਾਉਂਦੇ ਹੋਏ ਇਸ ਮਾਮਲੇ ਵਿੱਚ ਦੋ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਵਾਰਦਾਤ ਵਿੱਚ ਵਰਤਿਆ ਵਾਹਨ ਵੀ ਜ਼ਬਤ ਕਰ ਲਿਆ ਹੈ।


ਵਾਰਦਾਤ ਦੇ ਮੁੱਖ ਚਸ਼ਮਦੀਦ ਰਾਜਵੀਰ ਸਿੰਘ ਨੇ ਪ੍ਰਸ਼ਾਸਨ 'ਤੇ ਵੱਡੇ ਸਵਾਲ ਚੁੱਕੇ ਹਨ। ਰਾਜਵੀਰ ਮੁਤਾਬਕ ਇਹ ਸਾਰਾ ਵਿਵਾਦ ਲੰਘੇ ਵੀਰਵਾਰ (11 ਜੂਨ) ਨੂੰ ਸ਼ੁਰੂ ਹੋਇਆ ਸੀ, ਜਦੋਂ ਉਹ ਅਤੇ 24 ਸਾਲਾ ਸਿਮਰਨਜੀਤ ਸਿੰਘ ਭਟੂਰੇ ਖਾਣ ਗਏ ਸਨ। ਉੱਥੇ 'ਗੁੱਲੂ' ਨਾਮ ਦੇ ਇੱਕ ਸਥਾਨਕ ਬਦਮਾਸ਼ ਨੇ ਆਪਣੇ ਗਿਰੋਹ ਨਾਲ ਮਿਲ ਕੇ ਸਿਮਰਨਜੀਤ 'ਤੇ ਜਾਨਲੇਵਾ ਹਮਲਾ ਕਰਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ ਸੀ। ਰਾਜਵੀਰ ਨੇ ਦੋਸ਼ ਲਾਇਆ ਕਿ ਘਟਨਾ ਸਬੰਧੀ ਪੁਲਿਸ ਨੂੰ ਤੁਰੰਤ ਸ਼ਿਕਾਇਤ ਦਿੱਤੀ ਗਈ ਸੀ, ਪਰ ਕੋਈ ਠੋਸ ਕਾਰਵਾਈ ਨਾ ਹੋਣ ਕਾਰਨ ਅਗਲੇ ਹੀ ਦਿਨ ਮੁਲਜ਼ਮਾਂ ਨੇ ਦੁਬਾਰਾ ਹਮਲਾ ਕਰ ਦਿੱਤਾ।


ਅਗਲੇ ਦਿਨ ਜਦੋਂ ਸਿਮਰਨਜੀਤ ਆਪਣੇ ਸਾਥੀ ਨਾਲ ਜ਼ਖ਼ਮਾਂ ਦੀ ਪੱਟੀ ਕਰਵਾਉਣ ਹਸਪਤਾਲ ਜਾ ਰਿਹਾ ਸੀ, ਤਾਂ ਬਾਈਕ ਅਤੇ ਐਕਟਿਵਾ 'ਤੇ ਸਵਾਰ ਹੋ ਕੇ ਆਏ 8 ਤੋਂ 9 ਹਥਿਆਰਬੰਦ ਨੌਜਵਾਨਾਂ ਨੇ ਉਨ੍ਹਾਂ ਨੂੰ ਰੋਕ ਲਿਆ। ਇਸ ਤੋਂ ਪਹਿਲਾਂ ਕਿ ਕੋਈ ਕੁਝ ਸਮਝ ਪਾਉਂਦਾ, ਗੁੱਲੂ ਗੈਂਗ ਨੇ ਪਿਸਤੌਲ ਕੱਢ ਕੇ ਸਿੱਧੀਆਂ ਗੋਲੀਆਂ ਚਲਾ ਦਿੱਤੀਆਂ। ਸਭ ਤੋਂ ਪਹਿਲੀ ਗੋਲੀ ਸਿਮਰਨਜੀਤ ਦੀ ਗਰਦਨ ਵਿੱਚ ਲੱਗੀ। ਇਸ ਤੋਂ ਬਾਅਦ ਹਮਲਾਵਰਾਂ ਨੇ ਉੱਥੇ ਮੌਜੂਦ ਸੌਰਵ (23) ਨਾਮ ਦੇ ਨੌਜਵਾਨ ਨੂੰ ਵੀ ਨਿਸ਼ਾਨਾ ਬਣਾਇਆ ਅਤੇ ਮੌਕੇ ਤੋਂ ਫ਼ਰਾਰ ਹੋ ਗਏ।


ਮ੍ਰਿਤਕ ਸਿਮਰਨਜੀਤ ਸਿੰਘ ਪੇਸ਼ੇ ਤੋਂ ਇਲੈਕਟ੍ਰੀਸ਼ੀਅਨ ਸੀ ਅਤੇ ਚਾਰ ਸਾਲ ਪਹਿਲਾਂ ਉਸ ਦਾ ਵਿਆਹ ਹੋਇਆ ਸੀ। ਪਰਿਵਾਰ ਵਿੱਚ ਉਸ ਦਾ ਇੱਕ ਡੇਢ ਸਾਲ ਦਾ ਮਾਸੂਮ ਪੁੱਤਰ ਹੈ। ਉਹ ਆਪਣੇ ਘਰ ਦਾ ਇਕੱਲਾ ਕਮਾਉਣ ਵਾਲਾ ਜੀਅ ਸੀ, ਜਿਸ ਦੀ ਮੌਤ ਤੋਂ ਬਾਅਦ ਪਤਨੀ ਅਤੇ ਬਜ਼ੁਰਗ ਮਾਂ ਦਾ ਰੋ-ਰੋ ਕੇ ਬੁਰਾ ਹਾਲ ਹੈ ਅਤੇ ਪੂਰੇ ਪਿੰਡ ਵਿੱਚ ਮਾਤਮ ਪਸਰ ਗਿਆ ਹੈ।


ਘਟਨਾ ਦੀ ਸੂਚਨਾ ਮਿਲਦਿਆਂ ਹੀ ਭਾਰਗਵ ਕੈਂਪ ਥਾਣੇ ਦੇ ਐਸ.ਐਚ.ਓ. ਅਤੇ ਏ.ਸੀ.ਪੀ. ਆਤਿਸ਼ ਭਾਟੀਆ ਭਾਰੀ ਪੁਲਿਸ ਬਲ ਨਾਲ ਮੌਕੇ 'ਤੇ ਪਹੁੰਚੇ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਏ.ਡੀ.ਸੀ.ਪੀ. ਸਿਟੀ-2 ਰਾਕੇਸ਼ ਯਾਦਵ ਨੇ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਐਫ.ਆਈ.ਆਰ. ਨੰਬਰ 136 ਤਹਿਤ ਸੰਗੀਨ ਧਾਰਾਵਾਂ ਹੇਠ ਕੇਸ ਦਰਜ ਕਰ ਲਿਆ ਗਿਆ ਹੈ। ਇਲਾਕੇ ਦੇ ਸੀਸੀਟੀਵੀ ਫੁਟੇਜ ਜ਼ਬਤ ਕਰਕੇ ਬਾਕੀ ਫ਼ਰਾਰ ਹਮਲਾਵਰਾਂ ਦੀ ਗ੍ਰਿਫ਼ਤਾਰੀ ਲਈ ਪੁਲਿਸ ਦੀਆਂ 4 ਵਿਸ਼ੇਸ਼ ਟੀਮਾਂ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕਰ ਰਹੀਆਂ ਹਨ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.