ਤਾਜਾ ਖਬਰਾਂ
ਲੁਧਿਆਣਾ ਦੇ ਸਭ ਤੋਂ ਸੁਰੱਖਿਅਤ ਅਤੇ ਸੰਵੇਦਨਸ਼ੀਲ ਇਲਾਕੇ ਮੰਨੇ ਜਾਣ ਵਾਲੇ ਜ਼ਿਲ੍ਹਾ ਅਦਾਲਤੀ ਕੰਪਲੈਕਸ (Judicial Complex) ਦੇ ਅੰਦਰ ਕਾਨੂੰਨ ਦੀਆਂ ਸ਼ਰੇਆਮ ਧੱਜੀਆਂ ਉਡਾਉਣ ਦਾ ਇੱਕ ਬੇਹੱਦ ਖ਼ੌਫ਼ਨਾਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਅਦਾਲਤੀ ਕਮਰੇ ਦੇ ਬਿਲਕੁਲ ਬਾਹਰ ਇੱਕ ਵਕੀਲ ਨੂੰ ਘੇਰ ਕੇ ਨਾ ਸਿਰਫ਼ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ, ਸਗੋਂ ਹਮਲਾਵਰਾਂ ਨੇ ਸ਼ਰੇਆਮ ਉਸ ਦੀ ਵਰਦੀ ਤੱਕ ਪਾੜ ਦਿੱਤੀ। ਇੰਨਾ ਹੀ ਨਹੀਂ, ਜਦੋਂ ਇੱਕ ਹੋਰ ਵਕੀਲ ਆਪਣੇ ਸਾਥੀ ਨੂੰ ਛੁਡਾਉਣ ਲਈ ਅੱਗੇ ਵਧਿਆ, ਤਾਂ ਬੇਖ਼ੌਫ਼ ਬਦਮਾਸ਼ਾਂ ਨੇ ਉਸ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਉਸ ਨੂੰ ਲਹੂ-ਲੁਹਾਨ ਕਰ ਦਿੱਤਾ।
ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਘੁਮਾਰ ਮੰਡੀ ਦੇ ਰਹਿਣ ਵਾਲੇ ਪੀੜਤ ਐਡਵੋਕੇਟ ਗੁਰਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਦਾਦਾ ਰਾਮ ਕੁਮਾਰ ਦਾ ਮੁਲਜ਼ਮ ਦਇਆਨੰਦ ਅਤੇ ਉਸ ਦੇ ਸਾਥੀਆਂ ਨਾਲ ਅਦਾਲਤ ਵਿੱਚ ਇੱਕ ਕੇਸ ਚੱਲ ਰਿਹਾ ਹੈ। ਬੀਤੀ 11 ਜੂਨ ਦੀ ਦੁਪਹਿਰ ਨੂੰ ਜਦੋਂ ਐਡਵੋਕੇਟ ਗੁਰਦੀਪ ਜੇ.ਐਮ.ਆਈ.ਸੀ. (JMIC) ਈਸ਼ਾ ਗੋਇਲ ਦੀ ਅਦਾਲਤ ਵਿੱਚ ਕੇਸ ਦੀ ਅਗਲੀ ਤਾਰੀਖ਼ ਪਤਾ ਕਰਨ ਗਏ ਸਨ, ਤਾਂ ਪਹਿਲਾਂ ਤੋਂ ਘਾਤ ਲਾ ਕੇ ਬੈਠੇ ਦਇਆਨੰਦ ਅਤੇ ਉਸ ਦੇ ਦੋ ਅਣਪਛਾਤੇ ਸਾਥੀਆਂ ਨੇ ਉਨ੍ਹਾਂ ਨੂੰ ਘੇਰ ਲਿਆ। ਮੁਲਜ਼ਮਾਂ ਨੇ ਪਹਿਲਾਂ ਗਾਲੀ-ਗਲੋਚ ਕੀਤਾ ਅਤੇ ਫਿਰ ਅਚਾਨਕ ਹਮਲਾ ਕਰਕੇ ਵਕੀਲ ਦੀ ਕੋਟ-ਵਰਦੀ ਫਾੜ ਦਿੱਤੀ।
ਕਚਹਿਰੀ ਕੰਪਲੈਕਸ ਵਿੱਚ ਚੀਕ-ਚਿਹਾਰਾ ਸੁਣ ਕੇ ਜਦੋਂ ਸਾਥੀ ਵਕੀਲ ਅਜੈ ਕੁਮਾਰ ਵਿਚ ਬਚਾਅ ਕਰਨ ਲਈ ਆਇਆ, ਤਾਂ ਗੁੱਸੇ ਵਿੱਚ ਆਏ ਮੁਲਜ਼ਮ ਦਇਆਨੰਦ ਨੇ ਉਸ 'ਤੇ ਤੇਜ਼ਧਾਰ ਹਥਿਆਰ ਕੱਢ ਕੇ ਜਾਨਲੇਵਾ ਹਮਲਾ ਕਰ ਦਿੱਤਾ। ਅਦਾਲਤ ਵਿੱਚ ਮੌਜੂਦ ਵਕੀਲਾਂ ਅਤੇ ਲੋਕਾਂ ਨੂੰ ਇੱਕਠੇ ਹੁੰਦੇ ਦੇਖ ਕੇ ਮੁਲਜ਼ਮ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਮੌਕੇ ਤੋਂ ਫ਼ਰਾਰ ਹੋ ਗਏ।
ਇਸ ਸ਼ਰਮਨਾਕ ਘਟਨਾ ਤੋਂ ਬਾਅਦ ਲੁਧਿਆਣਾ ਦੇ ਵਕੀਲਾਂ ਵਿੱਚ ਪ੍ਰਸ਼ਾਸਨ ਅਤੇ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਭਾਰੀ ਗੁੱਸਾ ਪਾਇਆ ਜਾ ਰਿਹਾ ਹੈ। ਥਾਣਾ ਡਵੀਜ਼ਨ ਨੰਬਰ 5 ਦੀ ਪੁਲਿਸ ਨੇ ਐਡਵੋਕੇਟ ਗੁਰਦੀਪ ਸਿੰਘ ਦੇ ਬਿਆਨਾਂ 'ਤੇ ਕਾਰਵਾਈ ਕਰਦਿਆਂ ਮੁਲਜ਼ਮ ਦਇਆਨੰਦ ਅਤੇ ਉਸ ਦੇ ਦੋ ਸਾਥੀਆਂ ਖ਼ਿਲਾਫ਼ ਬੀ.ਐਨ.ਐਸ. (BNS) ਦੀਆਂ ਸੰਬੰਧਿਤ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ। ਬਾਰ ਐਸੋਸੀਏਸ਼ਨ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਅਦਾਲਤਾਂ ਵਿੱਚ ਵਕੀਲ ਹੀ ਸੁਰੱਖਿਅਤ ਨਹੀਂ ਹਨ, ਤਾਂ ਆਮ ਜਨਤਾ ਦਾ ਕੀ ਬਣੇਗਾ। ਪੁਲਿਸ ਵੱਲੋਂ ਫ਼ਰਾਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
Get all latest content delivered to your email a few times a month.