ਤਾਜਾ ਖਬਰਾਂ
ਵੈਨੇਜ਼ੁਏਲਾ ਦੇ ਸਭ ਤੋਂ ਬਦਨਾਮ ਅਤੇ ਸ਼ਕਤੀਸ਼ਾਲੀ ਅਪਰਾਧਿਕ ਗਿਰੋਹ 'ਟ੍ਰੇਨ ਡੀ ਅਰਾਗੁਆ' (Tren de Aragua) ਨੂੰ ਲੈ ਕੇ ਇੱਕ ਬਹੁਤ ਵੱਡੀ ਖ਼ਬਰ ਸਾਹਮਣੇ ਆਈ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਾਅਵਾ ਕੀਤਾ ਹੈ ਕਿ ਅਮਰੀਕੀ ਫੌਜ ਨੇ ਇੱਕ ਗੁਪਤ ਆਪ੍ਰੇਸ਼ਨ ਦੌਰਾਨ ਇਸ ਅੰਤਰਰਾਸ਼ਟਰੀ ਗੈਂਗ ਦੇ ਮੁਖੀ ਹੈਕਟਰ ਰਸਟਨਫੋਰਡ ਗੁਰੇਰੋ ਫਲੋਰੇਸ ਉਰਫ਼ 'ਨੀਨੋ ਗੁਰੇਰੋ' ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ। ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ 'ਟਰੂਥ ਸੋਸ਼ਲ' (Truth Social) 'ਤੇ ਇਸ ਸਫਲ ਆਪ੍ਰੇਸ਼ਨ ਦੀ ਜਾਣਕਾਰੀ ਸਾਂਝੀ ਕੀਤੀ। ਹਾਲਾਂਕਿ, ਇਸ ਹਾਈ-ਪ੍ਰੋਫਾਈਲ ਕਾਰਵਾਈ 'ਤੇ ਅਜੇ ਤੱਕ ਵ੍ਹਾਈਟ ਹਾਊਸ, ਪੈਂਟਾਗਨ ਜਾਂ ਅਮਰੀਕੀ ਸਾਊਦਰਨ ਕਮਾਂਡ ਵੱਲੋਂ ਕੋਈ ਰਸਮੀ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਹੈ।
ਡੋਨਾਲਡ ਟਰੰਪ ਮੁਤਾਬਕ ਇਹ ਕਾਰਵਾਈ ਅਮਰੀਕੀ ਫੌਜ ਦੀ ਦੱਖਣੀ ਕਮਾਂਡ (US Southern Command) ਵੱਲੋਂ ਵੈਨੇਜ਼ੁਏਲਾ ਸਰਕਾਰ ਨਾਲ ਮਿਲ ਕੇ ਬੇਹੱਦ ਖ਼ੁਫ਼ੀਆ ਅਤੇ ਤੇਜ਼ ਰਫ਼ਤਾਰ ਨਾਲ ਨੇਪਰੇ ਚਾੜ੍ਹੀ ਗਈ। ਟਰੰਪ ਨੇ ਇੱਕ ਵੀਡੀਓ ਫੁਟੇਜ ਵੀ ਜਾਰੀ ਕੀਤੀ ਹੈ, ਜਿਸ ਵਿੱਚ ਇੱਕ ਇਮਾਰਤ ਧਮਾਕੇ ਤੋਂ ਬਾਅਦ ਅੱਗ ਦੀ ਲਪੇਟ ਵਿੱਚ ਦਿਖਾਈ ਦੇ ਰਹੀ ਹੈ। ਟਰੰਪ ਨੇ ਦੁਨੀਆ ਭਰ ਦੇ ਅਪਰਾਧੀਆਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਹੁਣ 'ਟ੍ਰੇਨ ਡੀ ਅਰਾਗੁਆ' ਦੇ ਅੱਤਵਾਦੀਆਂ ਲਈ ਕਿਧਰੇ ਵੀ ਲੁਕਣ ਦੀ ਜਗ੍ਹਾ ਨਹੀਂ ਬਚੀ ਹੈ ਅਤੇ ਅਮਰੀਕਾ ਹਰ ਦੇਸ਼ ਦੇ ਕੋਨੇ 'ਚੋਂ ਡਰੱਗ ਮਾਫੀਆ ਨੂੰ ਲੱਭ ਕੇ ਖ਼ਤਮ ਕਰੇਗਾ।
ਅਮਰੀਕਾ ਪਹਿਲਾਂ ਹੀ 'ਟ੍ਰੇਨ ਡੀ ਅਰਾਗੁਆ' ਨੂੰ ਇੱਕ ਅੱਤਵਾਦੀ ਸੰਗਠਨ ਐਲਾਨ ਚੁੱਕਾ ਹੈ। ਗੈਂਗਸਟਰ ਨੀਨੋ ਗੁਰੇਰੋ ਖ਼ਿਲਾਫ਼ ਨਿਊਯਾਰਕ ਦੀ ਫੈਡਰਲ ਕੋਰਟ ਵਿੱਚ ਨਸ਼ਾ ਤਸਕਰੀ, ਜਬਰੀ ਵਸੂਲੀ, ਕਤਲ ਅਤੇ ਅੱਤਵਾਦ ਨੂੰ ਹੱਲਾਸ਼ੇਰੀ ਦੇਣ ਵਰਗੇ ਕਈ ਸੰਗੀਨ ਮਾਮਲੇ ਦਰਜ ਸਨ। ਅਮਰੀਕੀ ਵਿਦੇਸ਼ ਵਿਭਾਗ ਨੇ ਗੁਰੇਰੋ ਨੂੰ ਫੜਵਾਉਣ ਜਾਂ ਉਸ ਬਾਰੇ ਪੁਖਤਾ ਜਾਣਕਾਰੀ ਦੇਣ ਵਾਲੇ ਲਈ 5 ਮਿਲੀਅਨ ਡਾਲਰ (ਲਗਭਗ 48 ਕਰੋੜ ਰੁਪਏ) ਦੇ ਵੱਡੇ ਇਨਾਮ ਦਾ ਐਲਾਨ ਕੀਤਾ ਹੋਇਆ ਸੀ।
ਇਸ ਖ਼ਤਰਨਾਕ ਗੈਂਗ ਦੀ ਸ਼ੁਰੂਆਤ ਵੈਨੇਜ਼ੁਏਲਾ ਦੀ 'ਟੋਕੋਰੋਨ ਜੇਲ੍ਹ' (Tocoron Prison) ਤੋਂ ਹੋਈ ਸੀ, ਜੋ ਹੌਲੀ-ਹੌਲੀ ਕੋਲੰਬੀਆ, ਪੇਰੂ, ਚਿਲੀ ਸਮੇਤ ਪੂਰੇ ਉੱਤਰੀ ਅਤੇ ਦੱਖਣੀ ਅਮਰੀਕਾ ਅਤੇ ਯੂਰਪ ਤੱਕ ਫੈਲ ਗਈ। ਸਤੰਬਰ 2023 ਵਿੱਚ ਵੈਨੇਜ਼ੁਏਲਾ ਦੀ ਫੌਜ ਨੇ 11,000 ਸੈਨਿਕਾਂ ਨਾਲ ਇਸ ਜੇਲ੍ਹ 'ਤੇ ਛਾਪਾ ਮਾਰ ਕੇ ਇਨ੍ਹਾਂ ਦਾ ਮੁੱਖ ਅੱਡਾ ਤਬਾਹ ਕਰ ਦਿੱਤਾ ਸੀ, ਪਰ ਨੀਨੋ ਗੁਰੇਰੋ ਸਮੇਤ ਕਈ ਆਗੂ ਫ਼ਰਾਰ ਹੋ ਗਏ ਸਨ। ਅਮਰੀਕੀ ਪ੍ਰਸ਼ਾਸਨ ਦਾ ਦੋਸ਼ ਹੈ ਕਿ ਹਾਲੀਆ ਦਿਨਾਂ ਵਿੱਚ ਅਮਰੀਕਾ ਦੇ ਕਈ ਵੱਡੇ ਸ਼ਹਿਰਾਂ ਵਿੱਚ ਵਧੀ ਹਿੰਸਾ ਅਤੇ ਗੈਰ-ਕਾਨੂੰਨੀ ਨਸ਼ਿਆਂ ਦੇ ਕਾਰੋਬਾਰ ਪਿੱਛੇ ਇਸੇ ਗੈਂਗ ਦਾ ਹੱਥ ਹੈ। ਅਜਿਹੇ ਵਿੱਚ ਇਸ ਸਰਗਣੇ ਦਾ ਮਾਰਿਆ ਜਾਣਾ ਅੰਤਰਰਾਸ਼ਟਰੀ ਅਪਰਾਧ ਜਗਤ ਲਈ ਇੱਕ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ।
Get all latest content delivered to your email a few times a month.