ਤਾਜਾ ਖਬਰਾਂ
ਦੇਸ਼ ਭਰ ਵਿੱਚ ਚੱਲ ਰਹੇ ਵਿਦਿਅਕ ਅਤੇ ਪ੍ਰੀਖਿਆ ਵਿਵਾਦਾਂ ਦੇ ਵਿਚਕਾਰ, ਹੁਣ 'ਕਾਕਰੇਟ ਜਨਤਾ ਪਾਰਟੀ' (CJP) ਪੰਜਾਬ ਵਿੱਚ ਸਰਗਰਮ ਹੋਣ ਜਾ ਰਹੀ ਹੈ। ਪਾਰਟੀ ਦੇ ਸੰਸਥਾਪਕ (Founder) ਅਭਿਜੀਤ ਦੀਪੀਕੇ ਨੇ ਖ਼ੁਦ ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਪੰਜਾਬ ਆਉਣ ਦਾ ਐਲਾਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਉਹ ਭਲਕੇ (ਸ਼ਨਿੱਚਰਵਾਰ) ਸ਼ਾਮ 4 ਵਜੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਮੁੱਖ ਪ੍ਰਵੇਸ਼ ਦੁਆਰ 'ਅੰਮ੍ਰਿਤਸਰ ਗੇਟ' ਵਿਖੇ ਪਹੁੰਚ ਰਹੇ ਹਨ, ਜਿੱਥੋਂ ਉਹ ਵਿਦਿਆਰਥੀਆਂ ਦੇ ਹੱਕ ਵਿੱਚ ਇੱਕ ਨਵੀਂ ਮੁਹਿੰਮ ਦਾ ਆਗਾਜ਼ ਕਰਨਗੇ।
ਅਭਿਜੀਤ ਦੀਪੀਕੇ ਨੇ ਪੰਜਾਬ ਦੇ ਨੌਜਵਾਨਾਂ ਅਤੇ ਖ਼ਾਸ ਕਰਕੇ ਵਿਦਿਆਰਥੀ ਵਰਗ ਨੂੰ ਵੱਡੀ ਗਿਣਤੀ ਵਿੱਚ ਇਕੱਠੇ ਹੋਣ ਦੀ ਅਪੀਲ ਕੀਤੀ ਹੈ। ਉਨ੍ਹਾਂ ਸਾਫ਼ ਕੀਤਾ ਕਿ ਇਸ ਇਕੱਠ ਦਾ ਮੁੱਖ ਮਕਸਦ NEET ਅਤੇ CBSE ਪ੍ਰੀਖਿਆਵਾਂ ਵਿੱਚ ਕਥਿਤ ਬੇਨਿਯਮੀਆਂ ਦਾ ਸਾਹਮਣਾ ਕਰ ਰਹੇ ਬੱਚਿਆਂ ਨੂੰ ਇਨਸਾਫ਼ ਦਿਵਾਉਣਾ ਹੈ। ਇਸ ਪ੍ਰਦਰਸ਼ਨ ਦੌਰਾਨ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਕੇਂਦਰ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹਿਆ ਜਾਵੇਗਾ।
ਸੀ.ਜੇ.ਪੀ. ਮੁਖੀ ਨੇ ਆਪਣੇ ਸੰਬੋਧਨ ਵਿੱਚ ਕਿਹਾ, "ਜੇਕਰ ਅਸੀਂ ਸਾਰੇ ਇੱਕਜੁੱਟ ਹੋ ਕੇ ਆਵਾਜ਼ ਬੁਲੰਦ ਕਰਾਂਗੇ, ਤਾਂ NEET ਅਤੇ CBSE ਦੇ ਪੀੜਤ ਬੱਚਿਆਂ ਨੂੰ ਨਿਆਂ ਮਿਲਣਾ ਤੈਅ ਹੈ।" ਉਨ੍ਹਾਂ ਨੇ ਸਾਰਿਆਂ ਨੂੰ ਇਸ ਪ੍ਰਦਰਸ਼ਨ ਨੂੰ ਪੂਰੀ ਤਰ੍ਹਾਂ ਸ਼ਾਂਤੀਪੂਰਨ ਰੱਖਣ ਦੀ ਤਾਕੀਦ ਕੀਤੀ ਅਤੇ ਆਪਣੇ ਲਾਈਵ ਸੰਬੋਧਨ ਦੀ ਸਮਾਪਤੀ 'ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ' ਦੇ ਜੈਕਾਰੇ ਨਾਲ ਕੀਤੀ।
ਸਿਆਸੀ ਮਾਹਰਾਂ ਮੁਤਾਬਕ, ਰਾਸ਼ਟਰੀ ਪੱਧਰ 'ਤੇ ਪ੍ਰੀਖਿਆਵਾਂ ਨੂੰ ਲੈ ਕੇ ਚੱਲ ਰਹੇ ਵਿਵਾਦ ਦਰਮਿਆਨ ਕਾਕਰੇਟ ਜਨਤਾ ਪਾਰਟੀ ਦੀ ਪੰਜਾਬ ਵਿੱਚ ਇਹ ਐਂਟਰੀ ਸੂਬੇ ਦੀ ਸਿਆਸਤ ਅਤੇ ਨੌਜਵਾਨਾਂ ਦੇ ਅੰਦੋਲਨ ਨੂੰ ਇੱਕ ਨਵਾਂ ਮੋੜ ਦੇ ਸਕਦੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਭਲਕੇ ਅੰਮ੍ਰਿਤਸਰ ਗੇਟ 'ਤੇ ਨੌਜਵਾਨਾਂ ਦਾ ਕਿੰਨਾ ਇਕੱਠ ਦੇਖਣ ਨੂੰ ਮਿਲਦਾ ਹੈ।
Get all latest content delivered to your email a few times a month.