IMG-LOGO
ਹੋਮ ਪੰਜਾਬ: ਪੰਜਾਬ 'ਚ ਕੁਦਰਤ ਦੇ ਬਦਲੇ ਤੇਵਰ: ਅੱਜ ਹਨੇਰੀ-ਤੂਫ਼ਾਨ ਅਤੇ ਗੜ੍ਹੇਮਾਰੀ...

ਪੰਜਾਬ 'ਚ ਕੁਦਰਤ ਦੇ ਬਦਲੇ ਤੇਵਰ: ਅੱਜ ਹਨੇਰੀ-ਤੂਫ਼ਾਨ ਅਤੇ ਗੜ੍ਹੇਮਾਰੀ ਦਾ 'ਆਰੇਂਜ ਅਲਰਟ', ਅਗਲੇ 3 ਦਿਨਾਂ ਲਈ ਚਿਤਾਵਨੀ ਜਾਰੀ

Admin User - Jun 12, 2026 11:08 AM
IMG

ਪੰਜਾਬ ਭਰ ਵਿੱਚ ਮੌਸਮ ਨੇ ਇੱਕ ਵਾਰ ਫਿਰ ਅਚਾਨਕ ਕਰਵਟ ਲੈ ਲਈ ਹੈ। ਮੌਸਮ ਵਿਭਾਗ ਵੱਲੋਂ ਅੱਜ ਸੂਬੇ ਦੇ ਕਈ ਹਿੱਸਿਆਂ ਵਿੱਚ ਭਾਰੀ ਹਨੇਰੀ, ਗਰਜ-ਚਮਕ ਅਤੇ ਗੜ੍ਹੇਮਾਰੀ ਨੂੰ ਲੈ ਕੇ 'ਆਰੇਂਜ ਅਲਰਟ' ਜਾਰੀ ਕੀਤਾ ਗਿਆ ਹੈ। ਇਸ ਦੌਰਾਨ 60 ਤੋਂ 70 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਝੱਖੜ ਚੱਲਣ ਦੀ ਸੰਭਾਵਨਾ ਹੈ। ਵਿਭਾਗ ਮੁਤਾਬਕ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਹੁਸ਼ਿਆਰਪੁਰ, ਬਠਿੰਡਾ ਅਤੇ ਮਾਨਸਾ ਦੇ ਦੂਰ-ਦੁਰਾਡੇ ਇਲਾਕਿਆਂ ਵਿੱਚ ਬੱਦਲ ਗਰਜਣ ਅਤੇ ਬਿਜਲੀ ਚਮਕਣ ਦੇ ਨਾਲ-ਨਾਲ ਭਾਰੀ ਗੜ੍ਹੇਮਾਰੀ ਹੋ ਸਕਦੀ ਹੈ।


ਸੂਬੇ ਦੇ ਬਾਕੀ ਹਿੱਸਿਆਂ ਜਿਵੇਂ ਤਰਨਤਾਰਨ, ਜਲੰਧਰ, ਕਪੂਰਥਲਾ, ਲੁਧਿਆਣਾ, ਪਟਿਆਲਾ, ਮੁਹਾਲੀ, ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਮੁਕਤਸਰ, ਮੋਗਾ, ਬਰਨਾਲਾ, ਸੰਗਰੂਰ, ਨਵਾਂਸ਼ਹਿਰ, ਫਤਿਹਗੜ੍ਹ ਸਾਹਿਬ ਅਤੇ ਰੂਪਨਗਰ ਵਿੱਚ ਵੀ ਮੌਸਮ ਖ਼ਰਾਬ ਰਹੇਗਾ। ਇਨ੍ਹਾਂ ਜ਼ਿਲ੍ਹਿਆਂ ਵਿੱਚ 60-70 ਕਿਲੋਮੀਟਰ ਦੀ ਰਫ਼ਤਾਰ ਨਾਲ ਝੱਖੜ ਚੱਲਣ ਅਤੇ ਗਰਜ-ਚਮਕ ਦੇ ਆਸਾਰ ਹਨ। ਇਸ ਦੇ ਨਾਲ ਹੀ ਪਠਾਨਕੋਟ, ਹੁਸ਼ਿਆਰਪੁਰ, ਰੂਪਨਗਰ ਅਤੇ ਮੁਹਾਲੀ ਦੇ ਜ਼ਿਆਦਾਤਰ ਇਲਾਕਿਆਂ ਸਮੇਤ ਪੂਰੇ ਪੰਜਾਬ ਵਿੱਚ ਹਲਕੀ ਤੋਂ ਮੱਧਮ ਬਾਰਿਸ਼ ਹੋਣ ਦੀ ਪੂਰੀ ਸੰਭਾਵਨਾ ਹੈ।


ਮੌਸਮ ਵਿਭਾਗ ਦੇ ਬੁਲੇਟਿਨ ਅਨੁਸਾਰ ਅਗਲੇ ਤਿੰਨ ਦਿਨਾਂ ਤੱਕ ਵੀ ਰਾਹਤ ਮਿਲਣ ਦੀ ਉਮੀਦ ਨਹੀਂ ਹੈ:


13 ਜੂਨ: ਪਠਾਨਕੋਟ, ਹੁਸ਼ਿਆਰਪੁਰ, ਨਵਾਂਸ਼ਹਿਰ, ਮੁਕਤਸਰ, ਬਠਿੰਡਾ, ਮਾਨਸਾ, ਰੂਪਨਗਰ ਅਤੇ ਮੁਹਾਲੀ ਵਿੱਚ 'ਯੈਲੋ ਅਲਰਟ' ਰਹੇਗਾ। ਇੱਥੇ 40 ਤੋਂ 50 ਕਿਲੋਮੀਟਰ ਦੀ ਰਫ਼ਤਾਰ ਨਾਲ ਹਵਾਵਾਂ ਚੱਲਣਗੀਆਂ ਅਤੇ ਮੀਂਹ ਪਵੇਗਾ। ਬਾਕੀ ਜ਼ਿਲ੍ਹਿਆਂ ਵਿੱਚ ਵੀ ਹਲਕੀ ਫੁਹਾਰ ਪੈ ਸਕਦੀ ਹੈ।


14 ਜੂਨ: ਸਰਹੱਦੀ ਅਤੇ ਮਾਲਵਾ ਪੱਟੀ ਦੇ ਜ਼ਿਲ੍ਹਿਆਂ (ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਮੁਕਤਸਰ, ਬਠਿੰਡਾ ਅਤੇ ਮਾਨਸਾ) ਵਿੱਚ 40-50 ਕਿਲੋਮੀਟਰ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਅਤੇ ਮੀਂਹ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।


15 ਜੂਨ: ਪਠਾਨਕੋਟ, ਅੰਮ੍ਰਿਤਸਰ, ਬਠਿੰਡਾ, ਬਰਨਾਲਾ, ਸੰਗਰੂਰ ਅਤੇ ਪਟਿਆਲਾ ਸਮੇਤ ਕਈ ਇਲਾਕਿਆਂ ਵਿੱਚ ਬੱਦਲਵਾਈ ਦੇ ਨਾਲ ਤੇਜ਼ ਹਵਾਵਾਂ ਚੱਲਣ ਅਤੇ ਹਲਕੇ ਤੋਂ ਮੱਧਮ ਮੀਂਹ ਦੀ ਭਵਿੱਖਬਾਣੀ ਕੀਤੀ ਗਈ ਹੈ।


ਜੇਕਰ ਤਾਪਮਾਨ ਦੀ ਗੱਲ ਕਰੀਏ ਤਾਂ ਬੀਤੇ ਦਿਨ ਪੰਜਾਬ ਦੇ ਔਸਤ ਵੱਧ ਤੋਂ ਵੱਧ ਤਾਪਮਾਨ ਵਿੱਚ 3.8 ਡਿਗਰੀ ਸੈਲਸੀਅਸ ਦਾ ਉਛਾਲ ਦੇਖਣ ਨੂੰ ਮਿਲਿਆ। ਹਾਲਾਂਕਿ, ਇਹ ਹਾਲੇ ਵੀ ਆਮ ਤਾਪਮਾਨ ਨਾਲੋਂ 2.1 ਡਿਗਰੀ ਸੈਲਸੀਅਸ ਘੱਟ ਬਣਿਆ ਹੋਇਆ ਹੈ। ਬੀਤੇ ਦਿਨ ਸੂਬੇ ਵਿੱਚ ਸਭ ਤੋਂ ਵੱਧ ਤਾਪਮਾਨ ਫਾਜ਼ਿਲਕਾ ਦੇ ਅਬੋਹਰ ਵਿੱਚ 42 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।


ਹੋਰਨਾਂ ਪ੍ਰਮੁੱਖ ਸ਼ਹਿਰਾਂ ਵਿੱਚ ਫਰੀਦਕੋਟ ਦਾ ਤਾਪਮਾਨ 41.5 ਡਿਗਰੀ, ਬਠਿੰਡਾ ਅਤੇ ਗੁਰਦਾਸਪੁਰ ਦਾ 41.0 ਡਿਗਰੀ, ਜਦਕਿ ਅੰਮ੍ਰਿਤਸਰ ਦਾ 40.9 ਡਿਗਰੀ ਸੈਲਸੀਅਸ ਰਿਹਾ। ਇਸੇ ਤਰ੍ਹਾਂ ਫਿਰੋਜ਼ਪੁਰ ਵਿੱਚ 40.8 ਡਿਗਰੀ, ਬੱਲੋਵਾਲ ਸੌਂਖੜੀ ਵਿੱਚ 39.3 ਡਿਗਰੀ, ਭਾਖੜਾ ਡੈਮ ਵਿੱਚ 38.2 ਡਿਗਰੀ, ਪਠਾਨਕੋਟ ਵਿੱਚ 38.1 ਡਿਗਰੀ ਅਤੇ ਹੁਸ਼ਿਆਰਪੁਰ ਵਿੱਚ 36.4 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ।


ਚੰਡੀਗੜ੍ਹ ਸਿਟੀ ਵਿੱਚ ਪਾਰਾ 36.0 ਡਿਗਰੀ, ਲੁਧਿਆਣਾ ਵਿੱਚ 35.2 ਡਿਗਰੀ, ਸੰਗਰੂਰ ਵਿੱਚ 34.9 ਡਿਗਰੀ, ਪਟਿਆਲਾ ਵਿੱਚ 34.8 ਡਿਗਰੀ, ਰੋਪੜ ਵਿੱਚ 34.5 ਡਿਗਰੀ ਅਤੇ ਮੁਹਾਲੀ ਵਿੱਚ ਸਭ ਤੋਂ ਘੱਟ 34.0 ਡਿਗਰੀ ਸੈਲਸੀਅਸ ਤਾਪਮਾਨ ਰਿਹਾ।


ਖ਼ਰਾਬ ਮੌਸਮ, ਬਿਜਲੀ ਲਿਸ਼ਕਣ ਅਤੇ ਤੇਜ਼ ਝੱਖੜ ਦੇ ਮੱਦੇਨਜ਼ਰ ਲੋਕਾਂ ਨੂੰ ਅਲਰਟ ਵਾਲੇ ਦਿਨਾਂ ਦੌਰਾਨ ਖ਼ਾਸ ਕਰਕੇ ਸਫ਼ਰ ਕਰਦੇ ਸਮੇਂ ਸਾਵਧਾਨੀ ਵਰਤਣ ਅਤੇ ਦਰੱਖਤਾਂ ਜਾਂ ਕਮਜ਼ੋਰ ਇਮਾਰਤਾਂ ਦੇ ਨੇੜੇ ਖੜ੍ਹੇ ਹੋਣ ਤੋਂ ਬਚਣ ਦੀ ਸਲਾਹ ਦਿੱਤੀ ਗਈ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.