ਤਾਜਾ ਖਬਰਾਂ
ਜਗਰਾਓਂ ਦੇ ਪਿੰਡ ਮਾਣੂੰਕੇ ਵਿੱਚ ਬੀਤੀ ਦੇਰ ਰਾਤ ਹਥਿਆਰਬੰਦ ਹਮਲਾਵਰਾਂ ਵੱਲੋਂ ਦਹਿਸ਼ਤ ਦਾ ਨੰਗਾ ਨਾਚ ਖੇਡਿਆ ਗਿਆ। ਇੱਥੇ ਆਮ ਆਦਮੀ ਪਾਰਟੀ (AAP) ਨਾਲ ਸਬੰਧਿਤ ਆਗੂ ਪ੍ਰਗਟ ਸਿੰਘ ਦੇ ਘਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਬੇਖ਼ੌਫ਼ ਬਦਮਾਸ਼ਾਂ ਨੇ ਅੰਨ੍ਹੇਵਾਹ 17 ਰਾਊਂਡ ਫਾਇਰਿੰਗ ਕੀਤੀ। ਵਾਰਦਾਤ ਦੇ ਸਮੇਂ ਘਰ ਦੇ ਅੰਦਰ ਇੱਕ ਮਹਿਲਾ ਅਤੇ ਮਾਸੂਮ ਬੱਚੀ ਮੌਜੂਦ ਸਨ, ਜੋ ਇਸ ਖ਼ੂਨੀ ਹਮਲੇ ਵਿੱਚ ਚਮਤਕਾਰੀ ਢੰਗ ਨਾਲ ਬਾਲ-ਬਾਲ ਬਚ ਗਈਆਂ। ਇਸ ਸਨਸਨੀਖੇਜ਼ ਘਟਨਾ ਤੋਂ ਬਾਅਦ ਪੂਰੇ ਇਲਾਕੇ ਵਿੱਚ ਸਹਿਮ ਅਤੇ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।
ਪੀੜਤ ਪ੍ਰਗਟ ਸਿੰਘ ਨੇ ਦੱਸਿਆ ਕਿ ਵਾਰਦਾਤ ਤੋਂ ਕੁਝ ਸਮਾਂ ਪਹਿਲਾਂ ਉਨ੍ਹਾਂ ਨੂੰ ਫੋਨ 'ਤੇ ਭੱਦੀਆਂ ਗਾਲਾਂ ਕੱਢੀਆਂ ਗਈਆਂ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ। ਇਸ ਤੋਂ ਬਾਅਦ ਰਾਤ ਦੇ ਕਰੀਬ 1:26 ਵਜੇ ਹਮਲਾਵਰਾਂ ਨੇ ਉਨ੍ਹਾਂ ਦੇ ਘਰ 'ਤੇ ਹਮਲਾ ਬੋਲ ਦਿੱਤਾ। ਪਰਿਵਾਰ ਦਾ ਦੋਸ਼ ਹੈ ਕਿ ਹਮਲਾਵਰਾਂ ਨੇ ਨਾ ਸਿਰਫ਼ ਕੰਧਾਂ 'ਤੇ ਗੋਲੀਆਂ ਚਲਾਈਆਂ, ਬਲਕਿ ਅੰਦਰ ਮੌਜੂਦ ਉਨ੍ਹਾਂ ਦੀ ਭੈਣ ਅਤੇ ਨੰਨੀ ਭਾਣਜੀ ਨੂੰ ਵੀ ਨਿਸ਼ਾਨਾ ਬਣਾਇਆ। ਪੀੜਤ ਪਰਿਵਾਰ ਨੇ ਸਵਾਲ ਚੁੱਕਿਆ ਕਿ ਜੇਕਰ ਇਸ ਹਮਲੇ ਵਿੱਚ ਕੋਈ ਜਾਨੀ ਨੁਕਸਾਨ ਹੋ ਜਾਂਦਾ, ਤਾਂ ਉਸਦਾ ਜ਼ਿੰਮੇਵਾਰ ਕੌਣ ਹੁੰਦਾ?
ਇਸ ਹਮਲੇ ਨੇ ਸਿਆਸੀ ਹਲਕਿਆਂ ਵਿੱਚ ਵੀ ਹਲਚਲ ਤੇਜ਼ ਕਰ ਦਿੱਤੀ ਹੈ। ਪ੍ਰਗਟ ਸਿੰਘ ਨੇ ਸਿੱਧਾ ਇਲਜ਼ਾਮ ਲਗਾਇਆ ਹੈ ਕਿ ਇਸ ਗੋਲੀਬਾਰੀ ਪਿੱਛੇ ਉਨ੍ਹਾਂ ਦੇ ਆਪਣੇ ਹੀ ਪਿੰਡ ਦੇ ਕੁਝ 'ਆਪ' ਆਗੂਆਂ ਦਾ ਹੱਥ ਹੈ। ਉਨ੍ਹਾਂ ਕਿਹਾ, "ਮੈਂ ਬਲਾਕ ਸੰਮਤੀ ਚੋਣਾਂ ਵਿੱਚ ਜਿਨ੍ਹਾਂ ਲੋਕਾਂ ਨੂੰ ਵੋਟਾਂ ਪਾ ਕੇ ਜਿਤਾਇਆ ਸੀ, ਅੱਜ ਉਹੀ ਮੇਰੀ ਜਾਨ ਦੇ ਦੁਸ਼ਮਣ ਬਣ ਗਏ ਹਨ।" ਪਿੰਡ ਵਾਸਿਆਂ ਨੇ ਵੀ ਇਸ ਘਟਨਾ 'ਤੇ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਜੇਕਰ ਰਾਤ ਦੇ ਹਨੇਰੇ ਵਿੱਚ ਇਸ ਤਰ੍ਹਾਂ ਸ਼ਰੇਆਮ ਗੋਲੀਆਂ ਚੱਲਣਗੀਆਂ, ਤਾਂ ਆਮ ਨਾਗਰਿਕ ਖ਼ੁਦ ਨੂੰ ਕਿਵੇਂ ਸੁਰੱਖਿਅਤ ਮਹਿਸੂਸ ਕਰਨਗੇ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਨਾ ਹਠੂਰ ਦੇ ਐਸ.ਐਚ.ਓ. (SHO) ਗੁਰਸੇਵਕ ਸਿੰਘ ਅਤੇ ਤਫਤੀਸ਼ੀ ਅਫ਼ਸਰ ਏ.ਐਸ.ਆਈ. (ASI) ਕੁਲਵੰਤ ਸਿੰਘ ਭਾਰੀ ਪੁਲਿਸ ਫੋਰਸ ਸਮੇਤ ਮੌਕੇ 'ਤੇ ਪਹੁੰਚੇ। ਪੁਲਿਸ ਨੇ ਘਟਨਾ ਸਥਾਨ ਦਾ ਜਾਇਜ਼ਾ ਲਿਆ ਹੈ। ਅਧਿਕਾਰੀਆਂ ਮੁਤਾਬਕ ਪ੍ਰਗਟ ਸਿੰਘ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ ਅਤੇ ਬਿਆਨਾਂ ਦੇ ਆਧਾਰ 'ਤੇ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
Get all latest content delivered to your email a few times a month.