ਤਾਜਾ ਖਬਰਾਂ
ਨਿਊ ਚੰਡੀਗੜ੍ਹ ਵਿੱਚ ਖੇਡੇ ਗਏ ਇਕੱਲੇ ਟੈਸਟ ਮੈਚ ਵਿੱਚ ਭਾਰਤੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਅਫ਼ਗਾਨਿਸਤਾਨ ਨੂੰ ਇਕ ਪਾਰੀ ਅਤੇ 300 ਦੌੜਾਂ ਦੇ ਵੱਡੇ ਫਰਕ ਨਾਲ ਹਰਾ ਦਿੱਤਾ। ਇਸ ਜਿੱਤ ਨਾਲ ਭਾਰਤ ਨੇ ਟੈਸਟ ਕ੍ਰਿਕਟ ਇਤਿਹਾਸ ਵਿੱਚ ਆਪਣੀ ਸਭ ਤੋਂ ਵੱਡੀ ਜਿੱਤ ਦਾ ਨਵਾਂ ਰਿਕਾਰਡ ਵੀ ਬਣਾਇਆ। ਇਸ ਤੋਂ ਪਹਿਲਾਂ ਭਾਰਤ ਦੀ ਸਭ ਤੋਂ ਵੱਡੀ ਟੈਸਟ ਜਿੱਤ 2018 ਵਿੱਚ ਰਾਜਕੋਟ ਵਿੱਚ ਵੈਸਟਇੰਡੀਜ਼ ਖ਼ਿਲਾਫ਼ ਇਕ ਪਾਰੀ ਅਤੇ 272 ਦੌੜਾਂ ਨਾਲ ਦਰਜ ਹੋਈ ਸੀ।
ਮੈਚ ਦੇ ਤੀਜੇ ਦਿਨ ਅਫ਼ਗਾਨਿਸਤਾਨ ਦੀ ਟੀਮ ਆਪਣੀ ਦੂਜੀ ਪਾਰੀ ਵਿੱਚ ਸਿਰਫ਼ 112 ਦੌੜਾਂ 'ਤੇ ਹੀ ਢੇਰ ਹੋ ਗਈ। ਇਸ ਤੋਂ ਪਹਿਲਾਂ ਭਾਰਤ ਨੇ ਆਪਣੀ ਪਹਿਲੀ ਪਾਰੀ 564 ਦੌੜਾਂ 'ਤੇ 8 ਵਿਕਟਾਂ ਦੇ ਨੁਕਸਾਨ 'ਤੇ ਘੋਸ਼ਿਤ ਕੀਤੀ ਸੀ। ਜਵਾਬ ਵਿੱਚ ਅਫ਼ਗਾਨਿਸਤਾਨ ਦੀ ਪਹਿਲੀ ਪਾਰੀ 152 ਦੌੜਾਂ 'ਤੇ ਸਿਮਟ ਗਈ, ਜਿਸ ਕਾਰਨ ਉਸ ਨੂੰ ਫਾਲੋਆਨ ਖੇਡਣਾ ਪਿਆ।
ਭਾਰਤੀ ਗੇਂਦਬਾਜ਼ਾਂ ਨੇ ਦੂਜੀ ਪਾਰੀ ਵਿੱਚ ਵੀ ਅਫ਼ਗਾਨ ਬੱਲੇਬਾਜ਼ਾਂ ਨੂੰ ਟਿਕਣ ਦਾ ਮੌਕਾ ਨਹੀਂ ਦਿੱਤਾ। ਵਾਸ਼ਿੰਗਟਨ ਸੁੰਦਰ ਨੇ 4 ਵਿਕਟਾਂ ਹਾਸਲ ਕੀਤੀਆਂ, ਜਦਕਿ ਕੁਲਦੀਪ ਯਾਦਵ ਨੇ 3 ਖਿਡਾਰੀਆਂ ਨੂੰ ਪਵੇਲਿਅਨ ਭੇਜਿਆ। ਆਪਣਾ ਡੈਬਿਊ ਕਰ ਰਹੇ ਮਾਨਵ ਸੁਥਾਰ ਅਤੇ ਮੁਹੰਮਦ ਸਿਰਾਜ ਨੇ ਵੀ ਇੱਕ-ਇੱਕ ਵਿਕਟ ਆਪਣੇ ਨਾਮ ਕੀਤੀ।
ਡੈਬਿਊ ਮੈਚ ਖੇਡ ਰਹੇ ਮਾਨਵ ਸੁਥਾਰ ਨੇ ਖਾਸ ਪ੍ਰਭਾਵ ਛੱਡਿਆ। ਉਸ ਨੇ ਅਫ਼ਗਾਨਿਸਤਾਨ ਦੀ ਪਹਿਲੀ ਪਾਰੀ ਵਿੱਚ 6 ਵਿਕਟਾਂ ਚਟਕਾਈਆਂ ਸਨ, ਜਦਕਿ ਦੂਜੀ ਪਾਰੀ ਵਿੱਚ ਇੱਕ ਹੋਰ ਵਿਕਟ ਲੈ ਕੇ ਮੈਚ ਵਿੱਚ ਕੁੱਲ 7 ਵਿਕਟਾਂ ਆਪਣੇ ਨਾਮ ਕੀਤੀਆਂ। ਭਾਰਤ ਦੇ ਹਰਫਨਮੌਲਾ ਪ੍ਰਦਰਸ਼ਨ ਨੇ ਮੈਚ ਨੂੰ ਪੂਰੀ ਤਰ੍ਹਾਂ ਇਕਤਰਫ਼ਾ ਬਣਾ ਦਿੱਤਾ ਅਤੇ ਟੀਮ ਨੇ ਇਤਿਹਾਸਕ ਜਿੱਤ ਦਰਜ ਕਰ ਲਈ।
Get all latest content delivered to your email a few times a month.