ਤਾਜਾ ਖਬਰਾਂ
ਹਿਮਾਚਲ ਪ੍ਰਦੇਸ਼ ਦੇ ਕਈ ਹਿੱਸਿਆਂ ਵਿੱਚ ਬੀਤੀ ਸ਼ੁੱਕਰਵਾਰ ਰਾਤ ਉਸ ਵੇਲੇ ਅਫ਼ਰਾ-ਤਫ਼ਰੀ ਮਚ ਗਈ, ਜਦੋਂ ਰਾਤ ਦੇ 10:04 ਵਜੇ ਭੂਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ। ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ (NCS) ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ, ਰਿਕਟਰ ਪੈਮਾਨੇ 'ਤੇ ਇਸ ਭੂਚਾਲ ਦੀ ਤੀਬਰਤਾ 5.0 ਮਾਪੀ ਗਈ ਹੈ। ਭੂਚਾਲ ਦਾ ਕੇਂਦਰ ਬਿੰਦੂ ਚੰਬਾ ਅਤੇ ਕਾਂਗੜਾ ਜ਼ਿਲ੍ਹੇ ਦੀ ਸਰਹੱਦ ਦੇ ਨੇੜੇ, ਧਰਮਸ਼ਾਲਾ ਖੇਤਰ ਵਿੱਚ ਜ਼ਮੀਨ ਦੇ ਅੰਦਰ ਮਹਿਜ਼ 5 ਕਿਲੋਮੀਟਰ ਦੀ ਡੂੰਘਾਈ 'ਤੇ ਸਥਿਤ ਸੀ।
ਭੂਚਾਲ ਦੇ ਝਟਕੇ ਇੰਨੇ ਤੇਜ਼ ਸਨ ਕਿ ਲੋਕ ਖ਼ੌਫ਼ ਦੇ ਮਾਰੇ ਆਪਣੇ ਘਰਾਂ ਅਤੇ ਉੱਚੀਆਂ ਇਮਾਰਤਾਂ ਤੋਂ ਬਾਹਰ ਖੁੱਲ੍ਹੇ ਮੈਦਾਨਾਂ ਵੱਲ ਭੱਜੇ। ਇਸ ਦਾ ਅਸਰ ਮੁੱਖ ਤੌਰ 'ਤੇ ਕਾਂਗੜਾ, ਧਰਮਸ਼ਾਲਾ, ਪਾਲਮਪੁਰ, ਬੈਜਨਾਥ, ਮੰਡੀ ਅਤੇ ਚੰਬਾ ਵਰਗੇ ਇਲਾਕਿਆਂ ਵਿੱਚ ਦੇਖਣ ਨੂੰ ਮਿਲਿਆ। ਰਾਹਤ ਦੀ ਗੱਲ ਇਹ ਰਹੀ ਕਿ ਦੇਰ ਰਾਤ ਤੱਕ ਕਿਸੇ ਵੀ ਪਾਸੋਂ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖ਼ਬਰ ਸਾਹਮਣੇ ਨਹੀਂ ਆਈ।
ਭੂ-ਵਿਗਿਆਨੀਆਂ ਮੁਤਾਬਕ, ਜਦੋਂ ਭੂਚਾਲ ਦਾ ਕੇਂਦਰ ਜ਼ਮੀਨ ਦੇ ਬਹੁਤ ਨਜ਼ਦੀਕ (ਘੱਟ ਡੂੰਘਾਈ 'ਤੇ) ਹੁੰਦਾ ਹੈ, ਤਾਂ ਉਸ ਦਾ ਪ੍ਰਭਾਵ ਅਤੇ ਕੰਪਨ ਬਹੁਤ ਜ਼ਿਆਦਾ ਮਹਿਸੂਸ ਹੁੰਦੀ ਹੈ। ਇਹੀ ਵਜ੍ਹਾ ਹੈ ਕਿ 5.0 ਤੀਬਰਤਾ ਵਾਲੇ ਇਸ ਭੂਚਾਲ ਨੇ ਪੂਰੇ ਸੂਬੇ ਨੂੰ ਹਿਲਾ ਕੇ ਰੱਖ ਦਿੱਤਾ। ਜੇਕਰ ਪਿਛਲੇ 20 ਸਾਲਾਂ ਦੇ ਰਿਕਾਰਡ 'ਤੇ ਨਜ਼ਰ ਮਾਰੀਏ ਤਾਂ ਹਿਮਾਚਲ ਵਿੱਚ ਜ਼ਿਆਦਾਤਰ 2 ਤੋਂ 4 ਤੀਬਰਤਾ ਦੇ ਹਲਕੇ ਝਟਕੇ ਹੀ ਆਉਂਦੇ ਰਹੇ ਹਨ, ਪਰ ਸ਼ੁੱਕਰਵਾਰ ਰਾਤ ਦਾ ਇਹ ਭੂਚਾਲ ਮੁਕਾਬਲਤਨ ਕਾਫ਼ੀ ਸ਼ਕਤੀਸ਼ਾਲੀ ਸੀ।
ਇਸ ਤਾਜ਼ਾ ਘਟਨਾ ਨੇ ਸਥਾਨਕ ਲੋਕਾਂ ਵਿੱਚ ਇੱਕ ਵਾਰ ਫਿਰ ਵੱਡੇ ਖ਼ਤਰੇ ਦਾ ਡਰ ਪੈਦਾ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਕਾਂਗੜਾ ਜ਼ਿਲ੍ਹਾ ਦੇਸ਼ ਦੇ ਸਭ ਤੋਂ ਸੰਵੇਦਨਸ਼ੀਲ 'ਸੀਸਮਿਕ ਜ਼ੋਨ-5' (ਭੂਚਾਲ ਦੇ ਸਭ ਤੋਂ ਵੱਧ ਖ਼ਤਰੇ ਵਾਲੇ ਖੇਤਰ) ਵਿੱਚ ਆਉਂਦਾ ਹੈ। ਇਤਿਹਾਸ ਦੇ ਪੰਨਿਆਂ ਨੂੰ ਫਰੋਲੀਏ ਤਾਂ ਸਾਲ 1905 ਵਿੱਚ ਕਾਂਗੜਾ ਵਿੱਚ 7.8 ਤੀਬਰਤਾ ਦਾ ਇੱਕ ਅਜਿਹਾ ਭਿਆਨਕ ਭੂਚਾਲ ਆਇਆ ਸੀ, ਜਿਸ ਨੇ ਹਜ਼ਾਰਾਂ ਇਮਾਰਤਾਂ ਮਿੱਟੀ ਵਿੱਚ ਮਿਲਾ ਦਿੱਤੀਆਂ ਸਨ ਅਤੇ ਕਰੀਬ 20,000 ਲੋਕਾਂ ਦੀ ਜਾਨ ਚਲੀ ਗਈ ਸੀ। ਮਾਹਿਰਾਂ ਦਾ ਕਹਿਣਾ ਹੈ ਕਿ ਲਗਾਤਾਰ ਆ ਰਹੇ ਇਹ ਛੋਟੇ ਝਟਕੇ ਕਿਸੇ ਵੱਡੇ ਭੂਚਾਲ ਦੀ ਚੇਤਾਵਨੀ ਵੀ ਹੋ ਸਕਦੇ ਹਨ, ਇਸ ਲਈ ਸੁਚੇਤ ਰਹਿਣ ਦੀ ਲੋੜ ਹੈ।
Get all latest content delivered to your email a few times a month.