ਤਾਜਾ ਖਬਰਾਂ
ਦਿੱਲੀ ਦੇ ਮਾਲਵੀਆ ਨਗਰ ਸਥਿਤ 'ਫਲੋਰਿਸ਼ ਸਟੇਅ' ਹੋਟਲ ਵਿੱਚ ਬੁੱਧਵਾਰ ਸਵੇਰੇ ਲੱਗੀ ਭਿਆਨਕ ਅੱਗ ਨੇ ਕਾਨੂੰਨੀ ਨਿਯਮਾਂ ਦੀਆਂ ਧੱਜੀਆਂ ਉਡਾਉਣ ਵਾਲੇ ਪ੍ਰਸ਼ਾਸਨ ਅਤੇ ਹੋਟਲ ਮਾਲਕਾਂ ਦੀ ਅਪਰਾਧਿਕ ਲਾਪਰਵਾਹੀ ਦੀ ਬਲੀ 21 ਮਾਸੂਮ ਲੋਕਾਂ ਨੂੰ ਚਾੜ੍ਹ ਦਿੱਤਾ ਹੈ। ਮਰਨ ਵਾਲਿਆਂ ਵਿੱਚ 11 ਵਿਦੇਸ਼ੀ ਨਾਗਰਿਕ ਅਤੇ ਗੁਰੂਗ੍ਰਾਮ ਦੇ ਇੱਕੋ ਪਰਿਵਾਰ ਦੇ 8 ਮੈਂਬਰ ਸ਼ਾਮਲ ਹਨ। ਹਾਦਸੇ ਦੌਰਾਨ ਹੋਟਲ ਦੀ ਤੀਜੀ ਮੰਜ਼ਿਲ 'ਤੇ ਫਸੇ ਗੁਰੂਗ੍ਰਾਮ ਦੇ ਚਾਰਟਰਡ ਅਕਾਊਂਟੈਂਟ (CA) ਵਿਵੇਕ ਅਗਰਵਾਲ ਨੇ ਦਮ ਘੁੱਟਣ ਤੋਂ ਬਿਲਕੁਲ ਪਹਿਲਾਂ ਆਪਣੇ ਭਰਾ ਨੂੰ ਫ਼ੋਨ 'ਤੇ ਆਖਰੀ ਸ਼ਬਦ ਕਹੇ, "ਭਰਾ, ਅਸੀਂ ਹੁਣ ਨਹੀਂ ਬਚ ਸਕਾਂਗੇ। ਚਾਰੇ ਪਾਸੇ ਸਿਰਫ਼ ਕਾਲਾ ਧੂੰਆਂ ਹੈ ਅਤੇ ਸਾਹ ਰੁਕ ਰਹੇ ਹਨ..."। ਇਸ ਤੋਂ ਕੁਝ ਮਿੰਟਾਂ ਬਾਅਦ ਹੀ ਵਿਵੇਕ ਸਮੇਤ ਉਨ੍ਹਾਂ ਦਾ ਪੂਰਾ ਪਰਿਵਾਰ ਹਮੇਸ਼ਾ ਲਈ ਮੌਤ ਦੀ ਨੀਂਦ ਸੌਂ ਗਿਆ।
ਗੁਰੂਗ੍ਰਾਮ ਦੇ ਸੈਕਟਰ 46 ਦੇ ਰਹਿਣ ਵਾਲੇ ਵਿਵੇਕ ਅਗਰਵਾਲ ਆਪਣੇ ਬਿਮਾਰ ਪਿਤਾ ਦੇ ਇਲਾਜ ਲਈ ਦਿੱਲੀ ਆਏ ਸਨ, ਜੋ ਸਾਕੇਤ ਦੇ ਮੈਕਸ ਹਸਪਤਾਲ ਵਿੱਚ ਦਾਖਲ ਹਨ। ਪਿਤਾ ਦੀ ਦੇਖਭਾਲ ਲਈ ਵਿਵੇਕ, ਉਨ੍ਹਾਂ ਦੀ ਪਤਨੀ ਤਰਜਨੀ, ਮਾਂ ਪ੍ਰੇਮਲਤਾ, ਦੋ ਮਾਸੂਮ ਧੀਆਂ ਜੀਵਸ਼ਾ ਤੇ ਵਰਿਆ, ਚਾਚਾ ਅਸ਼ੋਕ ਗੋਇਲ, ਮਾਸੀ ਕਮਲਾ ਅਤੇ ਇੱਕ ਹੋਰ ਰਿਸ਼ਤੇਦਾਰ ਝਾਵੇਰੀ ਇਸੇ ਹੋਟਲ ਵਿੱਚ ਰੁਕੇ ਹੋਏ ਸਨ। ਚਸ਼ਮਦੀਦਾਂ ਮੁਤਾਬਕ ਸਵੇਰੇ 8:30 ਵਜੇ ਜਦੋਂ ਅੱਗ ਲੱਗੀ ਤਾਂ ਬਿਜਲੀ ਗੁੱਲ ਹੁੰਦਿਆਂ ਹੀ ਹੋਟਲ ਦਾ ਸੈਂਸਰ ਆਧਾਰਿਤ ਮੁੱਖ ਗੇਟ ਜਾਮ ਹੋ ਗਿਆ, ਜਿਸ ਕਾਰਨ ਬਾਹਰ ਨਿਕਲਣ ਦਾ ਇੱਕੋ-ਇੱਕ ਰਸਤਾ ਬੰਦ ਹੋ ਗਿਆ। ਖਿੜਕੀਆਂ ਪੂਰੀ ਤਰ੍ਹਾਂ ਸੀਲ ਹੋਣ ਕਾਰਨ ਵੇਂਟੀਲੇਸ਼ਨ ਨਹੀਂ ਹੋ ਸਕੀ ਅਤੇ ਲੋਕ ਅੰਦਰ ਹੀ ਤੜਫਦੇ ਰਹੇ। ਹਸਪਤਾਲ ਦੇ ਬਾਹਰ ਮੌਜੂਦ ਰਿਸ਼ਤੇਦਾਰਾਂ ਨੇ ਦੱਸਿਆ ਕਿ ਲਾਸ਼ਾਂ ਇੰਨੀਆਂ ਬੁਰੀ ਤਰ੍ਹਾਂ ਸੜ ਚੁੱਕੀਆਂ ਹਨ ਕਿ ਉਨ੍ਹਾਂ ਦੀ ਪਛਾਣ ਕਰਨਾ ਅਸੰਭਵ ਹੈ, ਜਿਸ ਕਾਰਨ ਹੁਣ ਸ਼ਨਾਖ਼ਤ ਲਈ ਡੀਐਨਐਲ (DNA) ਟੈਸਟ ਕਰਵਾਇਆ ਜਾਵੇਗਾ।
ਮੁੱਢਲੀ ਜਾਂਚ ਵਿੱਚ ਹੋਟਲ ਪ੍ਰਸ਼ਾਸਨ ਦੇ ਲਾਲਚ ਦੀ ਖ਼ੌਫ਼ਨਾਕ ਕਹਾਣੀ ਸਾਹਮਣੇ ਆਈ ਹੈ। ਇਸ ਪੰਜ ਮੰਜ਼ਿਲਾ ਇਮਾਰਤ ਕੋਲ ਸਿਰਫ਼ 6 ਕਮਰੇ ਚਲਾਉਣ ਦੀ ਮਨਜ਼ੂਰੀ ਸੀ, ਪਰ ਮਾਲਕ ਨੇ ਨਜਾਇਜ਼ ਤੌਰ 'ਤੇ 25 ਤੋਂ ਵੱਧ ਕਮਰੇ ਬਣਾਏ ਹੋਏ ਸਨ। ਹੋਟਲ ਕੋਲ ਨਾ ਤਾਂ ਫਾਇਰ ਵਿਭਾਗ ਦੀ ਐਨਓਸੀ (NOC) ਸੀ ਅਤੇ ਨਾ ਹੀ ਸਮੋਕ ਡਿਟੈਕਟਰ ਜਾਂ ਫਾਇਰ ਅਲਾਰਮ ਕੰਮ ਕਰ ਰਹੇ ਸਨ। ਇੰਨਾ ਹੀ ਨਹੀਂ, ਗਰਾਊਂਡ ਫਲੋਰ 'ਤੇ ਭਾਰੀ ਮਾਤਰਾ ਵਿੱਚ ਐਲਪੀਜੀ (LPG) ਸਿਲੰਡਰ ਸਟੋਰ ਕੀਤੇ ਹੋਏ ਸਨ, ਜਿਨ੍ਹਾਂ ਨੇ ਅੱਗ ਨੂੰ ਹੋਰ ਭੜਕਾਇਆ। ਪੁਲਿਸ ਨੇ ਮੁੱਖ ਮੁਲਜ਼ਮ ਹੋਟਲ ਮਾਲਕ ਲਵਕੇਸ਼ ਬਜਾਜ ਨੂੰ ਗੈਰ-ਇਰਾਦਤਨ ਕਤਲ ਦੇ ਮਾਮਲੇ ਹੇਠ ਗ੍ਰਿਫ਼ਤਾਰ ਕਰ ਲਿਆ ਹੈ। ਗ੍ਰਿਫ਼ਤਾਰੀ ਤੋਂ ਬਾਅਦ ਮੁਲਜ਼ਮ ਨੇ ਬੇਹੱਦ ਸ਼ਰਮਨਾਕ ਬਿਆਨ ਦਿੰਦਿਆਂ ਕਿਹਾ, "ਦਿੱਲੀ ਵਿੱਚ ਅਜਿਹੀ ਮੋਡੀਫਿਕੇਸ਼ਨ ਆਮ ਗੱਲ ਹੈ, ਇੱਥੇ ਸਭ ਚੱਲਦਾ ਹੈ।"
ਇਸ ਭਿਆਨਕ ਤ੍ਰਾਸਦੀ ਦੇ ਵਿਚਕਾਰ ਸਥਾਨਕ ਲੋਕ ਫਰਿਸ਼ਤੇ ਬਣ ਕੇ ਸਾਹਮਣੇ ਆਏ। ਹੋਟਲ ਦੇ ਸਾਹਮਣੇ ਗੱਦਿਆਂ ਦੀ ਦੁਕਾਨ ਚਲਾਉਣ ਵਾਲੇ ਅਰਮਾਨ ਨੇ ਬਿਨਾਂ ਸਮਾਂ ਗੁਆਏ ਆਪਣੇ ਸਾਰੇ ਨਵੇਂ ਗੱਦੇ ਅਤੇ ਰਜਾਈਆਂ ਸੜਕ 'ਤੇ ਵਿਛਾ ਦਿੱਤੀਆਂ, ਜਿਸ ਕਾਰਨ ਉੱਪਰਲੀਆਂ ਮੰਜ਼ਿਲਾਂ ਤੋਂ ਛਾਲ ਮਾਰਨ ਵਾਲੇ ਕਈ ਲੋਕਾਂ ਦੀ ਜਾਨ ਬਚ ਗਈ। ਇਸ ਦੇ ਨਾਲ ਹੀ ਸਥਾਨਕ ਨੌਜਵਾਨਾਂ– ਅਫਜ਼ਲ, ਸ਼ਾਹਰੁਖ, ਅਨੀਸ, ਆਮਿਰ ਅਤੇ ਵਸੀਮ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਖਿੜਕੀਆਂ ਦੀਆਂ ਲੋਹੇ ਦੀਆਂ ਗਰਿੱਲਾਂ ਤੋੜ ਕੇ ਅਤੇ ਲੋਕਾਂ ਨੂੰ ਸੀਪੀਆਰ (CPR) ਦੇ ਕੇ ਲਗਭਗ 58 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ। ਇਸ ਬਚਾਅ ਕਾਰਜ ਦੌਰਾਨ 10 ਪੁਲਿਸ ਕਰਮਚਾਰੀ ਵੀ ਜ਼ਖਮੀ ਹੋਏ ਹਨ, ਜਦਕਿ 15 ਲੋਕਾਂ ਦੀ ਹਾਲਤ ਅਜੇ ਵੀ ਨਾਜ਼ੁਕ ਬਣੀ ਹੋਈ ਹੈ ਅਤੇ ਉਹ ਆਈਸੀਯੂ (ICU) ਵਿੱਚ ਜ਼ਿੰਦਗੀ ਦੀ ਜੰਗ ਲੜ ਰਹੇ ਹਨ।
Get all latest content delivered to your email a few times a month.